Punjab

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਬੋਹਰ ‘ਚ ਰੋਸ ਮਾਰਚ, ਬਣੀ ਇਹ ਵਜ੍ਹਾ…

ਅਬੋਹਰ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਅੱਜ ਅਬੋਹਰ ਵਿੱਚ ਰੋਸ ਮਾਰਚ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਸਿੰਘ ਲਾਧੂਕਾ ਨੇ ਦੱਸਿਆ ਕਿ ਅਬੋਹਰ ਦੇ ਨਾਲ ਲੱਗਦੇ ਪਿੰਡ ਬੁਰਜ ਮੁਹਾਰ, ਰਹੂੜਿਆਂ ਵਾਲੀ, ਸੀਡ ਫਾਰਮ ਆਦਿ ਵਿਚੋਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਅਬਾਦ ਕੀਤੀ 2700 ਏਕੜ ਜ਼ਮੀਨ ਵਿਚੋਂ ਨਵੀਂ ਸੜਕ ਬਣਾਈ ਜਾ ਰਹੀ ਹੈ। ਇਸ ਸੜਕ ਬਣਾਉਣ ਨਾਲ ਸੈਂਕੜੇ ਮਜ਼ਦੂਰਾਂ ਦੇ ਘਰ ਵੀ ਉੱਜੜ ਜਾਣਗੇ।

ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਦਿੱਤੀ ਜਾ ਰਹੀ। ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਮੁਆਵਜ਼ਾ ਲੈਣ ਲਈ 14 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਨਸਾਫ਼ ਮਿਲਦਾ ਨਾ ਵੇਖ ਕੇ ਅੱਜ ਅਬੋਹਰ ਦੇ ਕਿਸਾਨ ਭਵਨ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੀਟਿੰਗ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮਰਥਨ ਕਰਨ ਲਈ ਮਤਾ ਪਾਸ ਕੀਤਾ ਗਿਆ ਹੈ। ਇਸ ਸੰਯੁਕਤ ਮੋਰਚਾ ਵਿੱਚ 20 ਦੇ ਕਰੀਬ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ।

ਇਸ ਪ੍ਰਦਰਸ਼ਨ ਵਿੱਚ ਆਜ਼ਾਦ ਕਿਸਾਨ ਮੋਰਚਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਖੋਸਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਸਾਨ ਯੂਨੀਅਨ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ,ਭਾਰਤੀ ਯੂਨੀਅਨ ਏਕਤਾ ਉਗਰਾਹਾਂ,ਜਮਹੂਰੀ ਕਿਸਾਨ ਸਭਾ, ਆਪਣੀ ਉਸਾਰੀ ਯੂਨੀਅਨ, ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਹੋਰ ਇਨਸਾਫ਼ ਪਸੰਦ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ।