‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੈਸਟ ਅਧਿਆਪਕਾਂ ਨਾਲ ਰਲ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਮੂਹਰੇ ਰੋਸ ਧਰਨਾ ਦਿੱਤਾ। ਨਵਜੋਤ ਸਿੱਧੂ ਨੇ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਕੇਜਰੀਵਾਲ ਸਰਕਾਰ ਨੂੰ ਤਿੱਖੇ ਸਵਾਲ ਕੀਤੇ। ਸਿੱਧੂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਪੰਜਾਬ ਦੇ ਅੰਦਰ ਤਾਂ ਲੰਮੇ ਚੌੜੇ ਵਾਅਦੇ ਕਰ ਰਿਹਾ ਹੈ, ਪਰ ਦਿੱਲੀ ਵਿੱਚ ਕੱਚੇ ਅਧਿਆਪਕ ਸੜਕਾਂ ‘ਤੇ ਹਨ, ਜਿਨ੍ਹਾਂ ਦੀ ਕੇਜਰੀਵਾਲ ਸਾਰ ਨਹੀਂ ਲੈ ਰਹੇ। ਕੇਜਰੀਵਾਲ ਕੱਚੇ ਅਧਿਆਪਕਾਂ ਕੋਲੋਂ ਦਿਹਾੜੀ ਕਰਵਾ ਰਿਹਾ ਹੈ ਅਤੇ ਪੰਜਾਬ ਆ ਕੇ ਝੂਠ ਬੋਲ ਰਿਹਾ ਹੈ। ਕੇਜਰੀਵਾਲ ਪੰਜਾਬ ਦੇ ਅਧਿਆਪਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਪਹਿਲਾਂ ਆਪਣਾ ਘਰ (ਦਿੱਲੀ) ਸੰਭਾਲੇ।
ਸਿੱਧੂ ਨੇ “ਟੀਚਰ ਇੱਥੇ ਨੇ, ਕੇਜਰੀਵਾਲ ਕਿੱਥੇ ਨੇ”, “ਭੋਲੀ ਸੂਰਤ ਦਿਲ ਕੇ ਖੋਟੇ, ਨਾਮ ਬੜੇ ਔਰ ਦਰਸ਼ਨ ਛੋਟੇ”, “ਊਚੀ ਦੁਕਾਨ ਹੈ ਔਰ ਫੀਕਾ ਪਕਵਾਨ ਹੈ” ਅਤੇ “ਨੋਟੰਕੀ ਬੰਦ ਕਰੋ, ਝੂਠੇ ਵਾਅਦੇ ਬੰਦ ਕਰੋ” ਨਾਅਰੇ ਵੀ ਲਾਏ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਫੇਰੀ ਦੌਰਾਨ ਕੇਜਰੀਵਾਲ ਅਧਿਆਪਕਾਂ ਦੇ ਧਰਨੇ ਵਿੱਚ ਗਏ ਸਨ। ਸਿੱਧੂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਦਿੱਲੀ ਦੇ 22 ਹਜ਼ਾਰ ਗੈਸਟ ਟੀਚਰਾਂ ਨੂੰ ਖਰਾਬ ਕਰ ਰਹੇ ਹਨ।