India Khaas Lekh Khalas Tv Special Punjab

ਭਾਜਪਾ ਦੀ ਸਿੱਖਾਂ ਨੂੰ ਭਰਮਾਉਣ ਅਤੇ ਪੰਜਾਬ ਨੂੰ ਨਾਲ ਜੋੜਨ ਦੀ ਚਾਲ

ਕਮਲਜੀਤ ਸਿੰਘ ਬਨਵੈਤ
ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ ਨੇ ਜਥੇਬੰਦਕ ਪੱਧਰ ‘ਤੇ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਭਾਜਪਾ ਸੰਸਦੀ ਬੋਰਡ ਚੋਂ ਜਿੱਥੇ ਕੈਬਨਿਟ ਮੰਤਰੀ ਨਿਤਿਨ ਗਡਕਰੀ ਨੂੰ ਬਾਹਰ ਕਰਨ ਦੇ ਵੱਡੇ ਅਰਥ ਹਨ ਉੱਥੇ ਪੰਜਾਬ ਤੋਂ ਰੋਪੜ ਜਿਲ੍ਹੇ ਦੇ ਜੰਮਪਲ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਨਿਯੁਕਤੀ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਸੰਸਦੀ ਬੋਰਡ ਵਿੱਚ ਸਿੱਖ ਨੇਤਾ ਨੂੰ ਅਹਿਮ ਥਾਂ ਦੇਣ ਦਾ ਸਿੱਧਾ ਮਤਲਬ ਹੈ ਕਿ ਭਾਜਪਾ ਹਾਈਕਮਾਂਡ ਸਿੱਖਾਂ ਨੂੰ ਭਰਮਾਉਣ ਅਤੇ ਪੰਜਾਬ ਵਿੱਚ ਪਾਰਟੀ ਦੀ ਜ਼ਮੀਨ ਇੱਕਠੀ ਕਰਨ ਦੀ ਚਾਲ ਚੱਲਣ ਲੱਗੇ ਹਨ। ਸਿੱਖ ਭਾਈਚਾਰੇ ਵਿੱਚ ਆਪਣੀ ਪੈਂਠ ਵਧਾਉਣ ਅਤੇ ਫੋਕਸ ਸਿੱਖਾਂ ਨੂੰ ਨਾਲ ਜੋੜਨਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਿੱਖ ਲੀਡਰ ਨੂੰ ਏਡੀ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਲਾਲਪੁਰਾ ਉਨ੍ਹਾਂ ਸਿੱਖ ਪੁਲਿਸ ਅਫ਼ਸਰਾਂ ਵਿੱਚੋਂ ਹਨ ਜਿਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕੀਤਾ ਸੀ। ਨਿਰੰਕਾਰੀ ਕਾਂਡ ਨਾਲ ਸਬੰਧਿਤ ਇੱਕ ਕੇਸ ਵਿੱਚ ਸੰਤ ਭਿੰਡਰਾਂ ਵਾਲਿਆਂ ਨੇ ਇਹ ਸ਼ਰਤ ਲਈ ਸੀ ਕਿ ਉਨ੍ਹਾਂ ਦੀ ਗ੍ਰਿਫਤਾਰੀ ਸਿਰਫ ਸਿੱਖ ਪੁਲਿਸ ਅਫ਼ਸਰ ਕਰ ਸਕਣਗੇ। ਦੂਜੇ ਸਿੱਖ ਪੁਲਿਸ ਅਫ਼ਸਰਾਂ ਵਿੱਚ ਜਰਨੈਲ ਸਿੰਘ ਚਾਹਲ ਅਤੇ ਐਸਡੀਐਮ ਬੀਐਸ ਭੁੱਲਰ ਸ਼ਾਮਲ ਸਨ। ਉਹ ਪੰਜਾਬ ਵਿੱਚੋਂ ਡੀਆਈਜੀ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਨੇ ਸਿੱਖ ਧਰਮ ਅਤੇ ਪੰਜਾਬ ਸੱਭਿਆਚਾਰ ਬਾਰੇ ਡੇਢ ਦਰਜਨ ਕਿਤਾਬਾਂ ਲਿਖੀਆਂ ।

 

ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2006 ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਸਿੱਖ ਸਹਿਤਕਾਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰੇ ਸਿੱਖਾਂ ਦਾ ਮਸੀਹਾ ਦੇ ਨਾਂ ਹੇਠ ਲਿਖਿਆ ਕਾਫੀ ਚਰਚਾ ਵਿੱਚ ਰਿਹਾ ਹੈ । ਇਸ ਤੋਂ ਪਹਿਲਾਂ ਪੰਜਾਬ ਤੋਂ ਸਿੱਖ ਨੇਤਾ ਹਰਜੀਤ ਸਿੰਘ ਗਰੇਵਾਲ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਹੈ ਅਤੇ ਹਰਦੀਪ ਸਿੰਘ ਪੁਰੀ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦੇ ਵੀ ਨਿਵਾਜ਼ਿਆ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਭਾਜਪਾ ਵਿੱਚ ਕਈ ਸਿੱਖ ਚਿਹਰੇ ਸ਼ਾਮਲ ਕੀਤੇ ਗਏ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੇ ਕਈ ਸਾਥੀ ਮੰਤਰੀ ਰੰਗ ਨਹੀਂ ਦਿਖਾ ਸਕੇ।

 

ਇਸ ਤੋਂ ਪਹਿਲਾਂ ਭਾਜਪਾ ਨੇ ਇੱਕ ਵਾਰ 2014 ਨੂੰ ਸੰਸਦੀ ਬੋਰਡ ਵਿੱਚ ਵੱਡਾ ਫੇਰਬਦਲ ਕਰਦਿਆਂ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ , ਸਾਬਕਾ ਕੇਂਦਰੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜ਼ੋਸੀ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਉਸ ਵੇਲੇ ਭਾਜਪਾ ਨੇ ਬਜ਼ੁਰਗ ਨੇਤਾਵਾਂ ਨੂੰ ਬਾਹਰ ਅਤੇ ਨੌਜਵਾਨਾਂ ਨੂੰ ਸੰਸਦੀ ਬੋਰਡ ਵਿੱਚ ਸ਼ਾਮਲ ਕਰਨ ਦਾ ਬਹਾਨਾ ਲੱਭਿਆ ਸੀ ਪਰ ਇਸ ਵਾਰ ਪਹਿਲੇ ਫੈਸਲੇ ਦੇ ਉਲਟ ਨੌਜਵਾਨਾਂ ਨੂੰ ਬਾਹਰ ਅਤੇ ਬਜ਼ੁਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ । ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਭ ਤਂ ਸਿਖਰਲੀ ਜਥੇਬੰਦ ਇਕਾਈ ਤੋਂ ਬਾਹਰਲਾ ਰਸਤਾ ਦਿਖਾ ਦਿੱਤਾ ਗਿਆ ਹੈ।

ਲਾਲਪੁਰਾ ਨੇ 2012 ਨੂੰ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਸੀ। ਉਨ੍ਹਾਂ ਨੇ 2022 ਦੀ ਚੋਣ ਵਿਧਾਨ ਸਭਾ ਹਲਕਾ ਰੋਪੜ ਤੋਂ ਲੜੀ ਪਰ ਜਿੱਤ ਨਹੀਂ ਸਕੇ। ਭਾਜਪਾ ਨੂੰ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ ਦੋ ਨਾਲ ਸਬਰ ਕਰਨਾ ਪਿਆ ਸੀ। ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਸਭ ਤੋਂ ਘੱਟ ਵੋਟਾਂ ਭਾਜਪਾ ਨੂੰ ਪਈਆਂ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 35.6 ਫ਼ੀਸਦੀ . ਆਮ ਆਦਮੀ ਪਾਰਟੀ ਨੂੰ 34.7 ਫ਼ੀਸਦੀ , ਕਾਂਗਰਸ ਨੂੰ 11.21 ਫ਼ੀਸਦੀ, ਭਾਜਪਾ ਨੂੰ 9.33 ਫ਼ੀਸਦੀ ਅਤੇ ਅਕਾਲੀ ਦਲ ਬਾਦਲ ਨੂੰ 6.25 ਫ਼ੀਸਦੀ ਵੋਟਾਂ ਪਈਆਂ ਸਨ।

 

 

ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਤਰੇੜਾਂ ਪੈਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਡਾ ਦੀ ਤਿਕੜੀ ਲਗਾਤਾਰ ਸਿੱਖਾਂ ਨਾਲ ਨੇੜਲੇ ਸਬੰਧ ਕਾਇਮ ਕਰਨ ਵਿੱਚ ਲੱਗੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਤਿੰਨ ਵਾਰ ਸਿੱਖਾਂ ਦਾ ਪ੍ਰਤੀਨਿਧ ਵਫ਼ਦ ਨਾਲ ਮੀਟਿੰਗਾਂ ਕਰ ਚੁੱਕੇ ਹਨ। ਇਹ ਵੱਖਰੀ ਗੱਲ ਹੈ ਕਿ ਇਸ ਵਿੱਚੋਂ ਹਾਲੇ ਤੱਕ ਨਿਕਲਿਆਂ ਕੁਝ ਨਹੀਂ ਹੈ। ਇੱਕ ਪਾਸੇ ਭਾਜਪਾ ਸਿੱਖਾਂ ਨਾਲ ਹੇਜ਼ ਦਿਖਾ ਰਹੀ ਹੈ ਦੂਜੇ ਪਾਸੇ ਲਗਾਤਾਰ ਪੰਜਾਬ ਨਾਲ ਵਿਤਕਰੇ ਵਾਲੇ ਫੈਸਲੇ ਲਏ ਜਾ ਰਹੇ ਹਨ। ਪੰਜਾਬ ਵਿੱਚ ਬੀਐਸਐਫ ਦਾ ਘੇਰਾ 15 ਤੋਂ ਵਧਾ ਕੇ 54 ਕਿਲੋਮੀਟਰ ਕਰਨ, ਭਾਖੜਾ ਬਿਆਸ ਮੈਨਜ਼ਮੈਂਟ ਬੋਰਡ ਚੋਂ ਪੰਜਾਬ ਦੀ ਪ੍ਰਤੀਨਿੱਧਤਾ ਖਤਮ ਕਰਨ ਅਤੇ ਚੰਡੀਗੜ੍ਹ ਵਿੱਚ ਕੇਂਦਰੀ ਸਰਵਸਿਜ਼ ਰੂਲਜ਼ ਲਾਗੂ ਕਰਨ ਨਾਲ ਪੰਜਾਬੀਆਂ ਅਤੇ ਕੇਂਦਰ ਦਰਮਿਆਨ ਦੂਰੀ ਵਧੀ ਹੈ।

ਭਾਜਪਾ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਨਾਲ ਰਲ ਕੇ ਪੰਜਾਬ ਵਿੱਚ ਤਿੰਨ ਵਾਰ ਸਰਕਾਰ ਜਰੂਰ ਬਣਾ ਗਈ ਸੀ ਪਰ ਆਪਣੇ ਤੌਰ ‘ਤੇ ਹਾਲ ਦੀ ਘੜੀ ਪੰਜਾਬ ਵਿੱਚ ਪੈਰ ਲੱਗੇ ਆਸਾਨ ਨਹੀਂ। ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬੀ ਵਿਸ਼ੇਸ਼ ਕਰਕੇ ਸਿੱਖ ਕਿਸਾਨਾਂ ਦੀ ਭਾਜਪਾ ਨਾਲ ਪਹਿਲਾਂ ਤੋਂ ਦੂਰੀ ਹੋਰ ਵਧੀ ਹੈ। ਇਸਦੀ ਸਭ ਤੋਂ ਵੱਡੀ ਉਦਹਾਰਣ ਇਹ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹੱਕ ਵਿੱਚ ਨਾਂ ਹਿੰਦੂ ਅਤੇ ਨਾ ਹੀ ਸ਼ਹਿਰੀ ਵੋਟ ਭੁਗਤੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਕੇਡਰ ਵੋਟ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਈ ਹੈ। ਕਿਸਾਨ ਦੋਹਾਂ ਪਾਰਟੀਆਂ ਦੀ ਕਿਸਾਨ ਵੋਟ ਵੀ ਕਿਰੀ ਪਰ ਭਾਜਪਾ ਦੇ ਹੱਕ ‘ਚ ਨਹੀਂ ਗਈ।

ਅਸਲ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਗਸਤ ਦੀ ਪੰਜਾਬ ਫੇਰੀ ਨੂੰ ਵੀ ਅਗਲੀਆਂ ਚੋਣਾਂ ਅਤੇ ਮੌਜੂਦਾ ਰਣਨੀਤੀ ਨਾਲ ਜੋੜ ਕੇ ਦੇਖਿਆ ਜਾਣਾ ਬਣਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਖੋਲਣ ਨਾਲ ਵੱਧ ਰਹੀ ਹਰਮਨ ਪਿਆਰਤਾ ‘ਤੇ ਪੋਚਾ ਫੇਰਨ ਲਈ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਤੁਰੰਤ ਉਦਘਾਟਨ ਦਾ ਫੈਸਲਾ ਲਿਆ ਗਿਆ ਹੈ।

 

