India

 8 ਕਰੋੜ ਕਿਸਾਨਾਂ ਨੂੰ ਮਿਲਿਆ ਕੇਂਦਰ ਸਰਕਾਰ ਤੋਂ ਦੀਵਾਲੀ ਦਾ ਤੋਹਫਾ, ਕਿਸਾਨ ਸਨਮਾਨ ਨਿਧੀ ਦੀ 12ਵੀਂ ਕਿਸ਼ਤ ਹੋਈ ਜਾਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ-ਕਿਸਾਨ) ਦੇ ਤਹਿਤ 16,000 ਕਰੋੜ ਰੁਪਏ ਦੀ 12ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਪੂਸਾ ਮੇਲਾ ਮੈਦਾਨ ਵਿੱਚ ਦੋ ਰੋਜ਼ਾ “ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ 2022” ਦਾ ਵੀ ਉਦਘਾਟਨ ਕੀਤਾ।

ਮੋਦੀ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਕਿਸਾਨ ਸਨਮਾਨ ਨਿਧੀ ਦੀ 11ਵੀਂ ਕਿਸ਼ਤ ਵਜੋਂ 21,000 ਕਰੋੜ ਰੁਪਏ ਜਾਰੀ ਕੀਤੇ ਸਨ,ਜਦੋਂ ਭਾਜਪਾ ਆਪਣੀ ਸਰਕਾਰ ਦੀ ਅੱਠਵੀਂ ਵਰ੍ਹੇਗੰਢ ਮਨਾ ਰਹੀ ਸੀ।

ਇਸ ਮੌਕੇ ਮੋਦੀ ਨੇ ਐਗਰੀ ਸਟਾਰਟਅੱਪ ਕਨਕਲੇਵ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ 600 ਪ੍ਰਧਾਨ ਮੰਤਰੀ-ਕਿਸਾਨ ਸਮਰਿਧੀ ਕੇਂਦਰਾਂ (ਪੀ.ਐੱਮ.-ਕੇ.ਐੱਸ.ਕੇ.) ਦਾ ਉਦਘਾਟਨ ਵੀ ਕੀਤਾ ਅਤੇ ‘ਭਾਰਤ’ ਯੂਰੀਆ ਬ੍ਰਾਂਡ ਦੇ ਤਹਿਤ ਕਿਸਾਨਾਂ ਲਈ ‘ਵਨ ਨੇਸ਼ਨ-ਵਨ ਫਰਟੀਲਾਈਜ਼ਰ’ ਨਾਂ ਦੀ ਮਹੱਤਵਪੂਰਨ ਯੋਜਨਾ ਵੀ ਸ਼ੁਰੂ ਕੀਤੀ।

ਅੱਠ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਦੇਸ਼ ਦੇ ਦਰਮਿਆਨੇ ਅਤੇ ਛੋਟੇ ਕਿਸਾਨਾਂ ਦੀ ਮਦਦ ਕਰਨਾ ਸੀ ਤੇ ਹੁਣ ਤੱਕ ਦੇਸ਼ ਦੇ ਕਈ ਕਿਸਾਨ ਇਸ ਦਾ ਲਾਭ ਲੈ ਚੁੱਕੇ ਹਨ।

ਇਸ ਸਕੀਮ ਤਹਿਤ ਯੋਗ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ ਪ੍ਰਤੀ ਸਾਲ 6,000 ਰੁਪਏ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ। ਇਹ ਭੁਗਤਾਨ ਹਰ ਚਾਰ ਮਹੀਨਿਆਂ ਵਿੱਚ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਕੀਤਾ ਜਾਂਦਾ ਹੈ। ਫੰਡ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਂਦੇ ਹਨ।