‘ਦ ਖ਼ਾਲਸ ਬਿਊਰੋ : ਸੰਗਰੂਰ ਲੋਕ ਸਭਾ ਚੋਣ ਲਈ ਵੋਟਾਂ ਦੇ ਦਿਨ 23 ਜੂਨ ਨੂੰ ਵੋਟਰਾਂ ਨੇ ਸਵੇਰੇ ਸਵੱਖਤੇ ਹੀ ਆਪਣਾ ਇਰਾਦਾ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਆਮ ਵੋਟਰਾਂ ਨੇ ਵੋਟ ਪਾਉਣ ਤੋਂ ਕਿਨਾਰਾ ਕਰਕੇ ਸਿਆਸੀ ਪਾਰਟੀਆਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਅਪੀਲਾਂ ਵੀ ਕੰਨ ਨਾ ਆਈਆਂ ਸਗੋਂ ਸਰਕਾਰ ਨੂੰ ਭਾਰਤੀ ਚੋਣ ਕਮਿਸ਼ਨ ਦੀ ਕੁੜਕੀ ‘ਚ ਫਸਾ ਦਿੱਤਾ । ਵੋਟਰ ਘਰਾਂ ਵਿੱਚੋਂ ਬਾਹਰ ਨਹੀਂ ਨਿਕਲੇ। ਮੁੱਖ ਮੰਤਰੀ ਦੇ ਆਪਣੇ ਪਿੰਡ ਸਤੌਜ਼ ਵਿੱਚ ਵੀ ਸਿਰਫ 32 ਫੀਸਦੀ ਪੋਲਿੰਗ ਹੋਈ ਹੈ ਇਸ ਵਾਰ ਦੇ ਚੋਣ ਨਜ਼ਾਰਿਆਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਵੋਟਰ ਇੱਕ ਵਾਰ ਫਿਰ ਸਿਆਸੀ ਤਸਵੀਰ ਦਾ ਨਵਾਂ ਖਾਕਾ ਖਿੱਚ ਸਕਦੇ ਹਨ। ਸੰਗਰੂਰ ਦੇ ਵੋਟਰ ਹਮੇਸ਼ਾਂ ਨਵੇਂ ਸੂਰਜ ਦਾ ਆਗਾਜ਼ ਕਰਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲੋਂ ਵੱਡੀ ਉਦਾਹਰਣ ਕੋਈ ਹੋ ਨਹੀਂ ਸਕਦੀ। ਇਸ ਵਾਰ ਪਿਛਲੇ ਤੀਹ ਸਾਲਾਂ ਨਾਲੋਂ ਸਭ ਤੋਂ ਘੱਟ 44 % ਵੋਟਾਂ ਪਈਆਂ ਹਨ। ਇਸ ਤੋਂ ਪਹਿਲਾਂ 1991 ਵਿੱਚ ਖਾੜਕੂਵਾਦ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਵਿੱਚ ਸਭ ਤੋਂ ਘੱਟ ਭਾਵ 11 ਫੀਸਦੀ ਵੋਟਾਂ ਪਈਆਂ ਸਨ। ਖਾੜਕੂਵਾਦ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ ਅਤੇ ਕਾਂਗਰਸ ਦੇ ਗੁਰਚਰਨ ਸਿੰਘ ਦੱਦਾਹੂਰ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ। ਇਸ ਤੋਂ ਬਾਅਦ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੋਲਿੰਗ 12 ਫੀਸਦੀ ਨਹੀਂ ਟੱਪੀ ਸੀ।
