ਬਿਊਰੋ ਰਿਪੋਰਟ (ਪਠਾਨਕੋਟ, 13 ਅਕਤੂਬਰ 2025): ਪਠਾਨਕੋਟ ਦੇ ਲਦਪਾਲਵਾਂ ਟੋਲ ਪਲਾਜ਼ਾ ’ਤੇ ਅੱਜ ਮੁਲਾਜ਼ਮਾਂ ਨੇ ਤਬਾਦਲਿਆਂ ਦੇ ਵਿਰੋਧ ’ਚ ਧਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਸਮਰਥਨ ਨਾਲ ਟੋਲ ਪਲਾਜ਼ਾ ਦੀਆਂ ਤਿੰਨ ਲਾਈਨਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ (NH-54) ’ਤੇ ਟਰੈਫਿਕ ਪ੍ਰਭਾਵਿਤ ਹੋਇਆ ਹੈ।
ਇਹ ਵਿਰੋਧ ਟੋਲ ਪਲਾਜ਼ਾ ਦੇ ਉਹਨਾਂ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਬਿਨਾ ਤਨਖ਼ਾਹ ਵਾਧੇ ਦੇ ਕਰਨਾਟਕ ਵਰਗੇ ਦੂਰ-ਦਰਾਜ਼ ਸੂਬਿਆਂ ਵਿੱਚ ਤਬਾਦਲਾ ਕੀਤਾ ਗਿਆ ਹੈ। ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਟੋਲ ਪਲਾਜ਼ਾ ਕੰਪਨੀ ਪੰਜਾਬ ਦੇ ਕਰਮਚਾਰੀਆਂ ਨਾਲ ਨਾਇਨਸਾਫ਼ੀ ਕਰ ਰਹੀ ਹੈ।
ਕਰਮਚਾਰੀਆਂ ਨੇ ਕਿਹਾ ਹੈ ਕਿ ਜਦ ਤੱਕ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲਦਾ, ਇਹ ਧਰਨਾ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾ ਤਨਖ਼ਾਹ ਵਾਧੇ ਦੇ ਕਰਮਚਾਰੀਆਂ ਨੂੰ ਦੂਰ ਦੇ ਇਲਾਕਿਆਂ ‘ਚ ਭੇਜਣਾ ਕਿਸੇ ਵੀ ਤਰੀਕੇ ਨਾਲ ਕਬੂਲ ਨਹੀਂ।
ਧਰਨਾ ਕਾਰਨ ਟੋਲ ਪਲਾਜ਼ਾ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ, ਜਿਸ ਨਾਲ ਯਾਤਰੀਆਂ ਅਤੇ ਸਥਾਨਕ ਵਪਾਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਦਪਾਲਵਾਂ ਟੋਲ ਪਲਾਜ਼ਾ ਪਹਿਲਾਂ ਵੀ ਟੋਲ ਟੈਕਸ ਅਤੇ ਸਥਾਨਕ ਮਸਲਿਆਂ ਨੂੰ ਲੈ ਕੇ ਕਈ ਕਿਸਾਨ ਅਤੇ ਮਜ਼ਦੂਰ ਅੰਦੋਲਨਾਂ ਦਾ ਕੇਂਦਰ ਰਹਿ ਚੁੱਕਾ ਹੈ।
ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਨੇਤਾਵਾਂ ਨੇ ਵੀ ਕਰਮਚਾਰੀਆਂ ਦਾ ਸਮਰਥਨ ਕਰਦਿਆਂ ਕੰਪਨੀ ਪ੍ਰਸ਼ਾਸਨ ਤੋਂ ਇਹ ਨੀਤੀ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਸਥਾਨਕ ਪ੍ਰਸ਼ਾਸਨ ਅਤੇ ਟੋਲ ਕੰਪਨੀ ਵਿਚਾਲੇ ਗੱਲਬਾਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਪਰ ਅਜੇ ਤੱਕ ਕੋਈ ਢੁਕਵਾਂ ਹੱਲ ਸਾਹਮਣੇ ਨਹੀਂ ਆਇਆ।