International Punjab

ਪ੍ਰਿਤਪਾਲ ਸਿੰਘ ਨਾਗੀ ਬਣੇ ਸਟੈਫੋਰਡਸ਼ਾਇਰ ਦੇ ਪਹਿਲੇ ਸਿੱਖ ‘ਹਾਈ ਸ਼ੈਰਿਫ਼’

ਲੰਡਨ (2 ਅਪ੍ਰੈਲ, 2026): ਪੰਜਾਬੀਆਂ ਨੇ ਇੱਕ ਵਾਰ ਫਿਰ ਵਿਦੇਸ਼ੀ ਧਰਤੀ ’ਤੇ ਆਪਣੀ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਇੰਗਲੈਂਡ ਦੇ ਸ਼ਹਿਰ ਸਟੈਫੋਰਡਸ਼ਾਇਰ ਵਿੱਚ ਪ੍ਰਿਤਪਾਲ ਸਿੰਘ ਨਾਗੀ ਨੂੰ ਮਹਾਰਾਜਾ ਚਾਰਲਸ ਵੱਲੋਂ ‘ਹਾਈ ਸ਼ੈਰਿਫ਼’ (High Sheriff) ਨਿਯੁਕਤ ਕੀਤਾ ਗਿਆ ਹੈ। 

ਇਹ ਮਾਣ ਵਾਲੀ ਗੱਲ ਹੈ ਕਿ ਸਟੈਫੋਰਡਸ਼ਾਇਰ ਦੇ 1000 ਸਾਲਾਂ ਤੋਂ ਵੱਧ ਦੇ ਇਤਿਹਾਸ ਵਿੱਚ ਪ੍ਰਿਤਪਾਲ ਸਿੰਘ ਨਾਗੀ ਇਸ ਵੱਕਾਰੀ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ।

ਪ੍ਰਿਤਪਾਲ ਸਿੰਘ ਨਾਗੀ ਦਾ ਜਨਮ ਬਟਾਲਾ ਦੇ ਨਜ਼ਦੀਕੀ ਕਸਬਾ ਕਾਦੀਆਂ ਵਿੱਚ ਹੋਇਆ ਸੀ। ਉਹ ਮਹਿਜ਼ 16 ਸਾਲ ਦੀ ਉਮਰ ਵਿੱਚ ਯੂ.ਕੇ. ਚਲੇ ਗਏ ਸਨ। ਆਪਣੀ ਸਖ਼ਤ ਮਿਹਨਤ ਸਦਕਾ ਉਨ੍ਹਾਂ ਨੇ ਸਮਾਜ ਵਿੱਚ ਇੱਕ ਖ਼ਾਸ ਮੁਕਾਮ ਹਾਸਲ ਕੀਤਾ। ਸਾਲ 2014 ਵਿੱਚ ਉਨ੍ਹਾਂ ਨੂੰ ਸਟੈਫੋਰਡਸ਼ਾਇਰ ਦਾ ਡਿਪਟੀ ਲੈਫਟੀਨੈਂਟ ਬਣਾਇਆ ਗਿਆ ਸੀ।

ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਮਾਜਿਕ ਸੇਵਾਵਾਂ ਨੂੰ ਦੇਖਦਿਆਂ ਸਾਲ 2017 ਵਿੱਚ ਸਵਰਗੀ ਮਹਾਰਾਣੀ ਐਲਿਜ਼ਾਬੈੱਥ ਵੱਲੋਂ ਉਨ੍ਹਾਂ ਨੂੰ ‘ਮੈਂਬਰ ਆਫ਼ ਦ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ’ (MBE) ਦੇ ਖ਼ਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਹੁਣ ‘ਹਾਈ ਸ਼ੈਰਿਫ਼’ ਬਣਨ ’ਤੇ ਉਨ੍ਹਾਂ ਦੇ ਜੱਦੀ ਪਿੰਡ ਕਾਦੀਆਂ ਅਤੇ ਪੂਰੇ ਪੰਜਾਬ ਵਿੱਚ ਖ਼ੁਸ਼ੀ ਦੀ ਲਹਿਰ ਹੈ।