Punjab

ਸ਼੍ਰੋਮਣੀ ਅਕਾਲੀ ਦਲ ਨੇ ਸੰਦੂਕ ‘ਚੋਂ ਕੱਢੀਆਂ ਪੱਖੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕਈ ਥਾਈਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸੂਬੇ ਭਰ ਵਿੱਚ ਬਿਜਲੀ ਘਰਾਂ ਦੇ ਅੱਗੇ ਬਿਜਲੀ ਕੱਟ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਕਾਲੀ ਦਲ ਵੱਲੋਂ ‘ਪੱਖੀ ਵੰਡ ਮੁਹਿੰਮ’ ਦੀ ਸ਼ੁਰੂਆਤ ਕੀਤੀ ਗਈ ਹੈ। ਅਕਾਲੀ ਦਲ ਵੱਲੋਂ ਪ੍ਰਦਰਸ਼ਨ ਵਿੱਚ ਪੱਖੀਆਂ ਅਤੇ ਮੋਮਬੱਤੀਆਂ ਵੰਡੀਆਂ ਜਾ ਰਹੀਆਂ ਹਨ। ਅਕਾਲੀ ਦਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 6 ਮਹੀਨੇ ਔਖੇ-ਸੌਖੇ ਕੱਟ ਲਉ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਤਾਂ ਆਰਥਿਕ ਐਮਰਜੈਂਸੀ ਲੱਗਦੀ ਸੀ ਪਰ ਹੁਣ ਬਿਜਲੀ ਐਮਰਜੈਂਸੀ ਵੀ ਲੱਗ ਗਈ ਹੈ। ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਕਰ ਦਿੱਤੀ ਹੈ ਅਤੇ ਸਰਕਾਰ ਆਈਸੀਯੂ ਵਿੱਚ ਹੈ।

ਲੰਬੀ ਵਿੱਚ ਵੀ ਬਿਜਲੀ ਕੱਟਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਵੱਲੋਂ ਪਾਵਰ ਗਰਿੱਡ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਲੰਬੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਝੋਨਾ ਨਹੀਂ ਬੀਜ ਸਕਦੇ ਕਿਉਂਕਿ ਬਿਜਲੀ ਨਹੀਂ ਹੈ। ਘਰਾਂ ਵਿੱਚ ਬਿਜਲੀ ਕੱਟ ਲੱਗ ਰਹੇ ਹਨ, ਰਾਤ ਨੂੰ ਮੱਛਰ ਖਾਂਦੇ ਹਨ, ਇਸ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਅਸੀਂ 10 ਸਾਲਾਂ ਵਿੱਚ ਥਰਮਲ ਪਲਾਂਟ ਲਗਾਏ, 4 ਹਜ਼ਾਰ ਕਰੋੜ ਰੁਪਏ ਖਰਚ ਕਰਕੇ ਨਵੇਂ ਗਰਿੱਡ, ਨਵੀਆਂ ਲਾਈਨਾਂ ਲਗਵਾਈਆਂ। ਅਸੀਂ ਪੰਜਾਬ ਨੂੰ ਪਾਵਰ ਸਰਪਲੱਸ ਕੀਤਾ। ਪਰ ਕੈਪਟਨ ਚਾਰ ਸਾਲ ਸੁੱਤਾ ਰਿਹਾ, ਗਰਿੱਡ ਖਰਾਬ ਹੋ ਗਏ। ਆਪਣੀ ਸਰਕਾਰ ਵੇਲੇ ਮੈਂ ਹਰ ਸੋਮਵਾਰ ਮੀਟਿੰਗ ਕਰਦਾ ਸੀ ਅਤੇ ਹਰ ਰੋਜ਼ ਮੇਰੇ ਫੋਨ ਵਿੱਚ ਰਿਪੋਰਟ ਆਉਂਦੀ ਸੀ ਕਿ ਅੱਜ ਪੰਜਾਬ ਵਿੱਚ ਬਿਜਲੀ ਦੀ ਕਿੰਨੀ ਕੁ ਮੰਗ ਹੈ। ਕੈਪਟਨ ਸਰਕਾਰ ਲੁੱਟ ਮਚਾ ਰਹੀ ਹੈ। 6 ਮਹੀਨੇ ਰਹਿ ਗਏ ਹਨ, ਔਖੇ-ਸੌਖੇ ਹੋ ਕੇ ਟਪਾ ਲਉ। 6 ਮਹੀਨੇ ਤਾਂ ਮੈਂ ਆਪਣੀ ਗੱਡੀ ਵਿੱਚ ਬਿਸਤਰੇ ਰੱਖ ਲਏ ਹਨ ਅਤੇ ਵੱਖ-ਵੱਖ ਹਲਕਿਆਂ ਵਿੱਚ ਜਾਵਾਂਗਾ। ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਵਧੀਆ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਹੋਇਆ ਹੈ।

ਅਕਾਲੀ ਦਲ ਦੇ ਰੋਸ ਧਰਨਿਆਂ ਦੀ ਲੜੀ ‘ਚ ਸੁਖਬੀਰ ਬਾਦਲ ਫ਼ਾਜ਼ਿਲਕਾ ਵਿੱਚ ਚੱਲ ਰਹੇ ਧਰਨੇ ਵਿੱਚ ਵੀ ਸ਼ਾਮਿਲ ਹੋਏ। ਉੱਥੇ ਸੁਖਬੀਰ ਬਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਬਿਜਲੀ ਸਰਪਲੱਸ ਸੂਬਾ ਬਣਾਇਆ ਸੀ ਅਤੇ ਸਰਕਾਰ ਬਣਨ ‘ਤੇ ਮੁੜ ਪੰਜਾਬ ਨੂੰ ਵਿਕਾਸ ਦਾ ਪ੍ਰਤੀਕ ਚਿੰਨ੍ਹ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਹੈ।

ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਦੀ ਸੰਗਤ ਮੰਡੀ ਵਿੱਚ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਭਰੋਸੇ ਦਾ ਝੂਠ ਬੋਲਣ ਵਾਲਿਆਂ ਨੇ ਮਜ਼ਾਕ ਉਡਾਇਆ ਅਤੇ ਪੰਜਾਬ ਨੂੰ ਬਿਜਲੀ ਸੰਕਟ ‘ਚ ਪਹੁੰਚਾਉਣ ਵਾਲੀ ਕਾਂਗਰਸ ਸਰਕਾਰ ਨੂੰ ਇਸ ਦੀ ਸਜ਼ਾ ਮਿਲੇਗੀ।