ਬਿਊਰੋ ਰਿਪੋਰਟ : ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ SFJ ਨੇ 8 ਜੁਲਾਈ ਨੂੰ ਅਮਰੀਕਾ,ਕੈਨੇਡਾ,ਇੰਗਲੈਂਡ,ਆਸਟੇਲੀਆ ਵਿੱਚ ਰੈਲੀ ਕੱਢਣ ਦਾ ਐਲਾਨ ਕੀਤਾ ਸੀ । ਜਿਸ ਨਾਲ ਨਜਿੱਠਣ ਦੇ ਲਈ ਭਾਰਤ ਦੇ ਕੂਟਨੀਤਿਕ ਮਿਸ਼ਨ ਵੱਲੋਂ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ । ਖਾਲਿਸਤਾਨ ਹਮਾਇਤੀਆਂ ਵੱਲੋਂ ਲੰਡਨ ਵਿੱਚ ਭਾਰਤੀ ਸਫਾਰਤਖਾਨੇ ਦੇ ਬਾਹਰ ਰੈਲੀ ਕੱਢਣ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਾਂਝੀ ਕੀਤੀ ਜਾ ਰਹੀ ਹੈ। ਇਨ੍ਹਾਂ ਪੋਸਟਰਾਂ ਦੇ ਜ਼ਰੀਏ 8 ਜੁਲਾਈ ਨੂੰ ‘ਕਿਲ ਇੰਡੀਆ’ ਨਾਂ ਨਾਲ ਰੈਲੀ ਦਾ ਐਲਾਨ ਕੀਤਾ ਗਿਆ ਹੈ । SFJ ਦੇ ਗੁਰਪਤਵੰਤ ਸਿੰਘ ਪੰਨੂ ਨੇ ਭਾਰਤੀ ਏਜੰਸੀਆਂ ‘ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇਲਜ਼ਾਮ ਲਗਾਇਆ ਸੀ । ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਭਾਰਤੀ ਕਾਉਂਸਲੇਟ ‘ਤੇ ਅੱਗ ਲਗਾਉਣ ਦੀ ਘਟਨਾ ਵੀ ਆਈ ਸੀ ਜਿਸ ਦੀ ਜਾਂਚ ਹੁਣ NIA ਨੂੰ ਸੌਂਪੀ ਗਈ ਹੈ। ਹੁਣ ਇਸ ਪੂਰੇ ਮਸਲੇ ‘ਤੇ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਦੇ ਸਖਤ ਰੁੱਖ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਨੇ ਕੈਨੇਡਾ ਨੂੰ ਵੱਡੀ ਨਸੀਹਤ ਦਿੱਤੀ ਹੈ ।
ਟਰੂਡੋ ਦਾ ਬਿਆਨ
ਭਾਰਤ ਖਿਲਾਫ ਪ੍ਰਦਰਸ਼ਨ ਅਤੇ ਡਿਪਲੋਮੈਟਸ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮਤੰਰੀ ਜਸਟਿਸ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਤੋਂ ਹਿੰਸਾ ਅਤੇ ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਹੈ । ਉਨ੍ਹਾਂ ਨੇ ਕਿਹਾ ਕੈਨੇਡਾ ਦੀ ਧਰਤੀ ‘ਤੇ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੈ,ਭਾਰਤ ਦੀ ਉਨ੍ਹਾਂ ਦੇ ਵੱਲ ਇਹ ਧਾਰਨਾ ਗਲਤ ਹੈ ਕਿ ਕੈਨੇਡਾ ਵਿੱਚ ਦਹਿਸ਼ਤਗਰਦ ਆਪਣੀ ਗਤਿਵਿਦਿਆਂ ਚੱਲਾ ਰਹੇ ਹਨ। ਪੀਐੱਮ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਵੱਖ ਸੋਚ ਰੱਖਣ ਵਾਲਾ ਮੁਲਕ ਹੈ,ਇੱਥੇ ਨਿੱਜੀ ਆਜ਼ਾਦੀ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ । ਭਾਰਤ ਵੱਲੋਂ ਕੈਨੇਡਾ ਦੀ ਧਰਤੀ ‘ਤੇ ਸਿੱਖਾਂ ‘ਤੇ ਸਵਾਲ ਚੁੱਕਣਾ ਗਲਤ ਹੈ । ਉਨ੍ਹਾਂ ਦਾ ਮੁਲਕ ਦਹਿਸ਼ਤਗਰਦੀ ਦੇ ਖਿਲਾਫ ਹੈ ਅਤੇ ਇਸ ‘ਤੇ ਗੰਭੀਰਤਾ ਨਾਲ ਐਕਸ਼ਨ ਲੈਂਦਾ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਪਲਟਵਾਰ
ਇਸ ਮੁੱਦੇ ‘ਤੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਸੀਂ ਯਕੀਨੀ ਤੌਰ ‘ਤੇ ਇਸ ਪੋਸਟਰ ਦਾ ਮੁੱਦਾ ਚੁੱਕਾਂਗੇ । ਵਿਦੇਸ਼ ਮੰਤਰੀ ਨੇ ਕਿਹਾ ਕੈਨੇਡਾ,ਅਮਰੀਕਾ,ਆਸਟ੍ਰੇਲੀਆ ਅਤੇ ਹੋਰ ਮੁਲਕਾਂ ਵਿੱਚ ਜਿੱਥੇ ਵੀ ਖਾਲਿਸਤਾਨੀ ਪੱਖੀਆਂ ਵੱਲੋਂ ਭਾਰਤ ਦੇ ਖਿਲਾਫ ਮੁਹਿੰਮ ਚਲਾਈ ਜਾਂਦੀ ਹੈ ਅਸੀਂ ਉਸ ‘ਤੇ ਸਖਤ ਇਤਰਾਜ਼ ਜ਼ਾਹਿਰ ਕਰਦੇ ਹਾਂ। ਉਨ੍ਹਾਂ ਕਿਹਾ ਅਜਿਹੀ ਵਿਚਾਰਧਾਰਾ ਨਾ ਤਾਂ ਉਸ ਦੇਸ਼ ਲਈ ਚੰਗੀ ਹੈ ਨਾ ਹੀ ਸਾਡੇ ਲਈ । 6 ਜੁਲਾਈ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਕੈਨੇਡਾ,ਅਮਰੀਕਾ,ਆਸਟ੍ਰੇਲੀਆ ਤੋਂ ਭਾਰਤੀ ਅਧਿਕਾਰੀਆਂ ਨੂੰ ਮਿਲ ਰਹੀ ਧਮਕੀ ‘ਤੇ ਸਖਤ ਇਤਰਾਜ਼ ਜਤਾਇਆ ਸੀ ।