‘ਦ ਖ਼ਾਲਸ ਬਿਊਰੋ :ਰੂਸ ਅਤੇ ਯੂਕਰੇਨ ਦੇ ਵਿਚਕਾਰ ਪਿਛਲੇ ਛੇ ਦਿਨਾਂ ਤੋਂ ਚਲ ਰਹੀ ਜੰਗ ਦੋਰਾਨ ਖਰਾਬ ਹੋ ਰਹੇ ਹਾਲਾਤਾਂ ਕਾਰਣ ,ਜਿੱਥੇ ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਏ ਬੱਚਿਆਂ ਦੇ ਮਾਪੇ ਚਿੰਤਤ ਹਨ,ਉਥੇ ਹੀ ਆਮ ਲੋਕਾਂ ਵੱਲੋਂ ਵੀ ਇਸ ਜੰਗ ਨੂੰ ਖ਼ਤਮ ਕਰਨ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਲਈ ਸਰਕਾਰਾਂ ਅੱਗੇ ਵਾਰ- ਵਾਰ ਅਪੀਲ ਕੀਤੀ ਜਾ ਰਹੀ ਹੈ। ਯੁਕਰੇਨ ਵਿੱਚ ਫਸੇ ਹੋਏ ਬੱਚਿਆਂ ਦੀਆਂ ਮਦਦ ਲਈ ਗੁਹਾਰ ਲਾਉਦਿਆਂ ਦੀਆਂ ਵੀਡਿਉ ਸੋਸ਼ਲ ਮੀਡੀਆ ਉਤੇ ਵਾਈਰਲ ਹੋਣ ਕਰਕੇ ਮਾਪਿਆਂ ਦੀਆਂ ਚਿੰਤਾ ਵੱਧਣਾ ਲਾਜ਼ਮੀ ਹੈ।
ਇਸੇ ਤਹਿਤ ਮਾਨਸਾ ਦੇ ਵਿੱਚ ਵੀ ਇਸਤਰੀ ਭਲਾਈ ਸਭਾ ਨੇ ਇਕ ਪ੍ਰਦਰਸ਼ਨ ਕੀਤਾ ਤੇ ਕੇਂਦਰ ਸਰਕਾਰ ਨੂੰ ਤੁਰੰਤ ਭਾਰਤ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ। ਇਹ ਰੋਸ ਪ੍ਰਦਰਸ਼ਨ ਬੱਸ ਸਟੈਂਡ ਚੌਕ ਮਾਨਸਾ ਵਿਖੇ ਰੂਸ ਅਤੇ ਯੂਕਰੇਨ ਦੀ ਜੰਗ ਦੇ ਦੌਰਾਨ ਯੂਕਰੇਨ ਦੇ ਵਿੱਚ ਫਸੇ ਹੋਏ ਭਾਰਤ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਭਾਰਤ ਲਿਆਉਣ ਦੀ ਮੰਗ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਕੀਤਾ ਗਿਆ । ਇਸਤਰੀ ਭਲਾਈ ਸਭਾ ਦੀਆਂ ਮੈਂਬਰਾਂ ਨੇ ਗਲਬਾਤ ਕਰਦੇ ਹੋਏ ਇਹ ਦਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਤਰਾਂ ਰੋਸ ਪ੍ਰਦਰਸ਼ਨ ਕਰਕੇ ਫਸੇ ਹੋਏ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਅਪੀਲ ਸਰਕਾਰ ਨੂੰ ਕੀਤੀ ਜਾਵੇ । ਯੂਕਰੇਨ ਵਿਚ ਆਪਣੇ ਚੰਗੇ ਭਵਿੱਖ ਦੇ ਲਈ ਪੜ੍ਹਾਈ ਕਰਨ ਦੇ ਲਈ ਗਏ ਵਿਦਿਆਰਥੀ ਬੰਕਰਾ ਵਿੱਚ ਭੁੱਖੇ ਭਾਣੇ ਬੈਠੇ ਟਾਈਮ ਪਾਸ ਕਰ ਰਹੇ ਹਨ ਤੇ ਆਪਣੀ ਜਾਨ ਦੀ ਸਲਾਮਤੀ ਲਈ ਭਾਰਤ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ ।