India Punjab

Pvt ਹਸਪਤਾਲਾਂ ਦੇ ਮੁਫ਼ਤ ਇਲਾਜ ਦੇ 26 ਫ਼ੀਸਦੀ ਬਿੱਲ ਜ਼ਾਅਲੀ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਨਿੱਜੀ ਹਸਪਤਾਲਾਂ ਵੱਲੋਂ ਆਯੂਸ਼ਮਾਨ ਭਾਰਤ ਸਕੀਮ ਤਹਿਤ ਮੁਫਤ ਇਲਾਜ ਬੰਦ ਕੀਤਾ ਗਿਆ ਤੋਂ ਇੰਨਾ ਰੌਲਾ ਰੱਪਾ ਨਹੀਂ ਪਿਆ ਪਰ ਜਦੋਂ ਕੁਝ ਦਿਨ ਪਹਿਲਾਂ ਪੀਜੀਆਈ ਵੱਲੋਂ ਸੂਬੇ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਨਾਹ ਕਰ ਦਿੱਤੀ ਗਈ ਤਾਂ ਇੱਕ ਦਮ ਚੀਕ ਚਿਹਾੜਾ ਪਾ ਗਿਆ। ਪੀਜੀਆਈ ਸਰਕਾਰ ਸਿਹਤ ਸੰਸਥਾਂ ਹੈ। ਦੇਸ਼ ਨਹੀਂ , ਏਸ਼ੀਆ ਚੋਂ ਮੰਨਿਆ ਪਰਮੰਨਿਆ ਮੋਹਰੀ ਹਸਪਤਾਲ ਹੈ ਲੋਕਾਂ ਦੀ ਆਖ਼ਰੀ ਉਮੀਦ ਪੀਜੀਆਈ ‘ਤੇ ਹੁੰਦੀ ਹੈ। ਇਸ ਕਰਕੇ ਮਰੀਜ਼ਾਂ ਦੀ ਪੀੜ ਠੀਕ ਵੀ ਸੀ। ਪੰਜਾਬੀਆਂ ਦਾ ਸਕੀਮ ਬੰਦ ਹੋਣ ਨਾਲ ਦਰਦ ਇਸ ਕਰਕੇ ਵੀ ਵੱਧ ਗਿਆ ਕਿ ਬਦਲਾਅ ਦੀ ਉਮੀਦ ਨਾਲ ਲਿਆਂਦੀ ਸਰਕਾਰ ਤੋਂ ਅਜਿਹੀ ਉਮੀਦ ਨਹੀਂ ਸੀ। ਪ੍ਰਾਈਵੇਟ ਹਸਪਤਾਲਾਂ ਨੇ ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਫਰਿਸ਼ਤਾ ਸਕੀਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।


ਉਪਰੋਂ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੀਜੀਆਈ ਦੇ ਬਿੱਲ ਚਕਾਉਣ ਦੇ ਦਾਅਵੇ ਕਰਨ ਨਾਲ ਰਹੁੰਦੀ ਪੋਲ ਵੀ ਖੁੱਲ ਗਈ ਹੈ। ਪੀਜੀਆਈ ਪ੍ਰਸਾਸ਼ਨ ਦਾ ਅਧਕਾਰਿਤ ਤੌਰ ‘ਤੇ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਸਕੀਮ ਤਹਿਤ ਇਲਾਜ ਸ਼ੁਰੂ ਕੀਤਾ ਗਿਆ ਹੈ ਜਦਕਿ ਪੰਜਾਬ ਸਰਕਾਰ ਤੋਂ ਹਾਲੇ ਤੱਕ ਅਦਾਇਗੀ ਪ੍ਰਾਪਤ ਨਹੀਂ ਹੋਈ ਹੈ।


ਪੰਜਾਬ ਸਿਰ ਪੀਜੀਆਈ ਦੀ 16 ਕਰੋੜ ਦੀ ਦੇਣਦਾਰੀ ਖੜ੍ਹੀ ਹੈ ਜਿਸ ਲਈ 13 ਮਈ ਅਤੇ ਸੱਤ ਜੂਨ ਨੂੰ ਬਿੱਲਾਂ ਦੇ ਭੁਗਤਾਨ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਸਰਕਾਰ ਨੇ ਕੰਨ ਵਲੇਟੀ ਰੱਖੇ। ਪੰਜਾਬ ਤੋਂ ਪੀਜੀਆਈ ਵਿੱਚ ਹਰ ਮਹੀਨੇ ਆਯੂਸ਼ਮਾਨ ਭਾਰਤ ਸਕੀਮ ਤਹਿਤ 1200 ਤੋਂ 1400 ਮਰੀਜ਼ ਇਲਾਜ ਲਈ ਆ ਰਹੇ ਹਨ। ਦੂਜੇ ਬੰਨੇ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ ਇਸ ਸਕੀਮ ਤਹਿਤ ਦਸੰਬਰ 2021 ਨੂੰ ਮੁਫਤ ਇਲਾਜ ਕਰਨਾ ਬੰਦ ਕਰ ਦਿੱਤਾ ਸੀ। ਨਿੱਜੀ ਹਸਪਤਾਲਾਂ ਨੇ 300 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਤੱਕ ਮਰੀਜ਼ਾਂ ਦਾ ਇਲਾਜ ਬੰਦ ਕਰਨ ਦਾ ਫੈਸਲਾ ਲਿਆ ਸੀ।


ਇਸੇ ਦੌਰਾਨ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਦੇ ਪੋਲ ਖੋਲਦੇ ਅੰਕੜੇ ਸਾਹਮਣੇ ਆਏ ਹਨ। ਪੰਜਾਬ ਦੇ ਕਈ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਯੂਸ਼ਮਾਨ ਭਾਰਤ ਸਕੀਮ ਤਹਿਤ ਜਿਹੜੇ ਬਿੱਲ ਸਰਕਾਰ ਨੂੰ ਭੇਜੇ ਗਏ ਹਨ ਉਨਾਂ ਵਿਚੋਂ 26 ਫੀਸਦੀ ਬਿੱਲ ਜ਼ਾਅਲੀ ਨਿਕਲੇ ਹਨ। ਪੰਜਾਬ ਦੇ ਨਿੱਜੀ ਹਸਪਤਾਲ ਫਰਜ਼ੀ ਬਿੱਲ ਪੇਸ਼ ਕਰਕੇ ਜੇਬਾਂ ਭਰਨ ਪੱਖੋਂ ਮੁਲਕ ਭਰ ਵਿੱਚੋਂ ਉਪਰੋਂ ਤੀਜੇ ਥਾਂ ‘ਤੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਸਟੇਟ ਹੈਲਥ ਏਜੰਸੀ ਕੋਲ ਪੁੱਜੀ ਸੂਚਨਾ ਅਨੁਸਾਰ 17 ਰਾਜਾਂ ਦੇ ਨਿੱਜੀ ਹਸਪਤਾਲਾਂ ਵੱਲੋਂ 24152 ਜ਼ਾਅਲੀ ਬਿੱਲ ਭੇਜੇ ਗਏ ਹਨ ਜਿਨਾਂ ਵਿੱਚੋਂ 4812 ਬਿੱਲ ਸਿਰਫ ਪੰਜਾਬ ਦੇ ਹ8ਸਪਤਾਲਾਂ ਦੇ ਹਨ। ਹਰਿਆਣਾ ਦੇ ਹਸਪਤਾਲਾਂ ਵੱਲੋਂ 1349 ਜ਼ਾਅਲੀ ਬਿੱਲ ਪੇਸ਼ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਡਾਕਟਰ ਜ਼ਿਆਦਾ ਲਾਲਚੀ ਨਹੀਂ ਸਿਰਫ ਦੋ ਬਿੱਲ ਫਰਜ਼ੀ ਨਿਕਲੇ ਹਨ। ਪੰਜਾਬ ਜ਼ਾਅਲੀ ਬਿੱਲਾਂ ਨਾਲ ਪੈਸੇ ਵਟੋਰਨ ਪੱਖੋਂ ਉੱਪਰੋਂ ਤੀਜੇ ਨੰਬਰ ‘ਤੇ ਹੈ।


ਛੱਤੀਸ਼ਗੜ ਰਾਜ ਤੋਂ 6913 ਅਤੇ ਮੱਧ ਪ੍ਰਦੇਸ਼ ਤੋਂ 6529 ਸਭ ਤੋਂ ਵੱਧ ਜ਼ਾਅਲੀ ਬਿੱਲ ਭੇਜੇ ਗਏ ਹਨ। ਇਸ ਸਕੀਮ ਤਹਿਤ ਮਰੀਜ਼ਾਂ ਦਾ ਪੰਜ ਲੱਖ ਤੱਕ ਮੁਫਤ ਇਲਾਜ ਕੀਤਾ ਜਾਂਦਾ ਹੈ। ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਦਜੇ ਸ਼ੋਸ਼ਨ ਕਰਨ ਦੀ ਇਹ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮਾਰਚ 2021 ਵਿੱਚ ਕਰੋੜਾਂ ਦੇ ਜ਼ਾਅਲੀ ਬਿੱਲਾਂ ਦਾ ਪਰਦਾਫਾਸ਼ ਕੀਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਾਲੇ ਸਰਕਾਰ ਹੀ ਨਹੀਂ ਮਰੀਜ਼ਾਂ ਦੀਆਂ ਜੇਬਾਂ ਚੋਂ ਵੀ ਆਨੇ ਬਹਾਨੇ ਪੈਸੇ ਕਢਵਾ ਲੈਂਦੇ ਹਨ। ਕਈ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਕਿ ਮਰੀਜ਼ ਦਾ ਆਪਰੇਸ਼ਨ ਕੀਤਾ ਨਹੀਂ ਗਿਆ ਪਰ ਸਰਕਾਰ ਤੋਂ ਪੈਸੇ ਵਸੂਲ ਲਏ ਗਏ।


