‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦਿੱਲੀ ਸਣੇ ਪੂਰੇ ਦੇਸ਼ ਲਈ ਅੱਤ ਮਾਣ ਵਾਲਾ ਦਿਨ ਹੈ, ਅੱਜ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਲੋਕਾਂ ਨੂੰ ਮਿਲਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੌਤਮ ਬੁੱਧ ਨਗਰ ਨੋਇਡਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖ ਰਹੇ ਹਨ। ਪਹਿਲੇ ਪੜਾਅ ਵਿੱਚ, ਨੋਇਡਾ ਹਵਾਈ ਅੱਡਾ 1300 ਹੈਕਟੇਅਰ ਜ਼ਮੀਨ ਵਿੱਚ 2024 ਤੱਕ 10,050 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।
ਜਾਣਕਾਰੀ ਮੁਤਾਬਿਕ ਪਹਿਲੇ ਪੜਾਅ ਦੇ ਪੂਰਾ ਹੋਣ ‘ਤੇ, ਨੋਇਡਾ ਹਵਾਈ ਅੱਡੇ ਦੀ ਸਮਰੱਥਾ 1.2 ਕਰੋੜ ਯਾਤਰੀ ਹੋਵੇਗੀ। ਨੋਇਡਾ ਹਵਾਈ ਅੱਡੇ ਨੂੰ ਜ਼ਿਊਰਿਕ ਏਅਰਪੋਰਟ ਇੰਟਰਨੈਸ਼ਨਲ ਏਜੀ ਦੁਆਰਾ ਵਿਕਸਤ ਕੀਤਾ ਜਾ ਰਿਹਾ ਹੈ। ਦਿੱਲੀ ਐਨਸੀਆਰ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈ) ਤੋਂ ਬਾਅਦ ਇਹ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ।ਨੋਇਡਾ ਹਵਾਈ ਅੱਡੇ ਦੇ ਨਿਰਮਾਣ ਤੋਂ ਬਾਅਦ ਇਹ ਦਿੱਲੀ ਹਵਾਈ ਅੱਡੇ ‘ਤੇ ਯਾਤਰੀਆਂ ਦੀ ਭੀੜ ਨੂੰ ਘੱਟ ਕਰੇਗਾ। ਇਸਦੇ ਸ਼ੁਰੂ ਹੋਣ ਤੋਂ ਬਾਅਦ ਇਹ ਦਿੱਲੀ, ਨੋਇਡਾ, ਗਾਜ਼ੀਆਬਾਦ, ਅਲੀਗੜ੍ਹ, ਆਗਰਾ, ਫਰੀਦਾਬਾਦ ਅਤੇ ਨੇੜੇ ਦੇ ਸ਼ਹਿਰਾਂ ਦੇ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਣ ਵਾਲਾ ਹੈ।
ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਕੰਮ 2024 ਤੱਕ ਪੂਰਾ ਹੋ ਜਾਵੇਗਾ।ਨੋਇਡਾ ਇੰਟਰਨੈਸ਼ਨਲ ਏਅਰਪੋਰਟ ਨੂੰ ਮਲਟੀ ਮਾਡਲ ਕਾਰਗੋ ਹੱਬ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ। ਨੋਇਡਾ ਹਵਾਈ ਅੱਡਾ ਉੱਤਰੀ ਭਾਰਤ ਲਈ ਇੱਕ ਲੌਜਿਸਟਿਕ ਗੇਟਵੇ ਵਜੋਂ ਕੰਮ ਕਰੇਗਾ ਅਤੇ ਉੱਤਰ ਪ੍ਰਦੇਸ਼ ਨੂੰ ਲੌਜਿਸਟਿਕਸ ਦੇ ਖੇਤਰ ਵਿੱਚ ਵਿਸ਼ਵ ਦੇ ਨਕਸ਼ੇ ‘ਤੇ ਸਥਾਪਿਤ ਕਰਨ ਵਿੱਚ ਮਦਦ ਕਰੇਗਾ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ ਦੀ ਸਮਰੱਥਾ 20 ਲੱਖ ਮੀਟ੍ਰਿਕ ਟਨ ਹੈ, ਜਿਸ ਨੂੰ ਭਵਿੱਖ ਵਿੱਚ ਵਧਾ ਕੇ 80 ਲੱਖ ਮੀਟ੍ਰਿਕ ਟਨ ਕੀਤਾ ਜਾਵੇਗਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੋਇਡਾ ਹਵਾਈ ਅੱਡੇ ‘ਤੇ ਇੱਕ ਗਰਾਉਂਡ ਟ੍ਰਾਂਸਪੋਰਟ ਸੈਂਟਰ ਵੀ ਹੋਵੇਗਾ ਜਿਸ ਵਿੱਚ ਮਲਟੀਮੋਡਲ ਟਰਾਂਜ਼ਿਟ ਹੱਬ, ਹਾਊਸਿੰਗ ਮੈਟਰੋ, ਹਾਈ-ਸਪੀਡ ਰੇਲ ਸਟੇਸ਼ਨ, ਟੈਕਸੀ, ਬੱਸ ਸੇਵਾਵਾਂ ਅਤੇ ਪ੍ਰਾਈਵੇਟ ਪਾਰਕਿੰਗ ਵਰਗੀਆਂ ਸਹੂਲਤਾਂ ਹੋਣਗੀਆਂ। ਇਨ੍ਹਾਂ ਸਹੂਲਤਾਂ ਕਾਰਨ ਹਵਾਈ ਅੱਡੇ ਨੂੰ ਸੜਕ, ਰੇਲ ਅਤੇ ਮੈਟਰੋ ਰਾਹੀਂ ਨਿਰਵਿਘਨ ਸੰਪਰਕ ਦੀ ਸਹੂਲਤ ਮਿਲੇਗੀ।
ਨੋਇਡਾ ਅਤੇ ਦਿੱਲੀ ਨੂੰ ਮੈਟਰੋ ਸੇਵਾ ਰਾਹੀਂ ਹਵਾਈ ਅੱਡੇ ਨਾਲ ਜੋੜਿਆ ਜਾਵੇਗਾ।ਨੇੜਲੀਆਂ ਸੜਕਾਂ ਅਤੇ ਹਾਈਵੇਅ ਜਿਵੇਂ ਕਿ ਯਮੁਨਾ ਐਕਸਪ੍ਰੈਸਵੇਅ, ਵੈਸਟਰਵ ਪੈਰੀਫੇਰਲ, ਈਸਟਰਨ ਪੈਰੀਫੇਰਲ, ਦਿੱਲੀ-ਮੁੰਬਈ ਐਕਸਪ੍ਰੈਸਵੇਅ ਅਤੇ ਹੋਰ ਹਾਈਵੇਅ ਵੀ ਸਿੱਧੇ ਹਵਾਈ ਅੱਡੇ ਨਾਲ ਜੁੜੇ ਹੋਣਗੇ। ਹਵਾਈ ਅੱਡੇ ਨੂੰ ਦਿੱਲੀ-ਵਾਰਾਣਸੀ ਵਿਚਕਾਰ ਪ੍ਰਸਤਾਵਿਤ ਹਾਈ ਸਪੀਡ ਰੇਲ ਨਾਲ ਵੀ ਜੋੜਿਆ ਜਾਵੇਗਾ, ਤਾਂ ਜੋ ਦਿੱਲੀ ਅਤੇ ਨੋਇਡਾ ਹਵਾਈ ਅੱਡਿਆਂ ਦੀ ਦੂਰੀ 21 ਮਿੰਟਾਂ ਵਿੱਚ ਪੂਰੀ ਕੀਤੀ ਜਾ ਸਕੇ।