‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ‘ਤੇ ਸੂਬੇ ਵਿੱਚ ਕਰੋਨਾ ਸਥਿਤੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਮੈਂ ਅਜੇ ਤੱਕ ਕਿਸੇ ਸਰਕਾਰ ਨੂੰ ਲੋਕਾਂ ਦੀਆਂ ਜਾਨਾਂ ‘ਤੇ ਘਪਲਾ ਕਰਦਿਆਂ ਨਹੀਂ ਵੇਖਿਆ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਆਪਣੇ-ਆਪ ਨੂੰ ਫੌਜੀ ਕਹਿੰਦਾ ਹੈ ਪਰ ਫੌਜੀ ਆਪਣੀ ਜਾਨ ਨੂੰ ਹੱਥ ਦੀ ਤਲੀ ‘ਤੇ ਰੱਖ ਕੇ ਆਪਣੇ ਦੇਸ਼ ਲਈ ਲੜਾਈ ਲੜਦੇ ਹਨ। ਫੌਜੀ ਉਹ ਨਹੀਂ ਹੁੰਦੇ ਜੋ ਆਪਣੇ ਘਰੇ ਲੁਕ ਜਾਣ ਅਤੇ ਲੋਕਾਂ ਨੂੰ ਕਹੇ ਕਿ ਤੁਸੀਂ ਲੜਾਈ ਲੜੋ। ਕੈਪਟਨ ਨੂੰ ਆਪਣੇ ਨਾਂ ਦੇ ਨਾਲ ਲਾਇਆ ਕੈਪਟਨ ਸ਼ਬਦ ਉਤਾਰ ਦੇਣਾ ਚਾਹੀਦਾ ਹੈ। ਡੇਢ ਸਾਲ ਹੋ ਗਏ, ਕੈਪਟਨ ਆਪਣੇ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ’।
ਸੁਖਬੀਰ ਬਾਦਲ ਨੇ ਕਿਹਾ ਕਿ ‘ਪੂਰੇ ਦੇਸ਼ ਵਿੱਚ ਹਾਹਾਕਾਰ ਮੱਚ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੰਨਾ ਮਾੜਾ ਕੰਮ ਕੀਤਾ ਹੈ। ਬਾਦਲ ਨੇ ਬਲਬੀਰ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਬਲਬੀਰ ਸਿੱਧੂ ਕਹਿੰਦੇ ਹਨ ਕਿ ਸਾਡੇ ਖਜ਼ਾਨੇ ਵਿੱਚ ਪੈਸੇ ਨਹੀਂ ਹਨ, ਇਸ ਲਈ ਸੋਚਿਆ ਪੈਸੇ ਕਮਾ ਲਈਏ। ਬਲਬੀਰ ਸਿੱਧੂ ਨੇ ਕਰੋੜਾਂ ਰੁਪਏ ਖਾ ਲਏ ਹਨ। ਪੰਜਾਬ ਸਰਕਾਰ ਨੇ ਡੇਢ ਸੌ ਕਰੋੜ ਰੁਪਏ ਇਕੱਲੇ ਆਪਣੇ ਇਸ਼ਤਿਹਾਰਾਂ ‘ਤੇ ਖਰਚਿਆ ਹੈ। ਕੈਪਟਨ ਨੇ ਇਸ਼ਤਿਹਾਰਾਂ ਵਿੱਚ ਆਪਣੀ ਫੋਟੋ ਦੇ ਨਾਲ ਲਿਖਿਆ ਹੈ ਕਿ ‘ਨਰੋਆ ਨਰੋਆ ਪੰਜਾਬ’, ਹਾਲਾਂਕਿ, ਇਨ੍ਹਾਂ ਨੂੰ ਲਿਖਣਾ ਚਾਹੀਦਾ ਸੀ ਕਿ ‘ਨਰੋਆ ਨਰੋਆ ਕਾਂਗਰਸੀ ਤੇ ਇਨ੍ਹਾਂ ਦੇ ਮੰਤਰੀ’।
ਸੁਖਬੀਰ ਬਾਦਲ ਨੇ ਕਿਹਾ ਕਿ ‘ਮੁੱਖ ਮੰਤਰੀ ਆਪਣੇ ਹੀ ਸੂਬੇ ਨੂੰ ਲੁੱਟ ਰਿਹਾ ਹੈ। ਜਿਨ੍ਹਾਂ ਬੰਦਿਆਂ ਨੂੰ ਆਕਸੀਜਨ ਦੀ ਲੋੜ ਨਹੀਂ ਹੈ, ਉਨ੍ਹਾਂ ਬੰਦਿਆਂ ਨੂੰ ਆਕਸੀਜਨ ਲਗਾ ਦਿੱਤੀ। ਸਭ ਤੋਂ ਵੱਡਾ ਲੁਟੇਰਾ, ਡਾਕੂ ਬਲਬੀਰ ਸਿੰਘ ਸਿੱਧੂ ਹੈ। ਮੇਰੇ ਕੋਲ ਬਲਬੀਰ ਸਿੱਧੂ ਦੇ 10 ਹੋਰ ਘਪਲੇ ਪਏ ਹਨ। ਮੈਂ ਸੋਚ ਰਿਹਾ ਹਾਂ ਕਿ ਹਰ ਹਫਤੇ ਸੋਮਵਾਰ ਨੂੰ ਮੈਂ ਉਸਦਾ ਇੱਕ ਘਪਲਾ ਦੱਸਿਆ ਕਰਾਂਗਾ। ਅਗਲੇ ਹਫਤੇ ਮੈਂ ਬਲਬੀਰ ਸਿੱਧੂ ਦਾ ਇੱਕ ਹੋਰ ਘਪਲਾ ਦੱਸਾਂਗਾ। ਜਿਵੇਂ ਦੇ ਹਾਲਾਤ ਪੰਜਾਬ ਵਿੱਚ ਹਨ, ਲੋਕ ਸਰਕਾਰੀ ਹਸਪਤਾਲਾਂ ਵਿੱਚ ਜਾਣ ਤੋਂ ਡਰਦੇ ਹਨ। ਕੈਪਟਨ ਨੇ ਸਾਰੇ ਪੰਜਾਬੀਆਂ ਦੀ ਪਿੱਠ ‘ਤੇ ਛੁਰਾ ਮਾਰਿਆ ਹੈ। 15 ਹਜ਼ਾਰ ਲੋਕਾਂ ਦੀਆਂ ਮੌਤਾਂ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਹੈ’।
ਸੁਖਬੀਰ ਬਾਦਲ ਨੇ ਕਿਹਾ ਕਿ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਲੋਕਾਂ ਨੂੰ ਕਰੋਨਾ ਟੀਕੇ ਮੁਫਤ ਲਗਾ ਰਹੀ ਹੈ ਪਰ ਪੰਜਾਬ ਸਰਕਾਰ ਪੈਸੇ ਕਮਾ ਰਹੀ ਹੈ। ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਔਖੀ ਘੜੀ ਵਿੱਚ ਇਕੱਲਾ ਨਹੀਂ ਛੱਡ ਸਕਦੇ। ਸੁਖਬੀਰ ਬਾਦਲ ਨੇ ਸ਼੍ਰੋਮਣੀ ਕਮੇਟੀ ਦਾ ਕੋਵਿਡ ਕੇਅਰ ਸੈਂਟਰ ਖੋਲ੍ਹਣ ‘ਤੇ ਧੰਨਵਾਦ ਕੀਤਾ’।