Punjab

ਕੈਪਟਨ ਦੇ ਫ੍ਰੀ ਬੱਸ ਸਫ਼ਰ ਦਾ ਨਿੱਜੀ ਬੱਸਾਂ ਵਾਲਿਆਂ ਨੇ ਕੱਢ ਲਿਆ ਤੋੜ, ਕਰ ਦਿੱਤਾ ਵੱਡਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਦੀ ਸੌਗਾਤ ਨਾਲ ਨਿੱਜੀ ਬੱਸਾਂ ਦੇ ਆਪਰੇਟਰ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ। ਆਰਥਿਕ ਨੁਕਸਾਨ ਤੇ ਹੋ ਹੀ ਰਿਹਾ ਹੈ, ਲੋਕਾਂ ਦਾ ਨਿੱਜੀ ਬੱਸਾਂ ਪ੍ਰਤੀ ਮੋਹ ਵੀ ਭੰਗ ਹੋ ਰਿਹਾ ਹੈ। ਇਸੇ ਦਾ ਤੋੜ ਕੱਢਣ ਲਈ ਬਠਿੰਡਾ ਵਿਚ ਇੱਕ ਨਿੱਜੀ ਬੱਸ ਕੰਪਨੀ ਨੇ ਸਰਕਾਰ ਦੇ ਫੈਸਲੇ ਨਾਲ ਨਜਿੱਠਣ ਲਈ ਵੱਡਾ ਐਲਾਨ ਕੀਤਾ ਹੈ। ਇਨ੍ਹਾਂ ਵੱਲੋਂ ਆਪਣੀਆਂ ਬੱਸਾਂ ਵਿੱਚ ਦੋ ਸਵਾਰੀਆਂ ਦੇ ਨਾਲ ਇਕ ਸਵਾਰੀ ਨੂੰ ਫ੍ਰੀ ਸਫ਼ਰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।

ਇਸ ਟ੍ਰਾਂਸਪੋਰਟ ਦੇ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਨੂੰ ਫ੍ਰੀ ਸਫਰ ਸ਼ੁਰੂ ਕੀਤਾ ਹੈ ਜਿਸਦੇ ਕਾਰਨ ਸਾਡੇ ਨਿੱਜੀ ਟਰਾਂਸਪੋਰਟ ਸੈਕਟਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਹੁਣ ਕੋਈ ਵੀ ਔਰਤ ਸਵਾਰੀ ਸਾਡੀਆਂ ਬੱਸਾਂ ਵਿੱਚ ਨਹੀਂ ਚੜ੍ਹਦੀਆਂ ਹਨ, ਜਿਸ ਕਰਕੇ ਸਾਨੂੰ ਖਾਲੀ ਬੱਸਾਂ ਹੀ ਰੂਟਾਂ ਉਤੇ ਚਲਾਉਣੀਆਂ ਪੈ ਰਹੀਆਂ ਹਨ ਅਤੇ ਇਨ੍ਹਾਂ ਬੱਸਾਂ ਦੇ ਖ਼ਰਚੇ ਵੀ ਰੋਜ਼ਾਨਾ ਵਾਂਗ ਹੀ ਹੋ ਰਹੇ ਹਨ।

ਇਸ ਕਰਕੇ ਮਜਬੂਰੀ ਵਿੱਚ ਦੋ ਸਵਾਰੀਆਂ ਦੇ ਨਾਲ ਇਕ ਸਵਾਰੀ ਫ੍ਰੀ ਲੈ ਕੇ ਜਾਣ ਦਾ ਐਲਾਨ ਕੀਤਾ ਹੈ। ਜੇ ਫਿਰ ਵੀ ਸਵਾਰੀਆਂ ਨਹੀਂ ਆਉਂਦੀਆਂ ਤਾਂ ਹੋ ਸਕਦਾ ਹੈ ਕਿ ਅਸੀਂ ਇਕ ਨਾਲ ਇਕ ਸਵਾਰੀ ਫ੍ਰੀ ਕਰ ਦੇਈਏ। ਘੱਟੋ-ਘੱਟ ਖਾਲੀ ਬੱਸਾਂ ਰੂਟਾਂ ਉਤੇ ਤਾਂ ਨਹੀਂ ਲੈ ਕੇ ਜਾਣੀਆਂ ਪੈਣਗੀਆਂ।  ਇਸ ਨਾਲ ਥੋੜ੍ਹਾ ਬਹੁਤਾ ਮੁਲਾਜ਼ਮਾਂ ਦਾ ਅਤੇ ਡੀਜ਼ਲ ਦਾ ਖਰਚਾ ਤਾਂ ਨਿਕਲ ਹੀ ਆਵੇਗਾ। ਇੱਕ ਹੋਰ ਕੰਪਨੀ ਦੇ ਮੈਨੇਜਰ ਬਲਬੀਰ ਸਿੰਘ ਨੇ ਕਿਹਾ ਜੇਕਰ ਸਰਕਾਰ ਨੇ ਕੋਈ ਰਾਹਤ ਨਹੀਂ ਦੇਣੀ ਤਾਂ ਤਾਂ ਨੌਕਰੀਆਂ ਤੇ ਰੁਜ਼ਗਾਰ ਦਾ ਹੀ ਪ੍ਰਬੰਧ ਕਰੇ।