Punjab

ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਸੂਬੇ ਭਰ ਵਿੱਚ ਰੋਸ ਮਾਰਚ

ਮੁਹਾਲੀ ਵਿੱਚ ਵੀ ਕੱਢਿਆ ਗਿਆ ਰੋਸ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਭਰ ਵਿੱਚ ਰੋਸ ਮਾਰਚ ਦਾ ਸੱਦਾ ਦਿੱਤਾ ਗਿਆ ਸੀ।ਜਿਸ ਦੇ ਤਹਿਤ ਅੱਜ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਾਲੀਆਂ ਦਸਤਾਰਾਂ ਬੰਨ ਤੇ ਬੀਬੀਆਂ ਨੇ ਸਿਰ ‘ਤੇ ਕਾਲੇ ਦੁੱਪਟੇ ਲੈ ਕੇ ਰੋਸ ਮਾਰਚ ਕੱਢਿਆ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਹਾਲੀ ਤੋਂ ਮੈਂਬਰ ਬੀਬੀ ਪਰਮਿੰਦਰ ਕੌਰ ਲਾਂਡਰਾਂ ਨੇ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਰਦਿਆਂ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦੇਣ ਲਈ ਕਸੂਰਵਾਰ ਠਹਿਰਾਇਆ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀ ਕਾਰਵਾਈ ਪੂਰੀ ਕਰ ਲਈ ਹੈ ਪਰ ਅਰਵਿੰਦ ਕੇਜਰੀਵਾਲ ਹੀ ਇਸ ਦਾ ਵਿਰੋਧ ਕਰ ਰਹੇ ਹਨ ਤੇ ਰਿਹਾਈ ਨਾਲ ਸਬੰਧਤ ਦਸਤਾਵੇਜਾਂ ‘ਤੇ ਦਸਤਖਤ ਕਰਨ ਤੋਂ ਟਾਲਾ ਵੱਟ ਰਹੇ ਹਨ।ਉਧਰ 30 ਸਾਲ ਤੋਂ ਜੇਲ੍ਹ ਵਿੱਚ ਸੜ ਰਹੇ ਬੰਦੀ ਸਿੰਘਾਂ ਵਿੱਚੋਂ ਇੱਕ ਪ੍ਰੌਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਤਾਂ ਆਪਣਾ ਮਾਨਸਿਕ ਸੰਤੁਲਨ ਵੀ ਗੁਆ ਬੈਠੇ ਹਨ।


ਉਹਨਾਂ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਲੜਾਈ ਲੜੀ ਹੈ ਤੇ ਅੱਗੇ ਵੀ ਲੜਦੀ ਰਹੇਗੀ।ਬਲਵੰਤ ਸਿੰਘ ਰਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੇ ਦਰਜੇ ਦੀ ਲੜਾਈ ਲੱੜੀ ਹੈ ਤੇ ਜੇ ਲੋੜ ਪਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬੀਬੀ ਲਾਂਡਰਾਂ ਨੇ ਇਹ ਵੀ ਕਿਹਾ ਕਿ ਕਮੇਟੀ ਨੂੰ ਅੱਜ ਦੇ ਰੋਸ ਮਾਰਚ ਲਈ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਹਿਯੋਗ ਮਿਲਿਆ ਹੈ।
ਕਾਂਗਰਸੀ ਆਗੂ ਰਵਨੀਤ ਬਿੱਟੂ ‘ਤੇ ਵਰਦਿਆਂ ਉਹਨਾਂ ਕਿਹਾ ਕਿ ਬਿੱਟੂ ਬਿਨਾਂ ਵਜਾ ਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰ ਰਿਹਾ ਹੈ।ਜਦੋਂ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾਂਦੇ ਹਨ ਤਾਂ ਉਹਨਾਂ ‘ਤੇ ਉਸ ਨੂੰ ਕੋਈ ਇਤਰਾਜ਼ ਨਹੀਂ,ਫਿਰ ਬੰਦੀ ਸਿੰਘਾਂ ਦੀ ਰਿਹਾਈ ‘ਤੇ ਇਤਰਾਜ਼ ਕਰਨ ਦੀ ਕੀ ਵਜਾ ਹੈ?