ਕਮਲਜੀਤ ਸਿੰਘ ਬਨਵੈਤ
‘ਦ ਖ਼ਾਲਸ ਬਿਊਰੋ : ਇਸ ਵਾਰ ਭਾਰਤ ਲਈ ਆਜ਼ਾਦੀ ਦਾ ਦਿਹਾੜਾ ਇਸ ਵਾਸਤੇ ਖ਼ਾਸ ਹਾ ਕਿਉਂਕਿ ਇਹ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਹੈ। ਇੱਕ ਲੰਮੇ ਸੰਘਰਸ਼ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਸੀ। ਅੰਗਰੇਜ਼ ਹਕੂਮਤ ਦੀ 200 ਸਾਲ ਤੱਕ ਲੰਮੀ ਗੁਲਾਮੀ ਹੰਢਾਉਣ ਵੇਲੇ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਅਜੇ ਵੀ ਇਤਿਹਾਸ ਦੇ ਪੰਨਿਆਂ ‘ਤੇ ਅੰਕਿਤ ਹਨ। ਬੜਾ ਕੁਝ ਅਜਿਹਾ ਵਾਪਰਿਆ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਬੜਾ ਕੁਝ ਅਜਿਹਾ ਵਾਪਰਿਆ ਜਿਸ ‘ਤੇ ਅਸੀਂ ਫ਼ਖਰ ਕਰ ਸਕਦੇ ਹਾਂ। ਅਸੀਂ ਪੰਜਾਬੀ ਵਿਸ਼ੇਸ਼ ਕਰਕੇ ਸਿੱਖ।
ਜੇਕਰ ਇਹ ਕਹਿ ਲਈਏ ਕਿ ਲਗਪਗ 1200 ਸਾਲ ਪਹਿਲਾਂ ਵਿਦੇਸ਼ੀ ਹਾਕਮਾਂ ਦਾ ਗੁਲਾਮ ਬਣੇ ਰਹੇ ਭਾਰਤ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਪਹਿਲਾਂ ਨਗਾਰਾ ਪੰਜਾਬ ਦੀ ਧਰਤੀ ਤੋਂ ਵਜਿਆ ਸੀ ਤਾਂ ਅਤਿਕਥਨੀ ਨਹੀਂ ਹੋਵੇਗੀ। ਪੰਦਰਵੀਂ ਸਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ “ਰਾਜੇ ਸ਼ੀਂਹ ਮੁਕੱਦਮ ਕੁੱਤੇ,ਜਾਏ ਜਗਾਇਣ ਬੈਠੇ ਸੁੱਤੇ” ਅਤੇ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ” ਕਹਿ ਕੇ ਫਿਟਕਾਰਨਾ ਉਸ ਘੋਰ ਹਨੇਰਗਰਦੀ ਦੇ ਯੁੱਗ ਵਿੱਚ ਇੱਕ ਬਗਾਵਤ ਦਾ ਹੋਕਾ ਸੀ।