ਇਸ ਵਾਰ ਦੇ ਅੰਕੜੇ ਦੱਸਦੇ ਹਨ ਕਿ ਸਵੇਰੇ ਵੋਟਾਂ ਪੈਣ ਦੀ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਇੱਕ ਘੰਟੇ ਵਿੱਚ ਪੰਜ ਫੀਸਦੀ ਵੋਟ ਭੁਗਤੀ। ਉਸ ਤੋਂ ਬਾਅਦ ਅਗਲੇ ਦੋ ਘੰਟਿਆਂ ਵਿੱਚ 11 ਵਜੇ ਤੱਕ 12.7 % ਅਤੇ ਦੁਪਿਹਰ ਇੱਕ ਵਜੇ ਤੱਕ 21 ਫੀਸਦੀ ਵੋਟਾਂ ਪਈਆਂ ਸਨ। ਬਾਅਦ ਦੁਪਿਹਰ ਤਿੰਨ ਵਜੇ ਤੱਕ 29.7 ਫੀਸਦੀ ਅਤੇ ਲੌਢੇ ਵੇਲੇ ਪੰਜ ਵਜੇ 36.5 ਫੀਸਦੀ ਵੋਟ ਭੁਗਤੀ ਸੀ। ਛੇ ਵਜੇ ਤੱਕ ਵੋਟ ਪ੍ਰਤੀਸ਼ਤੱਤਾ ਮਸਾਂ 45 ਫੀਸਦੀ ਨੂੰ ਛੂਹ ਸਕੀ ਸੀ। ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ 72.4 ਫੀਸਦੀ, ਸਾਲ 2014 ਵਿੱਚ 72.2 ਫੀਸਦੀ ਅਤੇ 1999 ਵਿੱਚ 62.5 ਫੀਸਦੀ ਵੋਟਾਂ ਪਈਆਂ ਸਨ। ਉਂਝ ਇਹ ਪਹਿਲੀ ਵਾਰ ਹੈ ਜਦੋਂ ਵੋਟ ਅਮਨ ਅਮਾਨ ਨਾਲ ਸਿਰੇ ਚੜਿਆ। ਇਸ ਵਾਰ ਨਾ ਦਾਰੂ ਵੰਡਣ, ਨਾ ਜੇਬਾ ਗਰਮ ਕਰਨ ਅਤੇ ਨਾਂ ਹੀ ਤੋਹਫੇ ਦੇਣ ਦਾ ਕੰਮ ਚਲਿਆ ਹੈ।
ਸੰਗਰੂਰ ਦੇ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ 48.26% ਵੋਟਾਂ ਨਾਲ ਧੂਰੀ ਹਲਕੇ ਵਿੱਚ ਸਭ ਤੋਂ ਵੱਧ ਮਤਦਾਨ ਹੋਇਆ ਜਦਕਿ ਲਹਿਰਾ ਹਲਕੇ ਵਿੱਚ ਸਭ ਤੋਂ ਘੱਟ 43.1% ਵੋਟਾਂ ਪਈਆਂ। ਮਲੇਰਕੋਟਲਾ ਵਿੱਚ 47.66%, ਸੁਨਾਮ ਵਿੱਚ 47.22%, ਦਿੜ੍ਹਬਾ ਵਿੱਚ 46.77%, ਸੰਗਰੂਰ ਵਿੱਚ 44.96%, ਭਦੌੜ ਵਿੱਚ 44.54%, ਮਹਿਲ ਕਲਾਂ ਵਿੱਚ 43.8% ਅਤੇ ਬਰਨਾਲਾ ਵਿੱਚ 41.43% ਪੋਲਿੰਗ ਹੋਈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੋਟਰਾਂ ਵਿੱਚ ਨਿਰਾਸ਼ਾ ਦੇਖ ਕੇ ਇੱਕ ਟਵੀਟ ਰਾਹੀਂ ਵੋਟਾਂ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਸੀ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਦੇ ਚੀਫ ਸੈਕਟਰੀ ਅਨਿਰਧ ਤਿਵਾੜੀ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਾਵਲ ਤੋਂ ਟਵੀਟਾਂ ਦੀ ਵਜ੍ਹਾ ਪੁੱਛ ਲਈ ਹੈ। ਚੋਣ ਕਮਿਸ਼ਨ ਨੇ ਪੱਤਰ ਵਿੱਚ ਕਿਹਾ ਹੈ ਕਿ ਭਗਵੰਤ ਮਾਨ ਨੇ ਆਪਣੇ ਟਵੀਟ ਰਾਹੀਂ ਚੋਣ ਅਮਲ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਚਾਲ ਵੀ ਖੇਡੀ ਹੈ। ਚੋਣ ਕਮਿਸ਼ਨ ਨੇ ਨਰਾਜ਼ਗੀ ਜ਼ਾਹਰ ਕਰਦਿਆਂ ਅੱਜ 24 ਜੂਨ ਤੱਕ ਜਵਾਬ ਮੰਗ ਲਿਆ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ ਦੋਵੇਂ ਸਬੰਧਿਤ ਅਧਕਾਰੀਆਂ ਨੂੰ ਪੱਤਰ ਦੀ ਕਾਪੀ ਦੇ ਦਿੱਤੀ ਗਈ ਹੈ।
ਮੁੱਖ ਮੰਤਰੀ ਮਾਨ ਸੱਚ ਮੁੱਚ ਹੀ ਸੰਗਰੂਰ ਦੀ ਸੀਟ ਬਚਾਉਣ ਲਈ ਜ਼ੋਰ ਲਾ ਰਹੇ ਹਨ । ਉਨ੍ਹਾਂ ਨੇ ਪਿਛਲੇ ਇੱਕ ਹਫਤੇ ਤੋਂ ਹਲਕੇ ਵਿੱਚ ਡੇਰੇ ਲਾ ਲਏ ਸਨ। ਸੱਤਾਧਾਰੀ ਪਾਰਟੀ ਆਪ ਦੀ ਤਰਕ ਹੈ ਕਿ ਕਿਸਾਨਾਂ ਝੋਨਾ ਲਾਉਣ ਵਿੱਚ ਰੁੱਝੇ ਹੋਣ ਕਰਕੇ ਵੋਟ ਪਾਉਣ ਨਹੀਂ ਆਏ। ਦੂਜੇ ਬੰਨੇ ਸਿਆਸੀ ਪੰਡਿਤ ਇਹ ਮੰਨਣ ਲੱਗੇ ਹਨ ਕਿ ਲੋਕਾਂ ਦਾ ਸਿਆਸਤ ਤੋਂ ਮੋਹ ਭੰਗ ਹੋ ਗਿਆ ਲੱਗਦਾ ਹੈ। ਸਿਆਸੀ ਪੰਡਿਤ ਭਗਵੰਤ ਮਾਨ ਦੇ ਟਵੀਟ ਨੂੰ ਇਹ ਕਹਿ ਕਿ ਬੇਲੋੜਾ ਦੱਸਦੇ ਹਨ ਕਿ ਵੋਟਾਂ ਦੇ ਸਮੇਂ ਵਿੱਚ ਬੂਥ ਕੈਪਚਰਿੰਗ ਜਾਂ ਵੋਟਾਂ ਦੇ ਕੰਮ ਵਿੱਚ ਰੁਕਾਵਟ ਪੈਣ ਦੀ ਸੂਰਤ ਵਿੱਚ ਹੀ ਵਾਧਾ ਕੀਤਾ ਜਾ ਸਕਦਾ ਹੈ। ਜਦਕਿ ਇਸ ਵਾਰ ਸਭ ਤੋਂ ਵੱਧ ਅਮਨ ਅਮਾਨ ਨਾਲ ਵੋਟਾਂ ਪਈਆਂ ਹਨ।
ਉਂਝ ਇੰਨੀ ਘੱਟ ਵੋਟ ਪ੍ਰਤੀਸ਼ਤੱਤਾ ਨੇ ਸਾਰੇ ਸਿਆਸੀ ਦਲਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਸਾਫ ਦਿੱਸ ਰਿਹਾ ਹੈ ਕਿ ਵੋਟਰਾਂ ਵਿੱਚ ਜੋਸ਼ ਨਹੀਂ ਸੀ। ਜਿਵੇਂ ਉਹ ਲੀਡਰਾਂ ਤੋਂ ਅੱਕ ਕੇ ਛੁਟਕਾਰਾ ਚਾਹੁੰਦੇ ਹਨ। ਮੁੱਖ ਮੰਤਰੀ ਦੇ ਆਪਣੇ ਹਲਕੇ ਧੁਰੀ ਵਿੱਚ ਸਿਰਫ 33% ਪੋਲਿੰਗ ਹੋਈ ਹੈ। ਪਿਛਲੀ ਵਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਲਹਿਰ ਖੜ੍ਹੀ ਹੋ ਗਈ ਸੀ, ਇੱਕ ਤਰ੍ਹਾਂ ਨਾਲ ਬਦਲਾਅ ਦੀ ਹਨੇਰੀ। ਲੋਕਾਂ ਨੇ ਨਵੀਂ ਪਾਰਟੀ ਨੂੰ ਮੌਕਾ ਦੇਣ ਨਾਲੋਂ ਰਵਾਈਤੀਆਂ ਪਾਰਟੀਆਂ ਨੂੰ ਰਿਜੈਕਟ ਕਰਨ ਦਾ ਧਾਰ ਲਈ ਸੀ। ਭਾਵੇਂ ਆਮ ਚਰਚਾ ਹੈ ਕਿ ਝੋਨਾ ਲਾਉਣ ਕਰਕੇ ਲੋਕ ਵੋਟ ਪਾਉਣ ਨਹੀਂ ਆਏ ਪਰ ਇਸ ਦੇ ਉਲਟ ਜੇ ਚੋਣ ਦ੍ਰਿਸ਼ ‘ਤੇ ਨਜ਼ਰ ਮਾਰੀਏ ਤਾਂ ਪਾਰਟੀਆਂ ਦੇ ਕੇਡਰ ਵਿੱਚ ਵੀ ਕੋਈ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ । ਆਮ ਆਦਮੀ ਪਾਰਟੀ ਕੋਲ ਹਾਲੇ ਬੂਥ ਪੱਧਰ ‘ਤੇ ਮਜਬੂਤ ਸੰਗਠਨ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਕੇਡਰ ਤਾਂ ਹੈ ਪਰ ਉਸ ਨੇ ਦੂਰੀ ਬਣਾਈ ਰੱਖੀ। ਕਾਂਗਰਸ ਦੇ ਖੇਰੂੰ ਖੇਰੂੰ ਹੋਣ ਨਾਲ ਹੌਸਲੇ ਪਸਤ ਹਨ। ਕਾਂਗਰਸੀ ਮੰਤਰੀਆਂ ਦੇ ਜੇਲ੍ਹਾਂ ‘ਚ ਜਾਣ ਕਰਕੇ ਪ੍ਰਚਾਰਕ ਨਿਰਉੱਤਰ ਦਿੱਸੇ । ਭਾਰਤੀ ਜਨਤਾ ਪਾਰਟੀ ਨੂੰ ਕੇਡਰ ਦੀ ਵੱਡੀ ਘਾਟ ਰੜਕਦੀ ਰਹੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਕੋਲ ਵੀ ਪੱਕਾ ਕੇਡਰ ਤਾਂ ਨਹੀਂ ਸੀ ਪਰ ਨੌਜਵਾਨੀ ਨੇ ਆਪ ਮੁਹਾਰੇ ਮੁਹਿੰਮ ਭਖਾਈ ਰੱਖੀ।
ਵੋਟਰਾਂ ਦਾ ਘਰੋਂ ਬਾਹਰ ਨਾ ਨਿਕਲਣ ਦੀ ਇੱਕ ਕਾਰਨ ਆਪ ਦੀ ਦਿੱਲੀ ਬੈਠੀ ਹਾਈਕਮਾਂਡ ਦਾ ਪੰਜਾਬ ਉੱਤੇ ਭਾਰੂ ਪੈਣਾ ਵੀ ਵਜ੍ਹਾ ਬਣਿਆ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਤੌਰ ‘ਤੇ ਖੁੱਲ ਕੇ ਨਾ ਵਿਚਰਨ ਦੇਣ ਕਰਕੇ ਲੋਕਾਂ ਵਿੱਚ ਨਰਾਜ਼ਗੀ ਹੈ। ਆਪ ਵੱਲੋਂ ਨਸ਼ਿਆ ਸਮੇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਇੰਨਸਾਫ ਦੇਣ ‘ਚ ਕੀਤੀ ਜਾ ਰਹੀ ਦੇਰੀ ਨੇ ਦੂਰੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਵੱਡਾ ਕਾਰਨ ਕਿਸਾਨ ਯੂਨੀਅਨਾਂ ਦਾ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਕੇ ਚੱਲਣਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਲੀਡਰਾਂ ਜੋਗਿੰਦਰ ਸਿੰਘ ਉਗਰਾਹਾਂ ਨੇ ਆਪ ਦੇ ਹੱਕ ਵਿੱਚ ਹਵਾ ਦਾ ਰੁਖ ਬਦਲ ਦਿੱਤਾ ਸੀ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਦੇ ਚਿਹਰੇ ‘ਤੇ ਲਾਲੀ ਵਧੀ ਹੈ ਜਦਕਿ ਭਗਵੰਤ ਸਿੰਘ ਮਾਨ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਗੂੜੀਆਂ ਹੋਈਆਂ ਹਨ। ਉਂਝ ਭੁੱਲਣਾ ਇਹ ਵੀ ਨਹੀਂ ਚਾਹੀਦਾ ਕਿ ਜ਼ਿਮਨੀ ਚੋਣ ਅਕਸਰ ਸੱਤਾਧਾਰੀ ਪਾਰਟੀ ਦੇ ਹੱਕ ‘ਚ ਭੁਗਤਦੀ ਰਹੀ ਹੈ। ਭਾਜਪਾ , ਕਾਂਗਰਸ ਅਤੇ ਅਕਾਲੀ ਦਲ ਨੇ ਤੀਜੇ , ਚੌਥੇ ਜਾਂ ਪੰਜਵੇਂ ਥਾਂ ਦੀ ਲੜਾਈ ਲੜੀ ਹੈ।