ਪੰਜਾਬ ਦੇ 682 ਪ੍ਰਾਈਵੇਟ ਅਤੇ 245 ਸਰਕਾਰ ਹਸਪਤਾਲਾਂ ਵਿੱਚ ਆਯੂਸ਼ਮਾਨ ਭਾਰਤ ਸਕੀਮ ਦੇ ਪੈਨਲ ‘ਤੇ ਹਨ । ਹਰਿਆਣਾ ਦੇ 176 ਸਰਕਾਰੀ ਅਤੇ 480 ਪ੍ਰਾਈਵੇਟ ਮੁਫਤ ਇਲਾਜ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਆਯੂਸ਼ਮਾਨ ਭਾਰਤ ਸਕੀਮ ਦੇ ਪੈਨਲ ‘ਤੇ ਹਿਮਾਚਲ ਦੇ 175 ਪ੍ਰਾਈਵੇਟ ਅਤੇ 147 ਸਰਕਾਰੀ ਹਸਪਤਾਲ ਹਨ। ਕੇਂਦਰ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਫਰਾਡ ਸਾਹਮਣੇ ਆਉਣ ਤੋਂ ਬਾਅਦ ਇਨਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ। ਨਵੀਆਂ ਜਾਰੀ ਕੀਤੀਆ ਹਦਾਇਤਾਂ ਮੁਤਾਬਿਕ ਬਿੱਲ ਦੇ ਨਾਲ ਮਰੀਜ਼ ਦੀ ਬੈੱਡ ‘ਤੇ ਪਏ ਦੀ ਤਸਵੀਰ, ਆਧਾਰ ਕਾਰਡ ਅਤੇ ਬਾਇਓਮੀਟਿਰਕ ਹਾਜ਼ਰੀ ਦੇਣੀ ਲਾਜ਼ਮੀ ਹੋਵੇਗੀ। ਇਸ ਤੋਂ ਪਹਿਲਾਂ ਸਿਰਫ ਸਕੀਮ ਤਹਿਤ ਜਾਰੀ ਕੀਤੇ ਸਮਾਰਟ ਕਾਰਡ ‘ਤੇ ਇਲਾਜ ਹੋ ਜਾਂਦਾ ਸੀ।


ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਨਹੀਂ ਹਨ। ਡਾਕਟਰਾਂ ਦੀ ਘਾਟ ਹੈ। ਦਵਾਈਆਂ ਉਪਲੱਬਧ ਨਹੀਂ ਕਰਵਾਈਆਂ ਗਈਆਂ । ਦੂਜੇ ਬੰਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਸਹੂਲਤਾਂ ਤਾਂ ਹੋਟਲਾਂ ਦੀ ਤਰ੍ਹਾਂ ਦਿੱਤੀਆਂ ਜਾਂਦੀਆਂ ਹਨ ਪਰ ਘਾਲਾ ਮਾਲਾ ਵੀ ਵੱਡੇ ਪੱਧਰ ‘ਤੇ ਚੱਲਦਾ ਹੈ। ਜ਼ਾਅਲੀ ਮਰੀਜ਼ ਭਰਤੀ ਕਰਨ ਤੋਂ ਬਿਨਾਂ ਮੁਫਤ ਇਲਾਜ ਸਕੀਮ ਤਹਿਤ ਦਾਖਲ ਕੀਤੇ ਮਰੀਜ਼ਾ ਨੂੰ ਆਨੇ ਬਹਾਨੇ ਰਗੜਾ ਲਾਏ ਬਿਨਾ ਸੁੱਕਾ ਨਹੀਂ ਜਾਣ ਦਿੰਦੇ ਹਨ। ਇੰਡੀਅਨ ਮੈਡੀਕਲ ਐਸੋਸੀਸ਼ਨ ਦੀ ਪੰਜਾਬ ਇਕਾਈ ਵੱਲੋਂ ਇਲਾਜ ਬੰਦ ਕਰਨ ਦੀ ਐਲਾਨ ਕੀਤਾ ਗਿਆ ਹੈ । ਐਸੋਸ਼ੀਏਸ਼ਨ ਦੀ ਇਹ ਡਿਊਟੀ ਵੀ ਬਰਾਬਰ ਬਣਦੀ ਹੈ ਕਿ ਉਹ ਮਰੀਜ਼ਾਂ ਦੀ ਲੁੱਕ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਉਣ।


