ਬਿਊਰੋ ਰਿਪੋਰਟ : ਪੰਜਾਬ ਕਾਂਗਰਸ ਦੇ ਇੱਕ ਹੋਰ ਸਾਬਕਾ ਕੈਬਨਿਟ ਮੰਤਰੀ ਡਾਨ ਮੁਖਤਾਰ ਅੰਸਾਰੀ (Mukhtar ansari) ਦੇ ਮਾਮਲੇ ਵਿੱਚ ਫਸ ਸਕਦੇ ਹਨ। ਕੈਪਟਨ ਦੀ ਸਰਕਾਰ ਸਮੇਂ ਰੋਪੜ ਜੇਲ੍ਹ ਵਿੱਚ ਮੁਖਤਾਰ ਅੰਸਾਰੀ ਨੂੰ ਰੱਖਣ ਲਈ ਵਕੀਲਾਂ ਨੂੰ ਮੋਟੀ ਫੀਸ ਦਿੱਤੀ ਗਈ ਸੀ। ਯੂਪੀ ਸਰਕਾਰ ਅੰਸਾਰੀ ਨੂੰ ਸੂਬੇ ਵਿੱਚ ਦਰਜ ਇੱਕ ਕੇਸ ਵਿੱਚ ਵਾਪਸ ਲੈਕੇ ਜਾਣਾ ਚਾਉਂਦੀ ਸੀ । ਪਰ ਤਤਕਾਲੀ ਕੈਪਟਨ ਸਰਕਾਰ (capt amarinder singh) ਨੇ ਇਸ ਨੂੰ ਰੋਕਣ ਦੇ ਲਈ ਸੁਪਰੀਮ ਕੋਰਟ ਵਿੱਚ ਵਕੀਲਾਂ ਦੀ ਫੌਜ ਖੜੀ ਕਰ ਦਿੱਤੀ ਸੀ। ਇਸ ‘ਤੇ 55 ਲੱਖ ਖਰਚ ਹੋਏ ਸਨ। ਹੁਣ ਇਸ ਮਾਮਲੇ ਵਿੱਚ ਮਾਨ ਸਰਕਾਰ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ।
ਗ੍ਰਹਿ ਵਿਭਾਗ ਨੇ ਮੰਗੀ ਰਿਪੋਰਟ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਡੀਜੀਪੀ (DGP) ਗੌਰਵ ਯਾਦਵ (Gaurav yadav) ਤੋਂ ਰਿਪੋਰਟ ਤਲਬ ਕੀਤੀ ਹੈ। DGP ਨੂੰ ਇਹ ਰਿਪੋਰਟ 2 ਹਫਤਿਆਂ ਦੇ ਅੰਦਰ ਹੀ ਦੇਣੀ ਹੋਵੇਗੀ । ਦੱਸਿਆ ਜਾ ਰਿਹਾ ਹੈ ADGP ਇੰਟੈਲੀਜੈਂਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪਤਾ ਲਗਾਇਆ ਜਾਵੇਗਾ ਕਿਸ ਆਗੂ ਦੇ ਕਹਿਣ ‘ਤੇ ਮੁਖਤਾਰ ਅੰਸਾਰੀ ਨੂੰ ਯੂਪੀ ਨਾ ਭੇਜਣ ਦੇ ਲਈ ਵਕੀਲਾਂ ਦੀ ਫੌਜ ਖੜੀ ਕੀਤੀ ਗਈ ਸੀ। ਜਿੰਨਾਂ ‘ਤੇ 55 ਲੱਖ ਦਾ ਖਰਚਾ ਕੀਤਾ ਗਿਆ ਸੀ । ਦੱਸਿਆ ਜਾ ਰਿਹਾ ਹੈ ਰਿਪੋਰਟ ਦੇਣ ਤੋਂ ਬਾਅਦ ਸਬੰਧਤ ਪੁਲਿਸ ਅਫਸਰਾਂ ਅਤੇ ਸਿਆਸੀ ਆਗੂਆਂ ‘ਤੇ ਕਾਰਵਾਈ ਹੋਵੇਗੀ। ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਜਿੰਨਾਂ ਅਫਸਰਾਂ ਦਾ ਨਾਂ ਸਾਹਮਣੇ ਆਵੇਗਾ ਉਨ੍ਹਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇਗੀ । ਮੋਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਇਲਜ਼ਾਮ ਵਿੱਚ ਮੁਖਤਾਰ ਅੰਸਾਰੀ ਨੂੰ ਰੋਪੜ ਦੀ ਜੇਲ੍ਹ ਵਿੱਚ 2 ਸਾਲ ਤੱਕ ਰੱਖਿਆ ਗਿਆ ਸੀ ।
ਅਧਿਕਾਰੀਆਂ ‘ਤੇ ਸੀ ਦਬਾਅ
ਮੁਖਤਾਰ ਅੰਸਾਰੀ ਨੂੰ ਰੋਪੜ ਦੀ ਜੇਲ੍ਹ ਵਿੱਚ ਰੱਖਣ ਦਾ ਅਧਿਕਾਰੀਆਂ ‘ਤੇ ਸਿਆਸੀ ਦਬਾਅ ਕਾਫੀ ਸੀ । ਉਸ ਵੇਲੇ ਅਧਿਕਾਰੀਆਂ ਵੱਲੋਂ ਫਾਈਲਾਂ ‘ਤੇ ਇਸ ਦੀ ਨੋਟਿੰਗ ਲਿਖਣ ਦੀ ਗੱਲ ਵੀ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਇੰਨਾਂ ਅਧਿਕਾਰੀਆਂ ਨੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨੋਟਿਸ ਵਿੱਚ ਇਹ ਗੱਲ ਲਿਆਈ ਸੀ । ਜਿਸ ਤੋਂ ਬਾਅਦ ਪੂਰੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਬਜਟ ਇਜਲਾਸ ਵਿੱਚ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਜਨਤਕ ਤੌਰ ‘ਤੇ ਇਸ ਦਾ ਖੁਲਾਸਾ ਕੀਤਾ ਸੀ । ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਕੈਪਟਨ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ ਯੂਪੀ ਨਾ ਭੇਜਣ ਦੇ ਲਈ ਵਕੀਲਾਂ ‘ਤੇ 55 ਲੱਖ ਖਰਚੇ ਸਨ । ਸਿਰਫ ਇੰਨਾਂ ਹੀ ਨਹੀਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਜੇਲ੍ਹ ਵਿੱਚ ਅੰਸਾਰੀ ਦੀ ਪਤਨੀ ਅਤੇ ਉਨ੍ਹਾਂ ਦੇ ਮਿਲਣ ਦਾ ਖਾਸ ਪ੍ਰਬੰਧ ਹੁੰਦਾ ਸੀ ਅਤੇ ਉਸ ਨੂੰ VIP ਟ੍ਰੀਟਮੈਂਟ ਮਿਲ ਦੀ ਸੀ । ਬੈਂਸ ਦੇ ਇਸ ਖੁਲਾਸੇ ਤੋਂ ਬਾਅਦ ਤਤਕਾਲੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਉਨ੍ਹਾਂ ਦੀ ਬਹਿਸ ਵੀ ਹੋਈ ਸੀ। ਰੰਧਾਵਾ ਨੇ ਬੈਂਸ ਨੂੰ ਇਲਜ਼ਾਮ ਸਾਬਿਤ ਕਰਨ ਦੀ ਚੁਣੌਤੀ ਵੀ ਦਿੱਤੀ ਸੀ।
ਰੰਧਾਵਾ ਦੇ ਅੰਸਾਰੀ ਨਾਲ ਮਿਲਣ ਦੀਆਂ ਖ਼ਬਰਾ
ਖ਼ਬਰਾਂ ਸਨ ਕਿ ਜੇਲ੍ਹ ਮੰਤਰੀ ਰਹਿੰਦੇ ਹੋਏ ਸੁਖਜਿੰਦਰ ਰੰਧਵਾ ਬਾਰਾਬੰਕੀ ਵਿੱਚ ਅੰਸਾਰੀ ਦੇ ਪਰਿਵਾਰ ਨੂੰ ਮਿਲੇ ਸਨ । ਇਲਜ਼ਾਮ ਸਨ ਡਾਨ ਦੇ ਪਰਿਵਾਰ ਨੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਸੀ। ਜਦੋਂ ਇਹ ਖ਼ਬਰ ਸਾਹਮਣੇ ਆਈ ਸੀ ਤਾਂ ਰੰਧਾਵਾ ਨੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਯੂਪੀ ਦੇ ਸਹਿਕਾਰਤਾ ਵਿਭਾਗ ਦੇ ਕੰਮ ਲਈ ਗਏ ਸਨ। ਫਿਰ ਵਿਰੋਧੀ ਧਿਰ ਨੇ ਸਵਾਲ ਪੁੱਛਿਆ ਸੀ ਕਿ ਮੰਤਰੀ ਸਾਹਿਬ ਨੇ ਸਿਰਫ਼ ਯੂਪੀ ਦੇ ਸਹਿਕਾਰਤਾ ਵਿਭਾਗ ਵਿੱਚ ਹੀ ਕਿਉਂ ਦਿਲਚਸਪੀ ਵਿਖਾਈ ।