Punjab

ਵਿਰੋਧੀਆਂ ‘ਤੇ ਖੂਬ ਵਰ੍ਹੇ ਪ੍ਰਿਅੰਕਾ ਗਾਂਧੀ, ਦੁਹਰਾਏ ਚੰਨੀ ਦੇ ਵਾਅਦੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਦੀ ਆਗੂ ਪ੍ਰਿਅੰਕਾ ਗਾਂਧੀ ਚੋਣ ਪ੍ਰਚਾਰ ਲਈ ਅੱਜ ਪੰਜਾਬ ਆਏ ਹਨ। ਪ੍ਰਿਅੰਕਾ ਗਾਂਧੀ ਨੇ ਕੋਟਕਪੂਰਾ ਪਹੁੰਚ ਕੇ ਕਾਂਗਰਸ ਪਾਰਟੀ ਦੇ ਸੋਹਲੇ ਗਾਏ। ਪ੍ਰਿਅੰਕਾ ਗਾਂਧੀ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੀ ਅਸਲੀਅਤ ਪਹਿਚਾਣਨ ਦੀ ਨਸੀਹਤ ਦਿੱਤੀ। ਵਿਰੋਧੀ ਪਾਰਟੀਆਂ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ, ਤੁਸੀਂ ਭਾਜਪਾ ਨੂੰ ਚੰਗੀ ਤਰ੍ਹਾਂ ਪਛਾਣਦੇ ਹੋ, ਜਿਨ੍ਹਾਂ ਨੇ ਤੁਹਾਡੀ ਇੱਕ ਨਹੀਂ ਸੁਣੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਆਪ ਪਾਰਟੀ ਆਰਐੱਸਐੱਸ ਤੋਂ ਉੱਭਰੀ ਹੈ। ਆਪ ਦੇ ਆਗੂ ਤਾਂ ਖੁਦ ਕਹਿੰਦੇ ਹਨ ਕਿ ਅਸੀਂ ਭਾਜਪਾ ਤੋਂ ਵੱਡੇ ਭਾਜਪਾ ਹਾਂ।

ਵਿਰੋਧੀਆਂ ‘ਤੇ ਵਰ੍ਹੇ ਪ੍ਰਿਅੰਕਾ ਗਾਂਧੀ

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕ ਅੰਦੋਲਨ ‘ਚ ਡਟੇ ਰਹੇ, ਕਿਸੇ ਦੇ ਸਾਹਮਣੇ ਨਹੀਂ ਝੁਕੇ, ਇਹੀ ਪੰਜਾਬੀਅਤ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਿੰਨਾ ਅੰਦੋਲਨ ਕੀਤਾ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਆਪ ‘ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਇੱਕ ਹੋਰ ਰਾਜਨੀਤਿਕ ਦਲ ਦਿੱਲੀ ਤੋਂ ਆਇਆ ਹੈ। ਪੰਜਾਬ ਵਾਸੀਆਂ ਨੂੰ ਦਿੱਲੀ ਮਾਡਲ ਦਿਖਾ ਰਹੇ ਹਨ, ਵੱਡੇ-ਵੱਡੇ ਇਸ਼ਤਿਹਾਰਾਂ ਵਿੱਚ ਤੁਹਾਡੇ ਅੱਗੇ ਆ ਕੇ ਦਿੱਲੀ ਮਾਡਲ ਦਾ ਪ੍ਰਚਾਰ ਕਰ ਰਹੇ ਹਨ। ਤੁਹਾਨੂੰ ਰੁਜ਼ਗਾਰ ਘਟਾਉਣ ਵਾਲੀ, ਕਿਸਾਨਾਂ ਨੂੰ ਕੁਚਲਣ ਵਾਲੀ, ਸਿੱਖਿਆ ਵਿੱਚ ਕੋਈ ਵੀ ਸੁਧਾਰ ਨਾ ਕਰਨ ਵਾਲੀ ਸਰਕਾਰ ਮਿਲੀਆਂ ਸਨ।

ਉਨ੍ਹਾਂ ਨੇ ਕਿਹਾ ਕਿ ਪੰਜ ਸਾਲ ਸਾਡੀ ਸਰਕਾਰ ਰਹੀ ਅਤੇ ਸਾਡੀ ਸਰਕਾਰ ਵਿੱਚ ਕਈ ਖਾਮੀਆਂ ਵੀ ਸਨ। ਉਹ ਸਰਕਾਰ ਪੰਜਾਬ ਵਿੱਚ ਚੱਲਣੀ ਬੰਦ ਹੋ ਗਈ ਅਤੇ ਉਹ ਸਰਕਾਰ ਦਿੱਲੀ ਤੋਂ ਸਾਡੀ ਸਰਕਾਰ ਚੱਲਣ ਲੱਗੀ। ਪਰ ਦਿੱਲੀ ਤੋਂ ਸਰਕਾਰ ਕਾਂਗਰਸ ਨਹੀਂ, ਭਾਜਪਾ ਚਲਾ ਰਹੀ ਸੀ। ਛੁਪੀ ਹੋਈ ਸਾਂਝ ਸਾਹਮਣੇ ਆਉਣ ਤੋਂ ਬਾਅਦ ਸਾਨੂੰ ਉਹ ਸਰਕਾਰ ਬਦਲਣੀ ਪਈ। ਅਸੀਂ ਜਾਣ ਗਏ ਸੀ ਕਿ ਕੁੱਝ ਗਲਤ ਹੋ ਰਿਹਾ ਹੈ, ਜਿਸਨੂੰ ਬਦਲਣ ਦੀ ਲੋੜ ਹੈ। ਇਸ ਨਵੀਂ ਰਾਜਨੀਤੀ ਵਿੱਚ ਤੁਹਾਨੂੰ ਤੁਹਾਡੇ ਵਰਗੇ ਸ਼ਖਸ ਚਰਨਜੀਤ ਸਿੰਘ ਚੰਨੀ ਮਿਲੇ, ਜੋ ਤੁਹਾਡੇ ਵਾਂਗ ਹੀ ਹੈ। ਉਹ ਸਮਝਦੇ ਹਨ ਕਿ ਪੰਜਾਬ ਦੀ ਸਰਕਾਰ ਪੰਜਾਬ ਤੋਂ ਹੀ ਚੱਲਣੀ ਚਾਹੀਦੀ ਹੈ। ਉਨ੍ਹਾਂ ਨੇ ਕੁੱਝ ਦਿਨਾਂ ਵਿੱਚ ਹੀ ਤੁਹਾਡੇ ਲਈ ਕਈ ਕੁੱਝ ਕਰਕੇ ਦਿਖਾ ਦਿੱਤਾ ਹੈ।