ਅਸਲ ਵਿੱਚ ਭਾਰਤੀ ਜਨਤਾ ਪਾਰਟੀ ਹਾਲੇ ਤੱਕ ਪੰਜਾਬੀਆਂ ਲਈ ਓਪਰੀ ਬਣਾ ਹੋਈ ਹੈ ਅਤੇ ਆਪਣਾ ਭਰੋਸਾ ਨਹੀਂ ਬਣਾ ਸਕੀ। ਪੰਜਾਬੀ ਖਾਸ ਕਰਕੇ ਸਿੱਖ ਭਾਈਚਾਰਾ ਹਿੰਦੂਤੱਤਵ ਦੇ ਏਜੰਡੇ ਨਾਲ ਸਹਿਮਤ ਨਹੀਂ ਅਤੇ ਨਾ ਹੀ ਭਗਵਾਂਕਰਨ ਦੀ ਨੀਤੀ ਨਾਲ ਸੁਰ ਰਲਦੀ ਹੈ। ਸਿੱਖਾਂ ਦੇ ਲੀਡਰ ਆਪਣੇ ਨਿੱਜੀ ਸਵਾਰਥਾਂ ਲਈ ਕੌਮ ਦੇ ਨਾਂ ‘ਤੇ ਚਾਹੇ ਵੱਡੇ ਅਹੁਦੇ ਲੈਂਦੇ ਰਹਿਣ । ਭਾਜਪਾ ਹਾਈਕਮਾਂਡ ਨੂੰ ਸਿੱਖਾਂ ਦੇ ਨੇੜੇ ਕਰਨ ਦੇ ਸੁਪਨੇ ਦਿਖਾਉਂਦੇ ਰਹਿਣ ਪਰ ਇਸ ਸੱਚ ਤੋਂ ਵੀ ਅੱਖਾਂ ਨਹੀਂ ਫੇਰੀਆਂ ਜਾ ਸਕਦੀਆਂ ਕਿ ਪੰਜਾਬ ਦੇ ਲੋਕ ਭਾਜਪਾ ਨਾਲ ਦਿਲੋਂ ਨਹੀਂ ਜੁੜ ਸਕੇ ਹਨ। ਉਂਝ ਸਿੱਖਾਂ ਦੀ ਸਿਆਸੀ ਪਾਰਟੀਆਂ ਅਤੇ ਕੇਂਦਰ ਸਰਕਾਰ ਵਿੱਚ ਵੱਧ ਰਹੀ ਪੈਂਠ ਨੂੰ ਲੈ ਕੇ ਭਾਈਚਾਰਾ ਮਾਣ ਮਹਿਸੂਸ ਜਰੂਰ ਕਰ ਰਿਹਾ ਹੈ। ਸਿੱਖਾਂ ਨੇ ਦੇਸ ਨਹੀਂ ਵਿਦੇਸ਼ ਦੀ ਸਿਆਸਤ ਵਿੱਚ ਵੀ ਸਨਮਾਨਯੋਗ ਥਾਂ ਬਣਾਈ ਹੈ।

…. ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2006 ਵਿੱਚ ਲਾਲਪੁਰਾ ਨੂੰ ਸ਼੍ਰੋਮਣੀ ਸਿੱਖ ਸਹਿਤਕਾਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ
…. ਲਾਲਪੁਰਾ ਉਨ੍ਹਾਂ ਸਿੱਖ ਪੁਲਿਸ ਅਫ਼ਸਰਾਂ ਵਿੱਚੋਂ ਹਨ ਜਿਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕੀਤਾ ਸੀ
…. ਭਾਜਪਾ ‘ਚ ਪਹਿਲਾਂ ਸ਼ਾਮਲ ਸਿੱਖ ਚਿਹਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੇ ਕਈ ਸਾਥੀ ਮੰਤਰੀ ਰੰਗ ਨਹੀਂ ਦਿਖਾ ਸਕੇ।
…. ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਸਭ ਤੋਂ ਘੱਟ ਵੋਟਾਂ ਭਾਜਪਾ ਨੂੰ ਪਈਆਂ ਸਨ
…. ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 35.6 ਫ਼ੀਸਦੀ . ਆਮ ਆਦਮੀ ਪਾਰਟੀ ਨੂੰ 34.7 ਫ਼ੀਸਦੀ , ਕਾਂਗਰਸ ਨੂੰ 11.21 ਫ਼ੀਸਦੀ, ਭਾਜਪਾ ਨੂੰ 9.33 ਫ਼ੀਸਦੀ ਅਤੇ ਅਕਾਲੀ ਦਲ ਬਾਦਲ ਨੂੰ 6.25 ਫ਼ੀਸਦੀ ਵੋਟਾਂ ਪਈਆਂ
…. ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਖੋਲਣ ਨਾਲ ਆਪ ਦੀ ਵੱਧ ਰਹੀ ਹਰਮਨ ਪਿਆਰਤਾ ‘ਤੇ ਪੋਚਾ ਫੇਰਨ ਲਈ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਉਦਘਾਟਨ ਦੀ ਕੀਤੀ ਕਾਹਲ
ਸੰਪਰਕ- 98147-34035