ਅੰਮ੍ਰਿਤਸਰ : ਮੰਡੀਆਂ ਵਿੱਚ ਬਾਸਮਤੀ ਦੀਆਂ ਡਿੱਗਦੀਆਂ ਕੀਮਤਾਂ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਕਿਸਾਨਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਅੰਮ੍ਰਿਤਸਰ ਦੇ ਕਿਸਾਨਾਂ ਨੇ ਅੱਜ DC ਦਫ਼ਤਰ ਦੇ ਸਾਹਮਣੇ ਬਾਸਮਤੀ ਸੁੱਟ ਕੇ ਪ੍ਰਦਰਸ਼ਨ ਕੀਤਾ। ਇਹ ਕਿਸਾਨ ਸ਼ੰਭੂ ਮੋਰਚੇ ਵਿੱਚ ਜਾਣ ਦੀ ਵੀ ਤਿਆਰੀ ਕਰ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਬਾਸਮਤੀ ਦਾ ਰੇਟ ਘੱਟ ਹੋਣ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਬਾਸਮਦੀ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ
ਬਾਸਮਤੀ ਦੀ ਕਿਸਮ 1509 ਅਤੇ 1692 ਦੀ ਬੇਕਿਰਕ ਤਰੀਕੇ ਨਾਲ ਮੰਡੀਆਂ ਵਿੱਚ ਹੋ ਰਹੀ ਲੁੱਟ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਆਗੂ ਮੰਗਜੀਤ ਸਿੰਘ ਸਿੱਧਵਾਂ ਨੇ ਸਾਥੀਆਂ ਸਮੇਤ ਡੀਸੀ ਦਫ਼ਤਰ ਅੱਗੇ ਫਸਲ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜਿਵੇਂ ਖੇਤੀਬਾੜੀ ਨੂੰ ਮਾਰਕੀਟ ਅਕਾਨਮੀ ਨਾਲ ਜੋੜਨ ਨੂੰ ਵਧੀਆ ਕਦਮ ਦੱਸ ਕੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸਦੀ ਇਸ ਵਾਰ ਪ੍ਰਾਈਵੇਟ ਖਿਡਾਰੀਆਂ ਵੱਲੋਂ ਕਿਸਾਨ ਦੀ ਬਾਸਮਤੀ ਦੀ ਅੱਧੇ ਮੁੱਲ ‘ਤੇ ਕੀਤੀ ਜਾ ਰਹੀ ਲੁੱਟ ਨੇ ਹਵਾ ਕੱਢ ਦਿੱਤੀ ਹੈ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਦੀ ਤਰੀਕ ਵਿੱਚ ਬਾਸਮਤੀ ਦਾ ਰੇਟ 2000 ਤੋਂ 2400 ਤੱਕ ਰਿਹਾ ਹੈ ਜਦਕਿ ਪਿਛਲੇ ਸਾਲ ਇਸੇ ਫਸਲ ਦਾ ਰੇਟ 3500-4000 ਰਿਹਾ ਸੀ, ਜਿਸ ਕਾਰਨ ਹਰ ਕਿਸਾਨ ਨੂੰ 25-30 ਹਜ਼ਾਰ ਦਾ ਸਿੱਧਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦਾ ਦਾਅਵਾ ਸੀ ਕਿ ਜੇ ਬਾਸਮਤੀ ਦਾ ਰੇਟ 3200 ਰੁਪਏ ਤੋਂ ਘਟੇਗਾ ਤਾਂ ਇਹ ਘਾਟਾ ਪੰਜਾਬ ਸਰਕਾਰ ਪੂਰਾ ਕਰੇਗੀ ਪਰ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਬਿਆਨ ਤੱਕ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬੀਆਂ ਨਾਲ ਧੱਕਾ ਕਰਨਾ ਬੰਦ ਕਰੇ ਜਦਕਿ ਕੌਮਾਂਤਰੀ ਮੰਡੀ ਵਿੱਚ ਬਾਸਮਤੀ ਦਾ ਰੇਟ ਪੂਰਾ ਮਿਲ ਰਿਹਾ ਹੈ ਤਾਂ ਕੀ ਪੰਜਾਬ ਦੀ ਬਾਸਮਤੀ ਨੂੰ ਕਿਸੇ ਬਦਲੇ ਦੀ ਭਾਵਨਾ ਤਹਿਤ ਰੋਲਿਆ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਇਸ ਵੇਲੇ ਵਾਅਦੇ ਅਨੁਸਾਰ ਕਿਸਾਨ ਦੀ ਮਦਦ ਲਈ ਅੱਗੇ ਆਵੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਾਸਮਤੀ ਦਾ ਰੇਟ ਨਾ ਵਧਾਇਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।