‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਸਬੰਧੀ ਕੀਤੇ ਗਏ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਕਾਰਵਾਈ ਦੀ ਆਰੰਭਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਉੱਚ ਪੱਧਰੀ ਵਫ਼ਦ ਕੈਨੇਡਾ ਪਹੁੰਚਿਆ ਹੈ। ਵਫਦ ਵੱਲੋਂ ਵੱਖ-ਵੱਖ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਅੰਤ੍ਰਿੰਗ ਮੈਂਬਰ ਮਿੱਠੂ ਸਿੰਘ ਕਾਹਨੇਕੇ, ਮੈਂਬਰ ਭਾਈ ਰਾਮ ਸਿੰਘ ਅਤੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਸ਼ਾਮਲ ਹਨ।
ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਵੱਲੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਆਦਿ ਥਾਂਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਆਪ ਕਰਨ ਲਈ ਫੈਸਲਾ ਕੀਤਾ ਗਿਆ ਸੀ। ਇਹ ਫੈਸਲਾ ਵਿਦੇਸ਼ਾਂ ਤੋਂ ਸੰਗਤਾਂ ਵੱਲੋਂ ਪੁੱਜਦੀ ਵੱਡੀ ਮੰਗ ਦੇ ਮੱਦੇਨਜ਼ਰ ਲਿਆ ਗਿਆ ਸੀ। ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਪ੍ਰਿੰਟਿੰਗ ਪ੍ਰੈੱਸਾਂ ਸਥਾਪਿਤ ਕਰਕੇ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕੀਤੀ ਜਾਵੇਗੀ ਅਤੇ ਉੱਥੋਂ ਨਾਲ ਲੱਗਦੇ ਦੇਸ਼ਾਂ ਵਿੱਚ ਸੜਕੀ ਮਾਰਗ ਰਾਹੀਂ ਪਾਵਨ ਸਰੂਪ ਪਹੁੰਚਾਏ ਜਾਣਗੇ। ਕੈਨੇਡਾ ਗਏ ਵਫ਼ਦ ਦੇ ਆਗੂ ਸੁਰਜੀਤ ਸਿੰਘ ਭਿੱਟੇਵੱਡ ਨੇ ਫੋਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਬੀਸੀ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੋਂ ਇਲਾਵਾ ਕੈਲਗਰੀ ਦੇ ਗੁਰਦੁਆਰਾ ਸਾਹਿਬਾਨ ਵਿਖੇ ਇਸ ਸਬੰਧ ਵਿੱਚ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਭਿੱਟੇਵੱਡ ਅਨੁਸਾਰ ਵਫ਼ਦ ਨੇ ਹੁਣ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਗੁਰਦੁਆਰਾ ਦਸਮੇਸ਼ ਕਲਚਰ ਸੁਸਾਇਟੀ ਕੈਲਗਰੀ, ਗੁਰਦੁਆਰਾ ਕਲਗੀਧਰ ਸਾਹਿਬ ਐਬਸਫੋਰਟ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਟ ਦੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਹੋਇਆ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਰ ਥਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮਰਯਾਦਾ ਅਨੁਸਾਰ ਪਾਵਨ ਸਰੂਪਾਂ ਦੀ ਛਪਾਈ ਲਈ ਲੋੜੀਂਦੀਆਂ ਸਹੂਲਤਾਂ ਅਤੇ ਮਾਹੌਲ ਲਾਜ਼ਮੀ ਹੈ ਅਤੇ ਇਸ ਨੂੰ ਹਰ ਪੱਖ ਤੋਂ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੀ ਰਾਇ ਨੂੰ ਖ਼ਾਸ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧ ਵਿੱਚ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੌਂਪੀ ਜਾਵੇਗੀ।