India Punjab

ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਕੀਤਾ ਯੋਗ, ਸਿਹਤ ਮੰਤਰੀ ਬਲਬੀਰ ਸਿੰਘ ਨੇ ਵੀ ਕੀਤਾ ਯੋਗ

ਅੱਜ 21 ਜੂਨ, 2025 ਨੂੰ ਦੁਨੀਆ ਭਰ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਖਾਪਟਨਮ ਵਿੱਚ 3 ਲੱਖ ਲੋਕਾਂ ਅਤੇ 40 ਦੇਸ਼ਾਂ ਦੇ ਡਿਪਲੋਮੈਟਾਂ ਨਾਲ ਯੋਗਾ ਕੀਤਾ। ਉਨ੍ਹਾਂ ਨੇ ਕਿਹਾ ਕਿ ਯੋਗ ਦਾ ਅਰਥ ਹੈ ਜੁੜਨਾ, ਅਤੇ ਇਸ ਨੇ ਪੂਰੀ ਦੁਨੀਆ ਨੂੰ ਏਕਤਾ ਦੇ ਸੂਤਰ ਵਿੱਚ ਪ੍ਰੋਇਆ ਹੈ।

ਮੋਦੀ ਨੇ ਜ਼ਿਕਰ ਕੀਤਾ ਕਿ 2014 ਵਿੱਚ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦੇਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ 175 ਦੇਸ਼ਾਂ ਨੇ ਸਭ ਤੋਂ ਘੱਟ ਸਮੇਂ ਵਿੱਚ ਸਮਰਥਨ ਦਿੱਤਾ। ਇਹ ਸਮਰਥਨ ਸਿਰਫ਼ ਇੱਕ ਪ੍ਰਸਤਾਵ ਲਈ ਨਹੀਂ, ਸਗੋਂ ਮਨੁੱਖਤਾ ਦੇ ਭਲੇ ਲਈ ਸਮੂਹਿਕ ਯਤਨ ਸੀ।

ਉਨ੍ਹਾਂ ਨੇ ਕਿਹਾ ਕਿ ਅੱਜ ਦੀ ਅਸ਼ਾਂਤ ਅਤੇ ਅਸਥਿਰ ਦੁਨੀਆ ਵਿੱਚ ਯੋਗ ਸ਼ਾਂਤੀ ਦਾ ਰਾਹ ਦਿਖਾਉਂਦਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਵੀ ਇਸ ਮੌਕੇ ਮੋਦੀ ਨਾਲ ਯੋਗਾ ਕੀਤਾ। ਇਸ ਸਾਲ ਦਾ ਵਿਸ਼ਾ ਸੀ ‘ਇੱਕ ਧਰਤੀ, ਇੱਕ ਸਿਹਤ ਲਈ ਯੋਗਾ’।

ਭਾਰਤ-ਪਾਕਿਸਤਾਨ ਦੀ ਅਟਾਰੀ ਸਰਹੱਦ ‘ਤੇ ਜੇ.ਸੀ.ਪੀ. ਵਿਖੇ ਵੀ ਯੋਗ ਦਿਵਸ ਮਨਾਇਆ ਗਿਆ। ਯੋਗ ਮਾਹਿਰ ਸਵੇਰੇ ਹੀ ਅਟਾਰੀ ਪਹੁੰਚ ਗਏ ਸਨ। ਆਈ.ਜੀ. ਅਤੁਲ ਫੁਲਜਲੇ ਅਤੇ ਬੀ.ਐਸ.ਐਫ. ਦੇ ਡੀ.ਆਈ.ਜੀ. ਐਸ.ਐਸ. ਚੰਦੇਲ ਦੀ ਅਗਵਾਈ ਵਿੱਚ ਸੈਂਕੜੇ ਬੀ.ਐਸ.ਐਫ. ਅਧਿਕਾਰੀਆਂ ਅਤੇ ਜਵਾਨਾਂ ਨੇ ਯੋਗਾ ਕੀਤਾ। ਹੋਰ ਮਹਿਕਮਿਆਂ ਦੇ ਅਧਿਕਾਰੀਆਂ ਨੇ ਵੀ ਯੋਗ ਦੇ ਗੁਰ ਸਿੱਖੇ। ਯੋਗ ਗੁਰੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਜ਼ਰੂਰੀ ਹੈ।

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਯੋਗ ਦਿਵਸ ਮਨਾਇਆ ਗਿਆ, ਜਿਥੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਿੱਸਾ ਲਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਸੂਬੇ ਭਰ ਵਿੱਚ ‘ਸੀ.ਐਮ. ਦੀ ਯੋਗਸ਼ਾਲਾ’ ਵਿੱਚ ਲਗਭਗ 5 ਲੱਖ ਲੋਕਾਂ ਨੇ ਯੋਗ ਕਰਕੇ ਤੰਦਰੁਸਤੀ ਵੱਲ ਕਦਮ ਵਧਾਇਆ। ਸੀ.ਐਮ. ਦੀ ਯੋਗਸ਼ਾਲਾ ਦੇ ਮਾਹਿਰ ਸੂਬੇ ਵਿੱਚ ਹਰ ਰੋਜ਼ ਯੋਗ ਸਿਖਾਉਂਦੇ ਹਨ, ਤਾਂ ਜੋ ਹਰ ਨਾਗਰਿਕ ਚੁਸਤ ਅਤੇ ਸੁਖਮਈ ਜੀਵਨ ਜੀ ਸਕੇ।