ਜੇਲ੍ਹਾਂ ‘ਚ ਡੱਕੇ ਨੌਜਵਾਨਾਂ ਦੀ ਰਿਹਾਈ ਲਈ ਕੀਤਾ ਰੋਸ ਮੁਜ਼ਾਹਰਾ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪੰਜ ਵਿਦਿਆਰਥੀ ਜਥੇਬੰਦੀਆਂ ਪੀ.ਐੱਸ.ਯੂ. ਲਲਕਾਰ, ਏ.ਆਈ.ਐੱਸ.ਐੱਫ, ਐੱਸ.ਐੱਫ.ਆਈ, ਪੀ.ਐੱਸ.ਯੂ ਤੇ ਪੀ.ਆਰ.ਐੱਸ.ਯੂ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਹੱਲੋਮਾਜਰਾ ‘ਚ ਇੱਕ ਛੇ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਵਿਰੋਧ ਵਿੱਚ ਲਾਇਬਰੇਰੀ ਦੇ ਸਾਹਮਣੇ ਇੱਕ ਰੋਸ ਮੁਜ਼ਾਹਰਾ ਕੀਤਾ ਗਿਆ।

ਜਾਣਕਾਰੀ ਅਨੁਸਾਰ ਥਾਣੇ ‘ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਵੀ ਪੁਲਿਸ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੇ ਆਹਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੱਚੀ ਦੀ ਪੋਸਟ-ਮਾਰਟਮ ਦੀ ਰਿਪੋਰਟ ‘ਚ ਵੀ ਡਾਕਟਰਾਂ ਨੇ ਦੋਸ਼ੀਆਂ ਦੇ ਪੱਖ ‘ਚ ਭੁਗਤਦਿਆਂ ਇਹ ਦਰਜ ਕੀਤਾ ਹੈ ਕਿ ਬੱਚੀ ਦਾ ਸਿਰਫ਼ ਕਤਲ ਹੋਇਆ ਹੈ, ਕਿਸੇ ਜ਼ੋਰ-ਜ਼ਬਰਦਸਤੀ ਵਰਗੀ ਕੋਈ ਗੱਲ ਨਹੀਂ ਵਾਪਰੀ ਹੈ। ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਭੜਕੇ ਸਥਾਨਕ ਲੋਕਾਂ ਨੇ ਰੋਸ ਵਜੋਂ ਚੰਡੀਗੜ੍ਹ-ਜ਼ੀਰਕਪੁਰ ਹਾਈਵੇਅ ਜਾਮ ਕਰ ਦਿੱਤਾ ‘ਤੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਮੌਕੇ ਸਥਾਨਕ ਲੋਕਾਂ ਨੇ ‘ਨੌਜਵਾਨ ਭਾਰਤ ਸਭਾ’ ਦੇ ਤੇ ਪੀ.ਐੱਸ.ਯੂ. ਲਲਕਾਰ ਦੇ ਸਾਥੀਆਂ ਨਾਲ ਸੰਪਰਕ ਕੀਤਾ ਤੇ ਪੂਰਾ ਮਾਮਲਾ ਉਹਨਾਂ ਦੇ ਧਿਆਨ ‘ਚ ਲਿਆਂਦਾ।

ਇਸ ਤੋਂ ਬਾਅਦ ਸਭਾ ਦੇ ਵੈਭਵ ਤੇ ਲਲਕਾਰ ਤੋਂ ਸਾਥੀ ਅਮਨਦੀਪ ਵੀ ਮੌਕੇ ‘ਤੇ ਪੁੱਜੇ। ਪੁਲਿਸ ਦੇ ਇਸ ਰਵੱਈਏ ਖ਼ਿਲਾਫ਼ ਲੋਕਾਂ ਦਾ ਰੋਹ ਭੜਕਿਆ ਰਿਹਾ ਤੇ ਪੁਲਿਸ ਨੇ ਲੰਬਾ ਸਮਾਂ ਕਿਸੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਦੀ ਮੰਗ ਸੀ ਕਿ ਕਥਿਤ ਦੋਸ਼ੀਆਂ ‘ਤੇ ਕਾਰਵਾਈ ਕਰਕੇ ਕੇਸ ‘ਫਾਸਟ ਟਰੈਕ ਕੋਰਟ’ ‘ਚ ਚਲਾਇਆ ਜਾਵੇ ਤੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

ਇਸ ਜਾਇਜ਼ ਮੰਗ ‘ਤੇ ਡਟੇ ਲੋਕਾਂ ਦੇ ਖਿਲ਼ਾਫ਼ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਨੇ ਲਾਠੀਚਾਰਜ਼ ਕੀਤਾ ਤੇ ਨੌਜਵਾਨ ਭਾਰਤ ਸਭਾ ਦੇ ਵੈਭਵ ਤੇ ਲਲਕਾਰ ਦੇ ਸਾਥੀ ਅਮਨਦੀਪ ਨੂੰ ਹਿਰਾਸਤ ‘ਚ ਲੈ ਲਿਆ ਤੇ ਉਹਨਾਂ ‘ਤੇ ਪਰਚਾ ਦਰਜ ਕੀਤਾ। ਦੋਵਾਂ ਸਾਥੀਆਂ ਦੇ ਨਾਲ ਓਥੋਂ ਦਾ ਇੱਕ ਹੋਰ ਨੌਜਵਾਨ ਗੋਪਾਲ ਵੀ ਪੁਲਿਸ ਨੇ ਹਿਰਾਸਤ ‘ਚ ਲਿਆ ਤੇ ਤਿੰਨਾਂ ‘ਤੇ ਪੁਲਸੀਆ ਤਸ਼ੱਦਦ (ਥਰਡ ਡਿਗਰੀ ਟਾਰਚਰ) ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਥਾਨਕ ਅਦਾਲਤ ਵੱਲੋਂ ਸਾਥੀਆਂ ਦੀ ਜਮਾਨਤ ਵੀ ਰੱਦ ਕਰ ਦਿੱਤੀ ਗਈ ਹੈ।

ਪੁਲਿਸ ਦੀ ਇਸ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਗ੍ਰਿਫ਼ਤਾਰ ਨੌਜਵਾਨ ਕਾਰਕੁੰਨਾ ਨੂੰ ਰਿਹਾਅ ਕਰਨ ਦੀ ’ਤੇ ਬੱਚੀ ਦੇ ਬਲਾਤਕਾਰੀਆਂ ਤੇ ਕਾਤਲਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ।