Punjab

ਵਿਧਾਨ ਸਭਾ ਦੇ ਆਖ਼ਰੀ ਦਿਨ ਦੀ ਕਾਰਵਾਈ ਸ਼ੁਰੂ

ਵਿਧਾਨ ਸਭਾ ਦੇ ਆਖ਼ਰੀ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪ੍ਰਸ਼ਨਕਾਲ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਦੇ ਸਵਾਲ ਦਾ ਜਵਾਬ ਦਿੰਦੀਆਂ ਕਿਹਾ ਕਿ ਰਾਜਪੁਰਾ ਤੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਵਿੱਚ ਸੀਵਰੇਜ ਲਾਈਨਾਂ ਪਾਉਣ ਲਈ 7.72 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ ਇਸ ਵਿੱਚੋਂ 6 ਕਰੋੜ ਰੁਪਏ ਦਾ ਲੋਨ ਯੂਆਈਡੀਐਫ ਸਕੀਮ ਤਹਿਤ ਪ੍ਰਵਾਨ ਕੀਤਾ ਗਿਆ ਸੀ, ਜਦੋਂਕਿ ਲੋੜ ਪੈਣ ’ਤੇ ਬਾਕੀ ਫੰਡਾਂ ਦਾ ਪ੍ਰਬੰਧ ਨਗਰ ਪੰਚਾਇਤ ਰਾਜਪੁਰਾ ਵੱਲੋਂ ਕੀਤਾ ਜਾਵੇਗਾ। ਪੈਸ ਨੇ ਕਿਹਾ ਕਿ 3 ਮਾਰਚ 2026 ਤੱਕ ਅਲਾਟ ਕੀਤੇ ਹੋਏ ਕੰਮਾਂ ਦਾ 30 ਫੀਸਦ ਕੰਮ ਮੁਕੰਮਲ ਹੋ ਗਿਆ ਹੈ ਜਦੋਂਕਿ ਬਾਕੀ ਕੰਮ 31 ਅਕਤੂਬਰ ਤੱਕ ਪੂਰੇ ਕੀਤੇ ਜਾਣਗੇ।

ਸਰਕਾਰੀ ਸਕੂਲਾਂ ’ਚ ਲਾਈਬ੍ਰੇਰੀਅਨਾਂ ਦੀਆਂ 785 ਅਸਾਮੀਆਂ ਖ਼ਾਲੀ

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਲਾਈਬ੍ਰੇਰੀਅਨਾਂ ਦੀਆਂ ਕੁੱਲ 1860 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 1075 ਭਰੀਆਂ ਹੋਈਆਂ ਹਨ ਅਤੇ 785 ਖਾਲੀ ਪਈਆਂ ਹਨ। ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਐਫ.ਸੀ.ਆਈ. ਕੋਲ ਜਗ੍ਹਾ ਦੀ ਘਾਟ ਕਾਰਨ ਚੌਲਾਂ ਦੀ ਡਿਲੀਵਰੀ ਦੀ ਮਿਆਦ 30 ਸਤੰਬਰ ਤੱਕ ਵਧੀ: ਕਟਾਰੂਚੱਕ

ਖੁਰਾਕ ਅਤੇ ਨਾਗਰਿਕ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਖਰੀਫ ਸੀਜ਼ਨ 2025-26 ਬਾਰੇ ਜਾਣਕਾਰੀ ਦਿੱਤੀ ਕਿ ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਨੂੰ ਕੇਂਦਰੀ ਪੂਲ ਲਈ 105 ਲੱਖ ਮੀਟ੍ਰਿਕ ਟਨ ਚੌਲ ਡਿਲੀਵਰ ਕਰਨੇ ਹਨ। 7 ਅਗਸਤ 2026 ਤੱਕ 85.79 ਲੱਖ ਮੀਟ੍ਰਿਕ ਟਨ (81.21 ਫੀਸਦੀ) ਡਿਲੀਵਰੀ ਹੋ ਚੁੱਕੀ ਹੈ। ਬਾਕੀ ਡਿਲੀਵਰੀ ਵਿੱਚ ਦੇਰੀ ਦਾ ਮੁੱਖ ਕਾਰਨ ਐੱਫ.ਸੀ.ਆਈ. ਕੋਲ ਸਟੋਰੇਜ ਜਗ੍ਹਾ ਦੀ ਘਾਟ ਹੈ, ਇਸ ਲਈ ਭਾਰਤ ਸਰਕਾਰ ਨੇ ਮਿਲਿੰਗ ਅਤੇ ਡਿਲੀਵਰੀ ਦੀ ਮਿਆਦ 30 ਜੂਨ 2026 ਤੋਂ ਵਧਾ ਕੇ 30 ਸਤੰਬਰ 2026 ਤੱਕ ਕਰ ਦਿੱਤੀ ਹੈ।