ਅਸਲ ਵਿੱਚ ਕਈ ਪ੍ਰਾਈਵੇਟ ਹਸਪਤਾਲਾਂ ਦਾ ਕਾਰੋਬਾਰ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਰਲ ਮਿਲ ਕੇ ਚੱਲਦਾ ਆ ਰਿਹਾ ਹੈ। ਕਈ ਕਾਰਪੋਰੇਟ ਅਦਾਰਿਆਂ ਨੇ ਆਪਣੇ ਹਸਪਤਾਲਾਂ ਵਿੱਚ ਸਸਤੇ ਇਲਾਜ ਸਮੇਤ ਹੋਰ ਸਹੂਲਤਾਂ ਦੇਣ ਵਾਅਦਾ ਕਰਕੇ ਕਈ ਸੌ ਸੌ ਕਰੋੜਾਂ ਜ਼ਮੀਨ ਸ਼ੈਕੜਿਆਂ ਨੂੰ ਲੀਜ਼ ‘ਤੇ ਲਿਆ ਰੱਖੀ ਹੈ। ਮੁਹਾਲੀ ਦੇ ਇੱਕ ਬਹੁਤ ਵੱਡੇ ਹਸਪਤਾਲ ਨੇ ਕੁੱਲ ਆਮਦਨ ਦਾ ਦੋ ਫ਼ੀਸਦੀ ਕੈਂਸਰ ਰਾਹਤ ਫੰਡ ਨੂੰ ਦਾਨ ਵਜੋਂ ਦੇਣ ਦਾ ਵਾਅਦਾ ਕਰਕੇ ਕਈ ਏਕੜ ਜ਼ਮੀਨ ਸ਼ੈਕੜਿਆਂ ਨੂੰ ਲੀਜ਼ ‘ਤੇ ਲੈ ਲਈ ਸੀ। ਹਸਪਤਾਲ ਨੇ ਉਤਰੀ ਭਾਰਤ ਵਿੱਚ ਵੱਡਾ ਨਾ ਬਣਾ ਲਿਆ ਹੈ ਪਰ ਸਰਕਾਰ ਦੇ ਖਾਤੇ ਵਿੱਚ ਧੇਲਾ ਵੀ ਜਮਾਂ ਨਹੀਂ ਕਰਵਾਇਆ ਗਿਆ ਹੈ। ਸਰਕਾਰਾਂ ਦੇ ਘੂਕ ਸੂਤੇ ਰਹਿਣ ਤੱਕ ਕਈ ਨਿੱਜੀ ਹਸਪਤਾਲ ਇਵੇਂ ਹੀ ਮਰੀਜ਼ਾਂ ਦੀ ਲੁੱਟ ਕਰਦੇ ਰਹਿਣਗੇ।

Portrait an unknown male doctor holding a stethoscope behind


… ਜ਼ਾਅਲੀ ਬਿੱਲ ਪੇਸ਼ ਕਰਨ ਵਾਲਿਆਂ ‘ਚੋਂ ਪੰਜਾਬ ਉਪਰੋਂ ਤੀਜੇ ਥਾਂ ‘ਤੇ
… ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ 4812 ਜ਼ਾਅਲੀ ਬਿੱਲ ਭੇਜੇ
…ਹਰਿਆਣਾ ਵੱਲੋਂ ਭੇਜੇ ਗਏ 1349 ਅਤੇ ਹਿਮਾਚਲ ਵੱਲੋਂ ਦੋ ਜ਼ਾਅਲੀ ਬਿੱਲ
… ਪੰਜਾਬ ਦੇ 682 ਪ੍ਰਾਈਵੇਟ ਅਤੇ 245 ਸਰਕਾਰ ਹਸਪਤਾਲਾਂ ਵਿੱਚ ਆਯੂਸ਼ਮਾਨ ਭਾਰਤ ਸਕੀਮ ਦੇ ਪੈਨਲ ‘ਤੇ
… ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ ਫਰਿਸ਼ਤਾ ਸਕੀਮ ਦੇ ਬਾਈਕਾਟ ਦਾ ਕੀਤਾ ਐਲਾਨ
… ਭਾਰਤ ਸਰਕਾਰ ਪ੍ਰਾਈਵੇਟ ਹਸਪਤਾਲਾਂ ‘ਤੇ ਸਖਤੀ ਦੇ ਰੌਂਅ ‘ਚ