Punjab

ਸੂਬਾ ਸਰਕਾਰ ਨੂੰ ਨਿੱਜੀ ਸਕੂਲਾਂ ਦਾ ਚੈਲੇਂਜ-ਹੁਣ ਹੋਰ ਨਹੀਂ ਹੋਣੀ ਵੇਟ, 12 ਅਪ੍ਰੈਲ ਨੂੰ ਖੋਲ੍ਹ ਦਿਆਂਗੇ ਸਕੂਲਾਂ ਦੇ ਗੇਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਵਿੱਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਰ ਇਸਦਾ ਲਗਾਤਾਰ ਵਿਦਿਆਰਥੀਆਂ, ਮਾਪਿਆਂ, ਸਕੂਲ ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲ ਐਸ਼ੋਸੀਏਸ਼ਨ ਨੇ ਸੂਬਾ ਸਰਕਾਰ ਦੇ ਸਕੂਲ ਬੰਦ ਰੱਖਣ ਦੇ ਫ਼ੈਸਲੇ ਖਿਲਾਫ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇਨ੍ਹਾਂ ਸਕੂਲਾਂ ਵੱਲੋਂ 12 ਅਪ੍ਰੈਲ ਨੂੰ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਬਰਨਾਲਾ ਵਿੱਚ ਗੱਲਬਾਤ ਕਰਦਿਆਂ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਰੋਨਾ ਦੇ ਨਾਂ’ਤੇ ਸਿਰਫ਼ ਸਕੂਲਾਂ ਨੂੰ ਬੰਦ ਰੱਖਣ ਦੇ ਵਾਰ-ਵਾਰ ਫੈਸਲੇ ਸੁਣਾ ਰਹੀ ਹੈ। ਦੂਜੇ ਪਾਸੇ ਰੈਸਟੋਰੈਂਟ, ਸ਼ਰਾਬ ਦੇ ਠੇਕੇ, ਸਰਕਾਰੀ ਦਫ਼ਤਰ ਤੇ ਬਾਕੀ ਹੋਰ ਤਮਾਮ ਕਾਰੋਬਾਰ ਖੁਲ੍ਹੇ ਰੱਖੇ ਜਾ ਰਹੇ ਹਨ। ਇਸ ਨਾਲ ਬੱਚਿਆਂ ਦੀ ਪੜ੍ਹਾਈ ਨੁਕਸਾਨ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਨਾਲ ਜੁੜੇ ਸਾਰੇ ਨਿੱਜੀ ਸਕੂਲ ਇਸ ਗੱਲ ਦੇ ਹੱਕ ਵਿੱਚ ਹਨ ਕਿ ਸਕੂਲ ਖੋਲ੍ਹੇ ਜਾਣ। ਉਹਨਾਂ ਕਿਹਾ ਕਿ ਸਕੂਲ ਬੰਦ ਹੋਣ ਇਸ ਨਾਲ ਜੁੜੇ ਸਾਰੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਸਕੂਲ ਪ੍ਰਬੰਧਕ, ਵਿਦਿਆਰਥੀ ਤੇ ਅਧਿਆਪਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਤੇ ਸਕੂਲ ਵੈਨ ਟ੍ਰਾਂਸਪੋਰਟ, ਮੁਲਾਜ਼ਮਾਂ ਸਮੇਤ ਹੋਰ ਕਈ ਤਰ੍ਹਾਂ ਦੇ ਲੋਕਾਂ ਦਾ ਰੁਜ਼ਗਾਰ ਵੀ ਖਤਰੇ ਵਿੱਚ ਆ ਗਿਆ ਹੈ

ਸਰਕਾਰ ਨਹੀਂ ਦੇ ਰਹੀ ਕੋਈ ਆਰਥਿਕ ਮਦਦ

ਪ੍ਰਬੰਧਕਾਂ ਨੇ ਕਿਹਾ ਕੋਰੋਨਾ ਕਾਰਨ ਪਿਛਲੇ ਸਾਲ ਲੰਬਾ ਸਮਾਂ ਸਕੂਲ ਬੰਦ ਰਹੇ, ਪਰ ਸੂਬਾ ਸਰਕਾਰ ਨੇ ਇੱਕ ਵਾਰ ਵੀ ਇਨ੍ਹਾਂ ਸਕੂਲਾਂ ਨੂੰ ਕੋਈ ਰਾਹਤ ਜਾਂ ਵਿੱਤੀ ਮੱਦਦ ਨਹੀਂ ਦਿੱਤੀ। ਇਸ ਲਈ ਉਹ ਪੰਜਾਬ ਸਰਕਾਰ ਤੋਂ ਕੁੱਝ ਗਾਈਡਲਾਈਨ ਜਾਰੀ ਕਰਨ ਦੀ ਮੰਗ ਕਰ ਰਹੇ ਹਨ ਤਾਂ ਕਿ ਸਕੂਲਾਂ ਨੂੰ ਵੀ ਖੋਲ੍ਹਿਆ ਜਾ ਸਕੇ। ਉਨ੍ਹਾਂ ਕਿਹਾ ਸਕੂਲ ਸਰਕਾਰ ਨੂੰ ਹਰੇਕ ਪ੍ਰਕਾਰ ਦੀ ਬਚਨਬੱਧਤਾ ਦੇਣ ਲਈ ਤਿਆਰ ਹਨ।