ਸਿਹਤ ਬੀਮਾ ਯੋਜਨਾ ਅਧੀਨ 5.30 ਲੱਖ ਲੋਕਾਂ ਨੇ ਕਰਵਾਇਆ ਕੈਸ਼ਲੈੱਸ ਇਲਾਜ: ਡਾ. ਬਲਬੀਰ ਸਿੰਘ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਦੱਸਿਆ ਕਿ ਸੂਬੇ ਦੇ 65 ਲੱਖ ਪਰਿਵਾਰਾਂ ਵਿੱਚੋਂ 51.30 ਲੱਖ ਪਰਿਵਾਰ ਰਜਿਸਟਰ ਹੋ ਚੁੱਕੇ ਹਨ, ਜਿਸ ਨਾਲ ਲਗਭਗ 1.25 ਕਰੋੜ ਲੋਕ ਲਾਭ ਲੈ ਰਹੇ ਹਨ। ਹੁਣ ਤੱਕ 5.30 ਲੱਖ ਲੋਕਾਂ ਨੇ ਕੈਸ਼ਲੈੱਸ ਇਲਾਜ ਕਰਵਾਇਆ ਹੈ ਅਤੇ ਸਰਕਾਰ ਨੇ 1009.35 ਕਰੋੜ ਰੁਪਏ ਦੇ ਇਲਾਜ ਨੂੰ ਮਨਜ਼ੂਰੀ ਦਿੱਤੀ ਹੈ। ਯੋਜਨਾ ਅਧੀਨ 880 ਹਸਪਤਾਲਾਂ ਵਿੱਚੋਂ 657 ਨੂੰ ਸ਼ਾਮਲ ਕੀਤਾ ਗਿਆ ਹੈ ਅਤੇ 92 ਹੋਰ ਨੂੰ ਸੂਚੀਬੱਧ ਕੀਤਾ ਗਿਆ ਹੈ। ਇਹ ਉਪਰਾਲੇ ਸਿੱਖਿਆ, ਖੁਰਾਕ ਸੁਰੱਖਿਆ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇਸ਼ਾਰਾ ਕਰਦੇ ਹਨ।

9 ਬਿਲਾਂ ਬਾਰੇ ਵਿਧਾਨ ਸਭਾ ‘ਚ ਕੀ ਬੋਲੇ ਪ੍ਰਤਾਪ ਬਾਜਵਾ?

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਫਰ ਕਾਲ ਦੌਰਾਨ ਸਪੀਕਰ ਤੋਂ ਸੈਸ਼ਨ ਇਕ ਦੋ ਦਿਨਾਂ ਲਈ ਹੋਰ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਏਨੇ ਥੋੜ੍ਹੇ ਸਮੇਂ ਵਿੱਚ 9 ਬਿੱਲ ’ਤੇ ਚਰਚਾ ਮੁਸ਼ਕਲ ਹੈ। ਇਸਦੇ ਨਾਲ ਉਨ੍ਹਾਂ ਨੇ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ ਮੌਕੇ ਗੁਆਂਢੀ ਸੂਬਿਆਂ ਦੇ ਉਮੀਦਵਾਰਾਂ ਨੂੰ ਪੰਜਾਬ ਵਿੱਚ ਨੌਕਰੀ ਦੇਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਜੋ ਹਰਿਆਣਾ ਦੇ ਹਨ, ਨੂੰ ਪੰਜਾਬ ’ਚ ਨੌਕਰੀ ਦਿੱਤੀ ਗਈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਸਾਫ਼ ਕੀਤਾ ਕਿ 237 ਚੋ 13 ਉਮੀਦਵਾਰ ਹੀ ਹਰਿਆਣਾ ਦੇ ਹਨ।

ਸਪੀਕਰ ਨੂੰ ਬਿੱਲ ਪੇਸ਼ ਕਰਨ ਤੋਂ ਪਹਿਲਾਂ 15 ਦਿਨ ਪਹਿਲਾਂ ਲਿਆਉਣੇ ਚਾਹੀਦੇ ਹਨਖਹਿਰਾ

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅੱਜ ਨੌਂ ਬਿੱਲ ਪੇਸ਼ ਕੀਤੇ ਜਾਣੇ ਸਨ, ਅਤੇ ਉਨ੍ਹਾਂ ਨੂੰ ਪੜ੍ਹਨ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਸੀ। ਨੌਂ ਬਿੱਲਾਂ ਵਿੱਚੋਂ ਤਿੰਨ ਅੱਜ ਸਵੇਰੇ ਪ੍ਰਾਪਤ ਹੋਏ ਸਨ, ਅਤੇ ਇਹ ਬਿੱਲ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਸਬੰਧਤ ਹਨ। ਫਿਰ ਸਪੀਕਰ ਨੇ ਉਹ ਤਾਰੀਖਾਂ ਦੱਸੀਆਂ ਜਿਨ੍ਹਾਂ ‘ਤੇ ਸਾਰੇ ਬਿੱਲ ਜਾਰੀ ਕੀਤੇ ਗਏ ਸਨ। ਉਨ੍ਹਾਂ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਨੂੰ ਬਿੱਲਾਂ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਘੱਟੋ-ਘੱਟ 15 ਦਿਨ ਪਹਿਲਾਂ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਹਾਲਾਂਕਿ, ਬਾਅਦ ਵਿੱਚ ਵਿਧਾਨ ਸਭਾ ਨੂੰ ਦਿਨ ਭਰ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ।