Punjab

ਧਰਨਿਆਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚੀ ਤਾਂ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਦੋ ਨੌਜਵਾਨਾਂ ਨੇ ਚੁੱਕਿਆ ਆਹ ਕਦਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬੇਰੁਜ਼ਗਾਰ ਨੌਜਵਾਨਾਂ ਕੋਲ ਨੌਕਰੀ ਪਾਉਣ ਦੇ ਲਈ ਲੱਗਦਾ ਹੈ ਕਿ ਧਰਨਿਆਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਆਏ ਦਿਨ ਹੀ ਕਦੇ ਕਿਸੇ ਥਾਂ ਅਤੇ ਕਦੇ ਕਿਸੇ ਥਾਂ ਧਰਨੇ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਕਿਤੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਤਾਂ ਕਿਤੇ ਗ੍ਰਿਫਤਾਰੀਆਂ ਦੀ ਖ਼ਬਰ। ਇਸ ਸਭ ਦੇ ਵਿਚਾਲੇ ਸਰਕਾਰ ਤੋਂ ਅੱਕੇ ਕੁੱਝ ਨੌਜਵਾਨ ਮੌਤ ਨੂੰ ਚੁਣ ਰਹੇ ਹਨ। ਅਜਿਹੀ ਹੀ ਖ਼ਬਰ ਸੰਗਰੂਰ ਤੋਂ ਆ ਰਹੀ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਲੱਗੇ ਕਰੀਬ ਡੇਢ ਮਹੀਨੇ ਤੋਂ ਪੱਕੇ ਰੋਸ ਧਰਨੇ ਤੋਂ ਆ ਰਹੀ ਹੈ।

ਪੰਜਾਬ ਪੁਲਿਸ ਭਰਤੀ ਉਮੀਦਵਾਰਾਂ ਵਿਚੋਂ ਦੋ ਉਮੀਦਵਾਰਾਂ ਵੱਲੋਂ ਜੁਆਇਨਿੰਗ ਪੱਤਰ ਨਾ ਮਿਲਣ ਕਾਰਨ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੰਗਰੂਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਕੱਲ੍ਹ ਦੇਰ ਰਾਤ ਫਾਹਾ ਲਾ ਕੇ ਅਤੇ ਗੁਰਜੀਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਬੇਰੁਜ਼ਗਾਰ ਪੰਜਾਬ ਪੁਲਿਸ ਦੀ ਸਾਲ 2016 ਦੀ ਅਧੂਰੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸੰਗਰੂਰ ਵਿਖੇ ਕਰੀਬ ਡੇਢ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ।

ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਦੇ ਪ੍ਰਧਾਨ ਜਗਦੀਪ ਸਿੰਘ ਮੰਡੇਰ ਨੇ ਦੱਸਿਆ ਕਿ  ਗੁਰਜੀਤ ਸਿੰਘ ਲਹਿਲ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਜਦਕਿ ਦੂਜੇ ਉਮੀਦਵਾਰ ਗੁਰਦੀਪ ਸਿੰਘ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਖੇਤ ਵਿਚ ਪਹਿਲਾਂ ਮੋਟਰ ਦੀ ਤਾਰ ਨੂੰ ਹੱਥ ਲਾਇਆ ਪਰੰਤੂ ਬਿਜਲੀ ਨਾ ਹੋਣ ਕਾਰਨ ਬਚਾਓ ਹੋ ਗਿਆ ਫੇਰ ਉਸਨੇ ਆਪਣੀ ਪੱਗ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਪਤਾ ਲੱਗਣ ਉੱਤੇ ਬੇਰੁਜ਼ਗਾਰਾਂ ਵੱਲੋਂ ਉਸਨੂੰ ਰੋਕਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ।

ਉਹਨਾਂ ਦੱਸਿਆ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਪੁਲੀਸ ਭਰਤੀ 2016 ਦੀ ਵੇਟਿੰਗ ਅਤੇ 2017 ਦੀ ਵੈਰੀਫਿਕੇਸ਼ਨ ਕਲੀਅਰ ਕਰਕੇ ਨਿਯੁਕਤੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 14 ਜੁਲਾਈ ਨੂੰ ਸਵੇਰੇ 3 ਕੁੜੀਆਂ ਬਿਮਲਾ ਬਾਈ, ਹਰਦੀਪ ਕੌਰ, ਅਤੇ ਮਨਜੀਤ ਕੌਰ ਮਰਨ ਵਰਤ ਉੱਤੇ ਅਣਮਿੱਥੇ ਸਮੇਂ ਦੇ ਲਈ ਬੈਠੀਆਂ ਸਨ ਅਤੇ 15 ਜੁਲਾਈ ਨੂੰ 7 ਮੁੰਡੇ  ਜਿਨ੍ਹਾਂ ਵਿੱਚ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਮਹਾਂਵੀਰ ਸਿੰਘ, ਬਲਜੀਤ ਰਾਮ,  ਸੁਖਮਿੰਦਰ ਸਿੰਘ ਅਤੇ ਗੁਰਪਿਆਰ ਸਿੰਘ ਮਰਨ ਵਰਤ ਉਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਮਰਨ ਵਰਤ ਉੱਤੇ ਬੈਠੇ ਮੁੰਡੇ ਅਤੇ ਕੁੜੀਆਂ ਅਣਮਿੱਥੇ ਸਮੇਂ ਲਈ ਧਰਨੇ ਉੱਤੇ ਬੈਠੇ ਹਨ।