Punjab

ਨਜ਼ਾਇਜ਼ ਕਬਜ਼ਿਆਂ ਤੋਂ ਬਾਅਦ ਨਿੱਜੀ ਹਸਪਤਾਲਾਂ ਦੀ ਆਈ ਸ਼ਾਮਤ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਾਂ ਨਾਲ ਵਾਅਦੇ ਵੀ ਕੀਤੇ ਅਤੇ ਗਰੰਟੀਆਂ ਵੀ ਦਿੱਤੀਆਂ ਸਨ। ਬਦਲਾਅ ਦਾ ਸੁਪਨਾ ਵੀ ਦਿਖਾਇਆ ਗਿਆ । ਪੰਜਾਬੀਆਂ ਨੇ ਆਰ ‘ਤੇ ਵੱਡਾ ਭਰੋਸਾ ਕਰਕੇ ਪੰਜਾਬ ਵਿੱਚ ਵੱਡਾ ਬਦਲਾਅ ਲਿਆ ਦਿੱਤਾ। ਰਵਾਇਤੀ ਸਿਆਸੀ ਪਾਰਟੀਆਂ ਨੂੰ ਰੱਦ ਕਰਕੇ ਆਪ ਦੀ ਝੋਲੀ ਵਿੱਚ ਇਤਿਹਾਸਕ ਜਿੱਤ ਪਾਈ। ਪੰਜਾਬ ਦੇ ਇਤਿਹਾਸ ਵਿੱਚ ਇਹ ਦੂਜੀ ਬਾਰ ਹੈ ਜਦੋਂ ਕਿਸੇ ਸਿਆਸੀ ਪਾਰਟੀ ਨੂੰ ਵਿਧਾਨ ਸਭਾ ਵਿੱਚ 90 ਤੋਂ ਵੱਧ ਦਾ ਅੰਕੜਾ ਮਿਲਿਆ ਹੋਵੇ।

ਪੰਜਾਬ ਆਪਣੀ ਚੁਣੀ ਸਰਕਾਰ ਵੱਲ ਨੂੰ ਅੱਖਾਂ ਲਾਈ ਬੈਠਾ ਹੈ। ਬਿਨਾਂ ਸ਼ੱਕ ਨਵੀਂ ਸਰਕਾਰ ਦੀ ਹੁਣ ਤੱਕ ਦੀ ਕਾਰਗੁਜਾਰੀ ਪਹਿਲੀਆਂ ਨਾਲੋਂ ਵੱਖਰੀ ਹੈ ਅਤੇ ਰਫਤਾਰ ਵੀ ਤੇਜ਼ ਹੈ। ਭਗਵੰਤ ਸਿੰਘ ਮਾਨ ਤੋਂ ਪਹਿਲਾਂ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ 111 ਦਿਨਾਂ ਦਾ ਕਾਰਜਕਾਲ ਦੌਰਾਨ ਰਾਤਾਂ ਜਰੂਰ ਝਾਕਦੇ ਰਹੇ ਸਨ ਪਰ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਵਿੱਚੋਂ ਸਰਕਾਰ ਚਲਾਉਂਦੇ ਰਹੇ ਹਨ। ਹਾਂ,ਪ੍ਰਕਾਸ਼ ਸਿੰਘ ਬਾਦਲ ਦੀ ਰਫਤਾਰ ਵੀ ਭਗਵੰਤ ਸਿੰਘ ਮਾਨ ਨਾਲੋਂ ਘੱਟ ਤੇਜ਼ ਨਹੀਂ ਸੀ ਇਹ ਵੱਖਰੀ ਗੱਲ ਹੈ ਕਿ  ਉਹ ਚਤੁਰ ਸਿਆਸਤਦਾਨ ਵਜੋਂ ਵਿਚਰੇ ਵੀ ਪਰ ਬੜਾ ਕੁਝ ਹੱਥੋਂ ਖਿੰਡਰ ਵੀ ਗਿਆ ਸੀ।

ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪ ਪਹਿਲਾਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਪਹਿਲ ਦੇ ਆਧਾਰ ‘ਤੇ ਬਦਲਾਅ ਦੇਣ ਦਾ ਵਾਅਦਾ ਕੀਤਾ ਸੀ। ਉਹ ਇਸ ਪਾਸੇ ਨੂੰ ਤੁਰ ਵੀ ਪਏ ਹਨ। ਦਿੱਲੀ ਪੰਜਾਬ ਗਿਆਨ ਆਦਾਨ ਪ੍ਰਦਾਨ ਦਾ ਸਮਝੌਤਾ ਇਸੇ ਵੱਲ ਪਹਿਲੀ ਪੁਲਾਂਘ ਹੈ। ਮੁੱਖ ਮੰਤਰੀ ਮਾਨ ਨੇ ਦਿੱਲੀ ਬੈਠਿਆਂ ਹੀ ਪੰਜਾਬ ‘ਚ ਮੁਹੱਲਾ ਕਲੀਨਿਕਾਂ ਸ਼ੁਰੂ ਕਰਨ ਦੇ ਨਾਲ ਨਾਲ ਪੰਜਾਬੀਆਂ ਨੂੰ ਵਿਦੇਸ਼ਾਂ ਦਾ ਹਸਪਤਾਲਾਂ ਵਰਗੀਆਂ ਮੁਫਤ ਸਿਹਤ ਸਹੂਲਤਾਂ ਦੇਣ ਦਾ ਮੁੜ ਭਰੋਸਾ ਦਿੱਤਾ ਹੈ। ਇਹ ਗੱਲ ਤਾਂ ਮੰਨ ਲੈਣੀ ਚਾਹੀਦੀ ਹੈ ਕਿ ਰੱਬ ਭਰੋਸੇ ਛੱਡੇ ਸਿਹਤ ਦੇ ਖੇਤਰ ਦੀ ਕਾਇਆ ਕਲਪ ਕਰਨ ਲਈ ਹੱਥ ‘ਤੇ ਸਰੋਂ ਜਮਾਉਣੀ ਅਸੰਭਵ ਨਹੀਂ ਤਾਂ ਮੁਸ਼ਕਲ ਜਰੂਰ ਹੈ।

ਨਵੀਂ ਸਰਕਾਰ ਨੇ  ਇਸ ਪਾਸੇ ਵੱਲ ਨੂੰ ਇੱਕ ਹੋਰ ਮਹੱਤਵ ਪੂਰਨ ਪੁਲਾਂਘ ਭਰ ਲਈ ਹੈ। ਇਸ ਕੜੀ ਵਿੱਚ ਸਭ ਤੋਂ ਪਹਿਲਾਂ ਸਿਹਤ ਵਿਭਾਗ ਨੇ ਨਿੱਜੀ ਹਸਪਤਾਲਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜਿਨਾਂ ਹਸਪਤਾਲਾਂ ਦੀ ਸ਼ਾਮਤ ਆ ਰਹੀ ਹੈ ਉਨ੍ਹਾਂ ਵਿੱਚੋਂ ਮੈਕਸ, ਫੋਰਟਿਸ, ਅਪੋਲੋ ਅਤੇ ਮਲੇਨੀਅਮ ਸਮੇਤ ਕਈ ਹੋਰ ਵੱਡੇ ਅਦਾਰੇ ਸ਼ਾਮਲ ਹਨ। ਸਰਕਾਰ ਨੇ ਇਨ੍ਹਾਂ ਹਸਪਤਾਲਾਂ ਵੱਲੋਂ ਸਬਸਿਡੀ ‘ਤੇ ਜ਼ਮੀਨਾਂ ਲੈਣ ਬਦਲੇ ਮਰੀਜ਼ਾਂ ਨੂੰ ਸਸਤੀਆਂ ਦਰਾਂ ‘ਤੇ ਇਲਾਜ ਦੇਣ ਦਾ ਵਾਅਦਾ ਕੀਤਾ ਸੀ। ਰਾਜ ਸਰਕਾਰਾ  ਵੱਲੋਂ ਇਨ੍ਹਾਂ ਹਸਪਤਾਲਾ ਨੂੰ ਸਬਸਿਡੀ ‘ਤੇ ਜ਼ਮੀਨ ਦੇ ਦਿੱਤੀ ਗਈ ਪਰ ਇਹ ਸਸਤੀਆਂ ਦਰਾਂ ‘ਤੇ ਇਲਾਜ ਦੇਣ ਤੋਂ ਮੁਕਰੇ ਰਹੇ। ਇੱਕ ਵੱਡੇ ਹਸਪਤਾਲ ਨੇ ਮੋਹਾਲੀ ਵਿੱਚ 99 ਸਾਲ ਦੀ ਲੀਜ਼ ‘ਤੇ ਕੋਡੀਆਂ ਦਾ ਭਾਅ ਕਈ ਏਕੜ ਜ਼ਮੀਨ ਲੈ ਲਈ ਸੀ ਪਰ ਹੁਣ ਤੱਕ ਆਮਦਨ ਦਾ ਇੱਕ ਹਿੱਸਾ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਖਾਤੇ ਵਿੱਚ ਜਮਾ ਕਰਾਉਣ ਤੋਂ ਟਾਲਾ ਵੱਟਦਾ ਆ ਰਿਹਾ ਹੈ। ਪੰਜਾਬ ਸਰਕਾਰ ਨੂੰ ਇਨ੍ਹਾਂ ਹਸਪਤਾਲਾਂ ਦੇ ਖ਼ਿਲਾਫ਼ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲੀਆਂ ਹਨ। ਉਂਝ ਅਜਿਹੀਆਂ ਸ਼ਿਕਾਇਤਾਂ ਪਹਿਲੀਆਂ ਸਰਕਾਰਾਂ ਨੂੰ ਵੀ ਮਿਲਦੀਆਂ ਰਹੀਆਂ ਸਨ ਪਰ ਉਨ੍ਹਾਂ  ਸਮਿਆਂ ਵਿੱਚ ਲੋਕਾਂ ਦੀ ਸਿਹਤ ਨਾਲੋਂ ਸੁਆਰਥ ਭਾਰੂ ਪੈਂਦੇ ਰਹੇ।

ਪਤਾ ਲੱਗਾ ਹੈ ਕਿ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਰਾਜ ਦੇ ਸਾਰੇ ਉਨ੍ਹਾਂ ਹਸਪਤਾਲਾਂ ਦਾ ਰਿਕਾਰਡ ਤਲਬ ਕਰ ਲਿਆ ਹੈ ਜਿਨ੍ਹਾਂ ਨੇ ਸਸਤੀਆਂ ਦਰਾਂ ‘ਤੇ ਇਲਾਜ ਦੇਣ ਦਾ ਭਰੋਸਾ ਦੇ ਕੇ  ਜ਼ਮੀਨਾਂ ਸਬਸਿਡੀ ‘ਤੇ ਲਈਆਂ ਸਨ। ਇਨ੍ਹਾਂ ਹਸਪਤਾਲਾਂ ਵੱਲੋਂ ਆਰਥਿਕ ਤੌਰ ‘ਤੇ ਕਮਜੋਰ ਵਰਗਾਂ ਨੂੰ ਮੁਫਤ ਇਲਾਜ ਦੇਣ ਦੀ ਸ਼ਰਤ ਵੀ ਮੰਨੀ ਗਈ ਸੀ । ਦਾ ਖ਼ਾਲਸ ਟੀਵੀ ਦੀ ਜਾਣਕਾਰੀ ਮੁਤਾਬਿਕ ਸਿਹਤ ਵਿਭਾਗ ਨੇ ਉਨ੍ਹਾਂ ਹਸਪਤਾਲਾਂ ਨੂੰ ਓਪੀਡੀ, ਆਈਪੀਡੀ ਅਤੇ ਆਪ੍ਰੇਸ਼ਨਾਂ ਸਮੇਤ ਹੋਰ ਸਾਰਾ ਸਬੰਧਿਤ ਰਿਕਾਰਡ ਵੱਖ ਵੱਖ ਜਮਾਂ ਕਰਾਉਣ ਲਈ ਇੱਕ ਹਫਤੇ ਦੀ ਮੋਹਲਤ ਦੇ ਦਿੱਤੀ ਹੈ। ਸਿਹਤ ਮੰਤਰੀ ਵੱਲੋਂ ਸੈਕਟਰੀ ਹੈਲਥ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ ਜਿਹੜੀ ਰਿਕਾਰਡ ਦੀ ਜਾਂਚ ਕਰੇਗੀ। ਉਂਝ ਸਰਕਾਰ ਚਾਹੇ ਸਖਤੀ ਕਰ ਦੇ ਰੌਂਅ ਵਿੱਚ ਹੈ ਪਰ ਅੰਦਰ ਖਾਤੇ ਰਿਕਾਰਡ ਜਮ੍ਹਾਂ ਕਰਾਉਣ ਦੀ ਮਿਆਦ ਵਿੱਚ ਹੋਰ ਮੋਹਲਤ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ 21 ਅਜਿਹੇ ਹਸਪਤਾਲ ਹਨ ਜਿਹੜੇ ਸਰਕਾਰ ਦੀ ਜਾੜ ਹੇਠਾਂ ਆਉਣਗੇ। ਉਨ੍ਹਾਂ ਵਿੱਚ ਮੋਹਾਲੀ, ਬਠਿੰਡਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਜਿਆਦਾਤਰ ਹਸਪਤਾਲ ਸ਼ਾਮਲ ਹਨ। ਇਨ੍ਹਾਂ ਹਸਪਤਾਲਾਂ ਦੀਆਂ ਪੰਜਾਬ ਤੋਂ ਬਾਹਰ ਵੀ ਬਰਾਂਚਾ ਚੱਲ ਰਹੀਆਂ ਹਨ।  

ਸਿਹਤ ਮੰਤਰੀਲ ਵਿਜੇ ਸਿੰਗਲਾ ਨੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਹਸਪਤਾਲਾ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਸਪਤਾਲਾਂ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਨੂੰ ਮੁਹੱਲਾ ਕਲੀਨਿਕਾਂ ਖੋਲਣ ਤੋਂ ਪਹਿਲਾਂ ਸਿਹਤ ਸੁਧਾਰ ਲਈ ਹੋਰ ਬੜਾ ਕੁਝ ਕਰਨ ਦੀ ਜਰੂਰਤ ਹੈ । ਪੇਂਡੂ ਖੇਤਰ ਦੇ ਹਸਪਤਾਲਾਂ ‘ਚ ਦੋ ਸਾਲ ਤੋਂ ਦਵਾਈਆਂ ਨਹੀਂ ਹਨ। ਹਸਪਤਾਲਾਂ ਵਿੱਚ ਡਾਕਟਰਾਂ ਦੀ ਵੱਡੀ ਘਾਟ ਹੈ। ਹੋਰ ਤਾਂ ਹੋਰ ਜਿਲ੍ਹਾ ਹਸਪਤਾਲ ਮਾਹਰਾਂ ਤੋਂ ਸੱਖਣੇ ਹਨ। ਸਭ ਤੋਂ ਪਹਿਲਾਂ ਡਾਕਟਰਾਂ ਸਮੇਤ ਮੁਢਲਾ ਆਧਾਰੀ ਢਾਂਚਾ  ਖੜ੍ਹਾ ਕਰਨ ਦੀ ਲੋੜ ਹੈ।  ਲੋਕਾਂ ਦੀ ਜਾਨ ਨਾਲ ਖੇਡ ਰਹੇ ਝੋਲਾ ਛਾਪ ਡਾਕਟਰਾਂ ਦੀਆਂ ਦੁਕਾਨਾਂ ਪਹਿਲ ਦੇ ਆਧਾਰ ‘ਤੇ ਬੰਦ ਹੋਣੀਆਂ ਚਾਹੀਦੀਆਂ ਹਨ। ਮਾਵਾਂ ਦੀਆਂ ਕੁੱਖਾਂ ਵਿੱਚ ਧੀਆਂ ਕਤਲ ਕਰਾਉਣ ਦੇ ਦੋਸ਼ੀ ਗੈਰਕਾਨੂੰਨੀ ਡਾਇਗਨੌਸਟਿ ਸੈਂਟਰ ਵੀ ਪਹਿਲ ਦੇ ਆਧਾਰ ‘ਤੇ ਬੰਦ ਹੋਣੇ ਚਾਹੀਦੇ ਹਨ। ਸਭ ਤੋਂ ਵੱਡੀ ਲੋੜ ਤਾਂ ਸਿਹਤ ਬਜਟ ਵਿੱਚ ਵਾਧਾ ਕਰਨ ਦੀ ਹੈ। ਅੱਧੀਆਂ ਤੋਂ ਵੱਧ ਅਲਗਰਜ਼ੀਆਂ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਕੇ ਚਲਦੀਆਂ ਰਹੀਆਂ ਹਨ।