ਮੁਗਲਾਂ ਮਗਰੋਂ ਭਾਰਤ ਦੀ ਆਜ਼ਾਦੀ ਖੋਹਣ ਵਾਲਾ ਗੋਰਾ ਅੰਗਰੇਜ਼ ਸੀ। ਦੇਸ਼ ਦੀ ਆਬਾਦੀ ਦਾ ਮਹਿਜ਼ ਪੌਣੇ ਦੋ ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖਾਂ ਨੇ ਆਜ਼ਾਦੀ ਦੇ ਘੋਲ ਵਿੱਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇ ਕੇ ਹਿੱਸਾ ਪਾਇਆ। ਅੰਗਰੇਜ਼ ਸਰਕਾਰ ਦੇ ਖੁਫੀਆ ਰਿਕਾਰਡ ਅਨੁਸਾਰ ਹਿੰਦੋਸਤਾਨ ਵਿੱਚ ਫ਼ਾਸੀਂ ਚਾੜੇ ਗਏ 47 ਸ਼ਹੀਦਾਂ ਵਿੱਚੋਂ 38 ਸਿੱਖ ਸਨ। ਜਾਇਦਾਦ ਜ਼ਬਤ ਕਰਨ ਦੀਆਂ ਸਜ਼ਾਵਾਂ ਭੁਗਤਣ ਵਾਲੇ 38 ਵਿੱਚੋਂ 31 ਸਿੱਖ ਸਨ। ਕਾਲੇ ਪਾਣੀ ਦੀ ਸਜ਼ਾ 29 ਸ਼ਹੀਦਾਂ ਨੂੰ ਦਿੱਤੀ ਗਈ ਜਿਨਾਂ ਵਿੱਚੋਂ 18 ਸਿੱਖ ਸਨ।
ਹੋਰ ਵਿਸਥਾਰ ਨਾਲ ਗੱਲ ਕਰੀਏ ਤਾਂ ਦੇਸ਼ ਆਜ਼ਾਦ ਹੋਣ ਤੱਕ ਅੰਗਰੇਜ਼ ਹਕੂਮਤ ਵਿਰੁੱਧ ਜੰਗ ਦੌਰਾਨ ਕੁੱਲ 121 ਸ਼ਹੀਦਾਂ ਨੇ ਫ਼ਾਸੀ ਦਾ ਰੱਸਾ ਚੁੰਮਿਆ ਜਿਨਾਂ ਵਿੱਚੋਂ 93 ਸਿੱਖ ਸਨ। ਉਮਰ ਕੈਦ ਦੀ ਸਜ਼ਾ ਕੱਟਣ ਵਾਲੇ 2646 ਆਜ਼ਾਦੀ ਘੁਲਾਟੀਆਂ ਵਿੱਚੋਂ 2147 ਸਿੱਖ ਸਨ। ਜੱਲ੍ਹਿਆਵਾਲੇ ਬਾਗ ਦੇ ਸਾਕੇ ਦੇ 1300 ਸ਼ਹੀਦਾਂ ਵਿੱਚੋਂ 799 ਸਿੱਖ ਸਨ। ਜੇਕਰ ਭਾਰਤ ਦੀ ਆਜ਼ਾਦੀ ਵਿੱਚ ਪੰਜਾਬੀਆਂ ਦੀ ਆਜ਼ਾਦੀ ਦੀ ਮੁਲੰਕਣ ਕਰਦੇ ਹਾਂ ਤਾਂ 90 ਫ਼ੀਸਦੀ ਦੀ ਸੇਹਰਾ ਪੰਜਾਬ ਨੂੰ ਜਾਂਦਾ ਹੈ। ਵਸ਼ਿੰਗਟਨ ਦੀ ਰਿਪੋਰਟ ਮੁਤਾਬਿਕ ਵੰਡ ਨੇ ਦਸ ਲੱਖ ਤੋਂ ਵੱਧ ਲੋਕਾਂ ਦੀ ਬਲੀ ਲਈ ਅਤੇ ਡੇਢ ਕਰੋੜ ਦੀ ਕਰੀਬ ਨੂੰ ਘਰ ਬਾਰ ਛੱਡਣਾ ਪਿਆ। ਵੰਡ ਦੇ ਨਾਂ ‘ਤੇ ਐਨੇ ਵੱਡੇ ਕਤਲੇਆਮ ਦੀ ਮਿਸਾਲ ਸ਼ਾਇਦ ਹੀ ਕਦੇ ਦੇਖਣ ਨੂੰ ਮਿਲੀ ਹੋਵੇ।
ਦੂਜਾ ਪੱਖ ਇਹ ਵੀ ਪਿਛਲੇ 75 ਸਾਲਾਂ ਦੌਰਾਨ ਦੇਸ਼ ਨੇ ਕਈ ਪੱਖਾਂ ਤੋਂ ਤਰੱਕੀ ਕੀਤੀ। ਇਹ ਕਹਿਣਾ ਵੀ ਦੁਰੱਸਤ ਨਹੀਂ ਹੋਵੇਗਾ ਕਿ ਮੁਲਕ ‘ਤੇ ਕਈ ਸੰਕਟ ਅਤੇ ਮੁਸੀਬਤਾਂ ਨਹੀਂ ਪਈਆਂ। ਦੋਹਾਂ ਦੇ ਵਿਚਕਾਰਲਾ ਅਸਲ ਸੱਚ ਤਾਂ ਇਹ ਹੈ ਕਿ ਪੌਣੀ ਸਦੀ ਬਾਅਦ ਵੀ ਵੱਡੀ ਗਿਣਤੀ ਵਸੋਂ ਗੁਰਬਤ ਦੀ ਜ਼ਿੰਦਗੀ ਜੀਅ ਰਹੀ ਹੈ। ਬੇਰੁਜ਼ਗਾਰੀ ਵੱਡੀ ਚੁਣੌਤੀ ਬਣ ਉੱਭਰੀ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਦੌਰਾਨ ਮਹਿਜ਼ 0.3 ਫ਼ੀਸਦੀ ਨੂੰ ਹੀ ਪੱਕੀ ਨੌਕਰੀ ਮਿਲੀ ਹੈ। ਸਾਲ 20 ਤੋਂ 24 ਦੇ ਵਿਚਕਾਰਲੀ ਉਮਰ ਦੇ 43.7 ਫ਼ੀਸਦੀ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਹਨ। ਕੰਮਕਾਜ਼ੀ ਔਰਤਾਂ ਦੀ ਗਿਣਤੀ 26 ਤੋਂ ਘੱਟ ਕੇ 19 ਫ਼ੀਸਦੀ ਰਹਿ ਗਈ ਹੈ।
ਜਾਤਪਾਤ ਅਤੇ ਭੇਦਭਾਵ ਖਤਮ ਕਰਨ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਦੇਸ਼ ਦੀ 75ਵੀਂ ਆਜ਼ਾਦੀ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਹਰਿਆਣਾ ਦੇ ਇੱਕ ਸਕੂਲ ਅਧਿਆਪਕ ਨੇ ਆਪਣੇ ਹੀ ਦਲਿਤ ਵਿਦਿਆਰਥੀ ਨੂੰ ਇਸ ਕਰਕੇ ਬੇਹਰਿਮੀ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਕਿਉਂਕਿ ਉਸ ਨੇ ਅਧਿਆਪਕ ਦੇ ਪਾਣੀ ਵਾਲੇ ਘੜੇ ਵਿੱਚੋਂ ਚੁਲੀ ਭਰ ਲਈ ਸੀ। ਹਾਲ ਦੀ ਘੜੀ ਬਰਾਬਰਤਾ ਅਤੇ ਮਨੁੱਖੀ ਹੱਕਾਂ ਦਾ ਘਾਣ ਹੋਣੋਂ ਨਹੀਂ ਰੁੱਕ ਸਕਿਆ।
ਦੇਸ਼ ਨੂੰ ਘੁਣ ਵਾਂਗ ਖਾ ਰਹੇ ਭ੍ਰਿਸ਼ਟਾਚਾਰ ਅਤੇ ਸਿਆਸਤ ਸਮੇਤ ਦੂਜੇ ਖੇਤਰਾਂ ਵਿੱਚ ਪਰਿਵਾਰਵਾਦ ਦਾ ਜ਼ਿਕਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦਿੱਤੇ ਆਪਣੇ ਭਾਸ਼ਣ ਵਿੱਚ ਕੀਤਾ ਹੈ। ਅਗਲੇ ਕੁਝ ਸਾਲਾਂ ਵਿਚ ਆਬਾਦੀ ਪੱਖੋਂ ਅਸੀਂ ਚੀਨ ਨੂੰ ਪਿੱਛੇ ਛੱਡ ਜਾਵਾਂਗੇ। ਚਿੰਤਾ ਦਾ ਇਹ ਇੱਕ ਵੱਡਾ ਵਿਸ਼ਾ ਹੈ। ਖੇਤੀ ਦੇ ਸੰਕਟ ਅਤੇ ਕਰਜ਼ੇ ਹੇਠ ਦੱਬੀ ਕਿਸਾਨੀ ਨੂੰ ਹਾਲੇ ਹਾਕਮਾਂ ਨੇ ਵੱਡੀ ਮੁਸੀਬਤ ਨਹੀਂ ਮੰਨਿਆ।
ਹਥਿਆਰਾਂ ਅਤੇ ਪ੍ਰਮਾਣੂ ਬੰਬ ‘ਤੇ ਖਰਚਿਆ ਜਾ ਰਿਹਾ ਸਰਮਾਇਆ ਦੇਸ਼ ਨੂੰ ਆਰਥਿਕ ਤੌਰ ‘ਤੇ ਖੋਖਲਾ ਕਰ ਰਿਹਾ ਹੈ। ਅਮਨ ਕਾਨੂੰਨ ਦਾ ਵਿਸ਼ਾ ਸਰਕਾਰਾਂ ਲਈ ਹਾਲੇ ਸੱਚੀਂ ਮੁੱਚੀ ਦੀ ਸਿਰ ਦਰਦੀ ਨਹੀਂ ਬਣਿਆ ਹੈ। ਕੋਵਿਡ ਦੀ ਮਾਰ ਵੀ ਦੇਸ਼ ਦੇ ਵਿਕਾਸ ਵਿੱਚ ਵੱਡਾ ਰੋੜਾ ਬਣੀ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਮੁਲਕ ਨੂੰ ਮੁੜ ਪੈਰਾਂ ‘ਤੇ ਖੜ੍ਹੇ ਹੋਣ ਲਈ 13 ਸਾਲ ਲੱਗਣਗੇ। ਕੋਵਿਡ ਦੇ ਪਰਕੋਪ ਦੇ ਤਿੰਨ ਸਾਲਾਂ ਦੌਰਾਨ 50 ਲੱਖ ਕਰੋੜ ਦਾ ਉਤਪਾਦਨ ਘਟਿਆ ਹੈ।
ਅੱਜ ਦੇਸ਼ ਦੀ ਆਜ਼ਾਦੀ ਦੇ ਜਸ਼ਨ ਮਨਾਉਣ ਦੇ ਨਾਲ ਨਾਲ ਅਗਲੇ 25 ਸਾਲਾਂ ਲਈ ਰੋਡ ਮੈਪ ਤਿਆਰ ਕਰਨਾ ਪਵੇਗਾ ਤਾਂ ਹੀ 2047 ਨੂੰ ਆਜ਼ਾਦੀ ਦੀ ਸੌ ਸਾਲ ਧੌਣ ਉੱਚੀ ਕਰਕੇ ਮਨਾ ਸਕਾਂਗੇ। ਸਰਕਾਰਾਂ ਨੂੰ ਅੱਜ ਤੋਂ ਹੀ ਇਹ ਸੰਕਲਪ ਕਰਨਾ ਪਵੇਗਾ ਕਿ ਦੇਸ਼ ਦਾ ਕੋਈ ਵੀ ਵਾਸੀ ਰਾਤ ਨੂੰ ਭੁੱਖੇ ਪੇਟ ਨਾ ਸੌਏਂ । ਇਲਾਜ ਖੁਣੋਂ ਮੌਤ ਦੇ ਮੂੰਹ ਵਿੱਚ ਨਾ ਜਾਵੇ। ਫੋਕੇ ਨਾਅਰੇ, ਦਾਅਵੇ ਅਤੇ ਵਾਅਦੇ ਜੇ ਮੁੜ ਹਵਾ ‘ਚ ਉੱਡ ਗਏ ਤਾਂ ਮੁਲਕ ਦਾ ਰੱਬ ਹੀ ਰਾਖਾ। ਜਾਂਦੇ ਜਾਂਦੇ ਇੱਕ ਹੋਰ ਸਵਾਲ ਕਿ ਕੀ ਅਸੀਂ ਸੱਚ ਮੁੱਚ ਓਸ ਸੁਤੰਤਰ ਭਾਰਤ ਦੇ ਵਾਸੀ ਹਾਂ ਜਿੱਥੋਂ ਦਾ ਪ੍ਰਧਾਨ ਮੰਤਰੀ ਨੂੰ ਆਜ਼ਾਦੀ ਦੇ ਜਸ਼ਨ ਮਨਾਉਣ ਦੀ ਅਕਲ ਦੇਣੀ ਪਵੇ। ਰਾਸ਼ਨ ਦੇ ਡਿਪੂਆਂ ਤੋਂ ਰਾਸ਼ਨ ਲੈਣ ਵੇਲੇ ਜ਼ਬਰੀ ਤਿਰੰਗਾ ਹੱਥ ਫੜਾਉਣ ਬਦਲੇ ਪੰਜ ਕਿਲੋ ਕਣਕ ਕਟਾਉਣੀ ਪਵੇ।
…. ਤੇ ਨਾ ਹੀ ਇੱਕ ਹੋਰ ਅੰਮ੍ਰਿਤਾ ਪ੍ਰੀਤਮ ਨੂੰ “ ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੌਂਦੀਆਂ ਤੈਨੂੰ ਵਾਰਸਸ਼ਾਹ ਨੂੰ ਕਹਿਣ ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ” ਦੀ ਹੂਕ ਮਾਰਨੀ ਪਵੇ।
…. ਦੇਸ਼ ਦੀ ਆਬਾਦੀ ਦਾ ਮਹਿਜ਼ ਪੌਣੇ ਦੋ ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖਾਂ ਨੇ ਆਜ਼ਾਦੀ ਦੇ ਘੋਲ ਵਿੱਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ
…. ਅੰਗਰੇਜ਼ ਸਰਕਾਰ ਦੇ ਖੁਫੀਆ ਰਿਕਾਰਡ ਅਨੁਸਾਰ ਹਿੰਦੋਸਤਾਨ ਵਿੱਚ ਫ਼ਾਸੀਂ ਚਾੜੇ ਗਏ 47 ਸ਼ਹੀਦਾਂ ਵਿੱਚੋਂ 38 ਸਿੱਖ ਸਨ
…. ਜਾਇਦਾਦ ਜ਼ਬਤ ਕਰਨ ਦੀਆਂ ਸਜ਼ਾਵਾਂ ਭੁਗਤਣ ਵਾਲੇ 38 ਵਿੱਚੋਂ 31 ਸਿੱਖ ਸਨ
…. ਕਾਲੇ ਪਾਣੀ ਦੀ ਸਜ਼ਾ 29 ਸ਼ਹੀਦਾਂ ਨੂੰ ਦਿੱਤੀ ਗਈ ਜਿਨਾਂ ਵਿੱਚੋਂ 18 ਸਿੱਖ ਸਨ
…. ਅੰਗਰੇਜ਼ ਹਕੂਮਤ ਵਿਰੁੱਧ ਜੰਗ ਦੌਰਾਨ ਕੁੱਲ 121 ਸ਼ਹੀਦਾਂ ਨੇ ਫ਼ਾਸੀ ਦਾ ਰੱਸਾ ਚੁੰਮਿਆ ਜਿਨਾਂ ਵਿੱਚੋਂ 93 ਸਿੱਖ ਸਨ
…. ਉਮਰ ਕੈਦ ਦੀ ਸਜ਼ਾ ਕੱਟਣ ਵਾਲੇ 2646 ਆਜ਼ਾਦੀ ਘੁਲਾਟੀਆਂ ਵਿੱਚੋਂ 2147 ਸਿੱਖ ਸਨ
…. ਜੱਲ੍ਹਿਆਵਾਲੇ ਬਾਗ ਦੇ ਸਾਕੇ ਦੇ 1300 ਸ਼ਹੀਦਾਂ ਵਿੱਚੋਂ 799 ਸਿੱਖ ਸਨ
….ਆਜ਼ਾਦੀ ਦੀ ਪਰਵਾਨਿਆਂ ਵਿੱਚ 90 ਫ਼ੀਸਦੀ ਗਿਣਤੀ ਪੰਜਾਬੀਆਂ ਦੀ
…. ਸਾਲ 20 ਤੋਂ 24 ਦੇ ਵਿਚਕਾਰਲੀ ਉਮਰ ਦੇ 43.7 ਫ਼ੀਸਦੀ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਹਨ
…. ਭਾਰਤੀ ਰਿਜ਼ਰਵ ਬੈਂਕ ਅਨੁਸਾਰ ਮੁਲਕ ਨੂੰ ਮੁੜ ਪੈਰਾਂ ‘ਤੇ ਖੜ੍ਹੇ ਹੋਣ ਲਈ 13 ਸਾਲ ਲੱਗਣਗੇ
…. ਕੋਵਿਡ ਦੇ ਪਰਕੋਪ ਦੇ ਤਿੰਨ ਸਾਲਾਂ ਦੌਰਾਨ 50 ਲੱਖ ਕਰੋੜ ਦਾ ਉਤਪਾਦਨ ਘਟਿਆ ਹੈ
ਸੰਪਰਕ- 98147-34035