‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ। ਮੋਦੀ ਨੇ ਕੁੱਝ ਸੂਬਿਆਂ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟਾਉਂਦਿਆਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਉਹ ਇਸ ਸਬੰਧੀ ਤੁਰੰਤ ਪ੍ਰਭਾਵਸ਼ਾਲੀ ਕਾਰਵਾਈ ਅਮਲ ਵਿੱਚ ਲਿਆਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਚੌਕਸੀ ਅਤੇ ਸਖ਼ਤੀ ਨਾਲ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਫੈਲਣ ਤੋਂ ਰੋਕੀ ਜਾ ਸਕਦੀ ਹੈ। ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸਨ। ਮੋਦੀ ਨੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਰੋਕੂ ਟੀਕੇ ਲਗਾਏ ਜਾਣ ਅਤੇ ਇਸ ਸਬੰਧੀ ਜ਼ਿਆਦਾ ਤੋਂ ਜ਼ਿਆਦਾ ਕੇਂਦਰ ਸਥਾਪਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਕੋਰੋਨਾ ਨੂੰ ਟੱਕਰ ਦਿੱਤੀ ਹੈ, ਉਹ ਸਾਰੀ ਦੁਨੀਆ ਅੱਗੇ ਮਿਸਾਲ ਹੈ। ਦੇਸ਼ ਦੀ ਰਿਕਵਰੀ ਦਰ 96 ਫ਼ੀਸਦ ਤੋਂ ਉੱਪਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਟੀਕਾਕਰਨ ਕਾਰਜਨੀਤੀ ਮੁੜ ਵਿਚਾਰਨ ਲਈ ਆਖਿਆ ਅਤੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਹਰੇਕ ਉਮਰ, ਵਰਗ ਦੇ ਲੋਕਾਂ ਦਾ ਟੀਕਾਕਰਨ ਹੋਵੇ। ਕੈਪਟਨ ਨੇ ਆਮ ਗਤੀਵਿਧੀਆਂ ਬਹਾਲ ਕਰਨ ਲਈ ਜੱਜਾਂ, ਵਿਦਿਆਰਥੀਆਂ ਅਤੇ ਅਧਿਆਪਕਾਂ, ਸਿਆਸਤਦਾਨਾਂ ਆਦਿ ਲਈ ਟੀਕਾਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਵਿਡ ਕੇਸ ਵਧਣ ਦੇ ਮੱਦੇਨਜ਼ਰ ਵਾਇਰਸ ਨਾਲ ਨਿਪਟਣ ਲਈ ਸਖ਼ਤ ਨੀਤੀ ਤਿਆਰ ਕੀਤੀ ਜਾ ਰਹੀ ਹੈ।