Punjab

ਬੀਜੇਪੀ ‘ਤੇ ਭਾਰੀ ਪਿਆ ਆਪਣੇ ਮੰਤਰੀ ਦਾ ਲਾਈਵ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਦੇ ਰਾਜਪੁਰਾ ਵਿੱਚ ਬੀਜੇਪੀ ਲੀਡਰ ਭੁਪੇਸ਼ ਅਗਰਵਾਲ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਵਾਰਡ ਨੰਬਰ 14 ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਮੌਕੇ ‘ਤੇ ਪਹੁੰਚੇ ਹੋਏ ਹਨ। ਪਟਿਆਲਾ ਦੇ ਨਾਲ ਦੇ ਜ਼ਿਲ੍ਹਿਆਂ ਦੀ ਪੁਲਿਸ ਵੀ ਉੱਥੇ ਪਹੁੰਚ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੇ ਹੱਲ ਲਈ ਵੱਖ-ਵੱਖ ਸੀਨੀਅਰ ਕਿਸਾਨ ਲੀਡਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਬੀਜੇਪੀ ਨੂੰ ਕਿਹਾ ਕਿ ਭੁਪੇਸ਼ ਅਗਰਵਾਲ ਸਾਰਿਆਂ ਦੇ ਸਾਹਮਣੇ ਮੁਆਫੀ ਮੰਗਣ, ਉਸ ਤੋਂ ਬਾਅਦ ਅਸੀਂ ਆਪਣਾ ਧਰਨਾ ਖਤਮ ਕਰ ਦਿਆਂਗੇ।

ਜ਼ੀਰਕਪੁਰ ਤੋਂ ਭਾਰਤੀ ਕਿਸਾਨ ਯੂਨੀਅਨ, ਸਿੱਧੂਪੁਰ ਦੇ ਲੀਡਰ ਵਿਵੇਕ ਭਾਰਤੀ ਨੇ ਕਿਹਾ ਕਿ ਅਸੀਂ ਕਦੋਂ ਦਾ ਹੀ ਕਹਿ ਰਹੇ ਹਾਂ ਕਿ ਮੁਆਫੀ ਮੰਗ ਕੇ ਜਲਦ ਮਸਲੇ ਨੂੰ ਖਤਮ ਕਰਨ। ਵਿਵੇਕ ਭਾਰਤੀ ਨੇ ਕਿਹਾ ਕਿ ਜੇ ਬੀਜੇਪੀ ਲੀਡਰ ਭੁਪੇਸ਼ ਅਗਰਵਾਲ ਨੂੰ ਖਤਰਾ ਹੈ ਕਿ ਅਸੀਂ ਉਨ੍ਹਾਂ ਨੂੰ ਕੁੱਟਾਂਗੇ ਜਾਂ ਫਿਰ ਉਨ੍ਹਾਂ ਨੂੰ ਮਾਰਾਂਗੇ ਤਾਂ ਉਹ ਆਪਣੇ ਘਰ ਦੇ ਬਨੇਰੇ ‘ਤੇ ਖੜ੍ਹੇ ਹੋ ਕੇ ਮੁਆਫੀ ਮੰਗਣ। ਅਸੀਂ ਉਦੋਂ ਤੱਕ ਧਰਨਾ ਦਿੰਦੇ ਰਹਾਂਗੇ, ਜਦੋਂ ਤੱਕ ਉਹ ਸਾਡੇ ਕੋਲੋਂ ਮੁਆਫੀ ਨਹੀਂ ਮੰਗ ਲੈਂਦੇ।

ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਅਸੀਂ ਬੀਜੇਪੀ ਲੀਡਰਾਂ ਦਾ ਵਿਰੋਧ ਕਰਾਂਗੇ। ਜਦੋਂ ਅਸੀਂ ਪਹਿਲਾਂ ਰਾਜਪੁਰਾ ਵਿੱਚ ਇਨ੍ਹਾਂ ਦਾ ਵਿਰੋਧ ਕੀਤਾ ਤਾਂ ਉੱਥੋਂ ਇਹ ਭੱਜ ਗਏ। ਬਾਅਦ ਵਿੱਚ ਇਨ੍ਹਾਂ ਨੇ ਲਾਈਵ ਆ ਕੇ ਸਾਨੂੰ ਚੈਲੇਂਜ ਕੀਤਾ ਕਿ ਇਹ ਚਾਰ ਵਜੇ ਵਾਰਡ ਨੰਬਰ 4 ‘ਤੇ ਆਵਾਂਗਾ ਤੇ ਤੁਹਾਡੇ ਤੋਂ ਜੋ ਹੁੰਦਾ, ਉਹ ਕਰ ਲੈਣਾ। ਸਾਡੀਆਂ ਬੀਬੀਆਂ ਨੂੰ ਇਨ੍ਹਾਂ ਨੇ ਗਾਲ੍ਹਾਂ ਕੱਢੀਆਂ, ਸਾਡੀਆਂ ਬੀਬੀਆਂ ਵੱਲ ਗੰਦੇ-ਗੰਦੇ ਇਸ਼ਾਰੇ ਕੀਤੇ। ਇਨ੍ਹਾਂ ਦੇ ਬੰਦਿਆਂ ਨੇ ਸਾਡੇ ਤਿੰਨ ਬੰਦਿਆਂ ‘ਤੇ ਪਿਸਤੌਲ ਕੀਤੀ ਸੀ। ਅਸੀਂ ਇਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਾਂ। ਸਾਡੇ ਤੋਂ ਗਲਤੀ ਹੋ ਗਈ ਕਿ ਅਸੀਂ ਇਨ੍ਹਾਂ ਨੂੰ ਲੀਡਰ ਬਣਾਇਆ। ਕਿਸੇ ਨੇ ਕੋਈ ਹੱਥ ਨਹੀਂ ਚੁੱਕਿਆ ਅਤੇ ਨਾ ਹੀ ਕੋਈ ਕੱਪੜੇ ਪਾੜੇ।

ਉੱਧਰ ਬੀਜੇਪੀ ਵੀ ਇਹ ਕਹਿ ਰਿਹਾ ਹੈ ਕਿ ਸਾਡੇ ਨਾਲ ਧੱਕਾਸ਼ਾਹੀ ਕੀਤੀ ਗਈ, ਸਾਡੇ ਹੀ ਬੰਦਿਆਂ ਨੂੰ ਕੁੱਟਿਆ ਗਿਆ ਤੇ ਹੁਣ ਸਾਡੇ ਕੋਲੋਂ ਹੀ ਮੁਆਫੀ ਮੰਗਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਇਸ ਮਸਲੇ ਨੂੰ ਜਲਦੀ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦਰਅਸਲ, ਪਟਿਆਲਾ ਦੇ ਰਾਜਪੁਰਾ ਵਿੱਚ ਕੱਲ੍ਹ ਕਿਸਾਨਾਂ ਨੇ ਬੀਜੇਪੀ ਦੇ ਸਥਾਨਕ ਲੀਡਰ ਭਾਵੇਸ਼ ਅਗਰਵਾਲ ਦਾ ਜ਼ਬਰਦਸਤ ਵਿਰੋਧ ਕੀਤਾ।