Punjab Religion

ਮਾਂ ਬੋਲੀ ਪੰਜਾਬੀ ਦੀ ਰੱਖਿਆ – ਸਮੇਂ ਦੀ ਲੋੜ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਮਹੱਤਵ ਇੱਕ ਵਿਅਕਤੀ ਲਈ ਮਾਂ ਅਤੇ ਧਰਤੀ ਵਰਗਾ ਹੈ। ਉਨ੍ਹਾਂ ਅਨੁਸਾਰ, ਪੰਜਾਬੀ ਭਾਸ਼ਾ ਦੀ ਸੰਭਾਲ ਸਾਡਾ ਫਰਜ਼ ਹੈ ਕਿਉਂਕਿ ਇਹ ਜਾਗਦੀਆਂ ਕੌਮਾਂ ਦੀ ਜਿੰਦ ਜਾਨ ਹੈ। ਉਨ੍ਹਾਂ ਚਿੰਤਾ ਜਤਾਈ ਕਿ ਪੰਜਾਬ ਦੇ ਕਈ ਸੀਬੀਐੱਸਈ ਸਕੂਲਾਂ ਵਿੱਚ ਪੰਜਾਬੀ ਨੂੰ ਵਿਕਲਪਿਕ ਬਣਾ ਕੇ ਅੰਗਰੇਜ਼ੀ ਅਤੇ ਹਿੰਦੀ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ, ਜੋ ਸਹੀ ਨਹੀਂ। ਇਹ ਪੰਜਾਬੀ ਪ੍ਰਤੀ ਅਣਗਹਿਲੀ ਨੂੰ ਦਰਸਾਉਂਦਾ ਹੈ।

ਜਥੇਦਾਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਸਕੂਲ ਵਿੱਚ ਨਰਸਰੀ ਤੋਂ ਪੰਜਾਬੀ ਪੜ੍ਹਾਈ ਯਕੀਨੀ ਬਣਾਵੇ, ਕਿਉਂਕਿ ਮੁੱਢਲੀ ਸਿੱਖਿਆ ਵਿੱਚ ਪੰਜਾਬੀ ਦੀ ਮਜ਼ਬੂਤ ਪਕੜ ਬੱਚਿਆਂ ਨੂੰ ਹੋਰ ਭਾਸ਼ਾਵਾਂ ਸਿੱਖਣ ਵਿੱਚ ਵੀ ਮਦਦ ਕਰਦੀ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੰਜਾਬੀ ਸਿੱਖਣ ਲਈ ਉਤਸ਼ਾਹਿਤ ਕਰਨ, ਕਿਉਂਕਿ ਗੁਰਬਾਣੀ ਗੁਰਮੁਖੀ ਵਿੱਚ ਹੈ ਅਤੇ ਇਸ ਨਾਲ ਜੁੜਨ ਲਈ ਪੰਜਾਬੀ ਜ਼ਰੂਰੀ ਹੈ।

ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਦੀ ਜਾਂਚ ਕਰਨ ਅਤੇ ਨਰਸਰੀ ਤੋਂ ਪੰਜਾਬੀ ਨਾ ਪੜ੍ਹਾਉਣ ਵਾਲੇ ਸਕੂਲਾਂ ਦੀ ਸੂਚੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਣ, ਤਾਂ ਜੋ ਕਾਰਵਾਈ ਹੋ ਸਕੇ।