‘ਦ ਖ਼ਾਲਸ ਬਿਊਰੋ :ਯੂਕਰੇਨ ਤੇ ਰੂਸ ਦੇ ਹਮਲੇ ਕਾਰਣ ਜਿਥੇ ਉਥੇ ਫ਼ਸੇ ਵਿਦਿਆਰਥੀਆਂ ਦੀ ਸੁਰੱਖਿਆ ਖਤਰੇ ਵਿੱਚ ਹੈ,ਉਥੇ ਉਹਨਾਂ ਦੇ ਮਾਪਿਆਂ ਦੇ ਅਲੱਗ ਸਾਹ ਸੁਕੇ ਪਏ ਹਨ । ਕਿਰਤੀ ਕਿਸਾਨ ਯੂਨੀਅਨ ਨੇ ਇਸ ਸੰਬੰਧ ਵਿੱਚ ਇੱਕ ਪਹਿਲ ਕੀਤੀ ਹੈ। ਉਹਨਾਂ ਯੂਕਰੇਨ ਵਿੱਚ ਫਸੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤੇ ਹਨ ਤੇ ਇਸੇ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਖੰਡਾ ਪਾਰਕ ਵਿਚ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ,ਜਿਸ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ ।
ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਦਸਿਆ ਕਿ ਰੂਸ ਅਤੇ ਯੂਕਰੇਨ ਵਿੱਚ ਜੋ ਜੰਗ ਲੱਗੀ ਹੋਈ ਹੈ ਉਸ ਵਿੱਚ ਬਹੁਤ ਸਾਰੇ ਬੇਦੋਸ਼ੇ ਲੋਕ ਮਾਰੇ ਜਾ ਰਹੇ ਹਨ ,ਅਸੀਂ ਉਸ ਦਾ ਵਿਰੋਧ ਕਰਦੇ ਹਾਂ ਤੇ ਇਹ ਮੰਗ ਕਰਦੇ ਹਾਂ ਕਿ ਇਹ ਜੰਗ ਬੰਦ ਹੋਣੀ ਚਾਹੀਦੀ ਹੈ । ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੋ ਵਿਦਿਆਰਥੀ ਯੂਕ੍ਰੇਨ ਵਿਚ ਪਡ਼੍ਹਾਈ ਕਰਨ ਲਈ ਗਏ ਹੋਏ ਹਨ ਉਨ੍ਹਾਂ ਨੂੰ ਤੁਰੰਤ ਵਾਪਸ ਲਿਆਂਦਾ ਜਾਵੇ ।ਇਸ ਮੌਕੇ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸਾਡੇ ਸ੍ਰੀ ਮੁਕਤਸਰ ਸਾਹਿਬ ਦੇ ਲਗਪਗ 29 ਬੱਚੇ ਯੂਕਰੇਨ ਵਿੱਚ ਫਸੇ ਹੋਏ ਹਨ ਤੇ ਉਥੇ ਉਹਨਾਂ ਦੀ ਜਾਨ ਨੂੰ ਖਤਰਾ ਹੈ। ਭਾਰਤ ਸਰਕਾਰ ਤੇ ਰੂਸ ਦੇਸ਼ ਨਾਲ ਬਹੁਤ ਚੰਗੇ ਸਬੰਧ ਹਨ ਅਤੇ ਸਰਕਾਰ ਉਹਨਾਂ ਸਬੰਧਾਂ ਦੀ ਵਰਤੋਂ ਕਰੇ ਤੇ ਉਹ ਸਾਡੇ ਬੱਚਿਆਂ ਨੂੰ ਵਾਪਸ ਭਾਰਤ ਲਿਆਵੇ।