ਪੰਜਾਬੀਆਂ ਨੂੰ ਦਿੱਤੀਆਂ ਗਾਰੰਟੀਆਂ

ਚੰਨੀ ਦੇ ਸੋਹਲੇ ਗਾਉਂਦੇ ਉਨ੍ਹਾਂ ਨੇ ਕਿਹਾ ਕਿ ਛੇ ਹਜ਼ਾਰ 400 ਕਰੋੜ ਕਿਸਾਨਾਂ ਦੇ ਕਰਜ਼ੇ ਮੁਆਫ ਹੋਏ, 1500 ਕਰੋੜ ਦੇ ਬਿਜਲੀ ਦੇ ਬਿੱਲ ਮੁਆਫ਼ ਹੋਏ, ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਉਦਯੋਗਿਕ ਬਿਜਲੀ ਦਾ ਰੇਟ ਪੰਜ ਰੁਪਏ ਯੂਨਿਟ ਕੀਤਾ ਜਾ ਰਿਹਾ ਹੈ, ਗਊਸ਼ਾਲਾਵਾਂ ਵਿੱਚ ਬਿਜਲੀ ਬਿੱਲ ਮੁਆਫ਼ ਕੀਤੇ ਗਏ, ਔਰਤਾਂ ਲਈ ਸਰਕਾਰੀ ਨੌਕਰੀਆਂ ਵਿੱਚ ਸਰਕਾਰ 33 ਫ਼ੀਸਦੀ ਰਾਖਵਾਂਕਰਨ ਦੇਣਾ ਚਾਹੁੰਦੀ ਹੈ, ਔਰਤਾਂ ਨੂੰ ਬੱਸ ਸਫ਼ਰ ਮੁਫ਼ਤ ਦੇਣਾ ਚਾਹੁੰਦੀ ਹੈ, ਪੰਚਾਇਤਾਂ ਵਿੱਚ ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ ਰੱਖਣਾ ਚਾਹੁੰਦੀ ਹੈ।

ਚੰਨੀ ਦੇ ਦੁਹਰਾਏ ਵਾਅਦੇ

  • ਇੱਕ ਲੱਖ ਰੁਜ਼ਗਾਰ ਬਣਾਏ ਜਾਣਗੇ।
  • ਗ੍ਰਿਹਸਤ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।
  • ਜ਼ਰੂਰਤਮੰਦ ਪਰਿਵਾਰਾਂ ਨੂੰ ਹਰ ਸਾਲ ਮੁਫ਼ਤ ਵਿੱਚ ਅੱਠ ਗੈਸ ਸਿਲੰਡਰ ਦੇਣਾ ਚਾਹੁੰਦੇ ਹਾਂ।
  • ਸਰਕਾਰੀ ਹਸਪਤਾਲ ਵਿੱਚ 20 ਲੱਖ ਤੱਕ ਮੁਫ਼ਤ ਇਲਾਜ ਕਰਵਾਇਆ ਜਾਵੇਗਾ।
  • ਰਾਜ ਰੁਜ਼ਗਾਰ ਯੋਜਨਾ ਦੇ ਤਹਿਤ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਜਾਵੇਗੀ।
  • ਆਂਗਣਵਾੜੀ ਦੀਆਂ ਭੈਣਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
  • ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਸਮਾਰਟ ਫੋਨ ਅਤੇ ਲੈਪਟਾਪ ਦਿੱਤਾ ਜਾਵੇਗਾ।

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਕਾਂਗਰਸ ਵਿੱਚ ਹੀ ਤੁਹਾਨੂੰ ਨਵੀਂ ਸਰਕਾਰ ਮਿਲੇਗੀ। ਚੰਨੀ ਸਵੇਰ ਹੋਣ ਤੱਕ ਤੁਹਾਡੇ ਲਈ ਕੰਮ ਕਰਦੇ ਰਹਿੰਦੇ ਹਨ। ਇਸ ਲਈ ਉਨ੍ਹਾਂ ਨੂੰ ਇੱਕ ਮੌਕਾ ਦਿਉ।