ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਰਾਜਸਥਾਨ ਦੇ ਸੀਕਰ ਪਹੁੰਚੇ। ਇੱਥੇ ਉਨ੍ਹਾਂ ਨੇ ਇੱਕ ਜਨਤਕ ਪ੍ਰੋਗਰਾਮ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ।
1.25 ਲੱਖ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਨੂੰ ਦੇਸ਼ ਨੂੰ ਸਮਰਪਿਤ
ਸੀਕਰ ਵਿੱਚ ਪੀ ਐੱਮ ਮੋਦੀ ਨੇ 1.25 ਲੱਖ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਸਰਕਾਰ ਦੇਸ਼ ਵਿੱਚ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪੜਾਅਵਾਰ ਪ੍ਰਧਾਨ ਮੰਤਰੀ ਕਿਸਾਨ ਸਮਰਿਧੀ ਕੇਂਦਰ ਵਿੱਚ ਤਬਦੀਲ ਕਰ ਰਹੀ ਹੈ। ਇਹ ਕੇਂਦਰ ਕਿਸਾਨਾਂ ਨੂੰ ਖੇਤੀ ਲਈ ਕੱਚਾ ਮਾਲ, ਮਿੱਟੀ ਪਰਖ, ਬੀਜ ਅਤੇ ਖਾਦ ਮੁਹੱਈਆ ਕਰਵਾਉਣਗੇ। ਬਲਾਕ ਅਤੇ ਪਿੰਡ ਪੱਧਰ ‘ਤੇ ਪੀ.ਐੱਮ.ਕੇ.ਐੱਸ.ਵਾਈ ਕੇਂਦਰ ਕਿਸਾਨਾਂ ਨੂੰ ਲਾਭ ਪਹੁੰਚਾਉਣਗੇ। ਕਿਸਾਨਾਂ ਲਈ ਓਪਨ ਨੈੱਟਵਰਕ ਫ਼ਾਰ ਡਿਜੀਟਲ ਕਾਮਰਸ (ONDC) ਵੀ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਐਗਰੀਗੇਟਰ ਐਪ ‘ਤੇ 1600 FPO ਨੂੰ ਵੀ ਸ਼ਾਮਲ ਕੀਤਾ ਗਿਆ ਹੈ।
PM ਮੋਦੀ ਨੇ ਸਲਫ਼ਰ ਕੋਟੇਡ ‘ਯੂਰੀਆ ਗੋਲਡ’ ਲਾਂਚ
ਸੀਕਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਰੀਆ ਦੀ ਨਵੀਂ ਕਿਸਮ ਗੋਲਡ ਯੂਰੀਆ ਲਾਂਚ ਕੀਤੀ ਹੈ। ਇੱਕ ਨਵੀਂ ਕਿਸਮ ਸਲਫ਼ਰ ਕੋਟੇਡ ਹੈ ਅਤੇ ਇਸ ਦੀ ਵਰਤੋਂ ਨਾਲ ਮਿੱਟੀ ਵਿੱਚ ਸਲਫ਼ਰ ਦੀ ਕਮੀ ਨੂੰ ਦੂਰ ਹੋਵੇਗੀ। ਪੀਐਮਓ ਨੇ ਕਿਹਾ, ਇਹ ਨਵੀਨਤਾਕਾਰੀ ਖਾਦ ਨਿੰਮ-ਕੋਟੇਡ ਯੂਰੀਆ ਨਾਲੋਂ ਵਧੇਰੇ ਕਿਫ਼ਾਇਤੀ ਅਤੇ ਕੁਸ਼ਲ ਹੈ। ਇਹ ਪੌਦਿਆਂ ਵਿੱਚ ਨਾਈਟ੍ਰੋਜਨ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਦਾ ਹੈ, ਖਾਦ ਦੀ ਖਪਤ ਨੂੰ ਘਟਾਉਂਦਾ ਹੈ ਅਤੇ ਫ਼ਸਲ ਦੀ ਗੁਣਵੱਤਾ ਨੂੰ ਵਧਾਉਂਦਾ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਜਾਰੀ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸ਼ਤ ਅੱਜ ਜਾਰੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਸੀਕਰ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਕਿਸਾਨਾਂ ਲਈ ਇਸ ਲਾਭਕਾਰੀ ਯੋਜਨਾ ਦੇ ਤਹਿਤ ਇਹ ਕਿਸ਼ਤ ਜਾਰੀ ਕੀਤੀ। ਡਾਇਰੈਕਟ ਬੈਨੀਫਿਟ ਟਰਾਂਸਫ਼ਰ ਰਾਹੀਂ ਦੇਸ਼ ਦੇ 8.5 ਕਰੋੜ ਕਿਸਾਨਾਂ ਦੇ ਖਾਤਿਆਂ ‘ਚ 2000 ਰੁਪਏ ਸਿੱਧੇ ਪਹੁੰਚ ਗਏ ਹਨ। ਇਸ 14ਵੀਂ ਕਿਸ਼ਤ ਰਾਹੀਂ ਕਿਸਾਨਾਂ ਨੂੰ 17,000 ਕਰੋੜ ਰੁਪਏ ਤੋਂ ਵੱਧ ਟਰਾਂਸਫ਼ਰ ਕੀਤੇ ਗਏ ਹਨ।
3000 ਹਜ਼ਾਰ ਦਾ ਯੂਰੀਆ ਕਿਸਾਨਾਂ ਨੂੰ 266 ’ਚ ਮਿਲਦਾ
ਪੀ ਐੱਮ ਮੋਦੀ ਨੇ ਕਿਹਾ ਭਾਰਤ ਵਿੱਚ ਯੂਰੀਆ ਦੀ ਇੱਕ ਬੋਰੀ 266 ਰੁਪਏ ਵਿੱਚ ਮਿਲਦੀ ਹੈ। ਇਹੀ ਬੋਰੀ ਪਾਕਿਸਤਾਨ ਵਿੱਚ 800, ਬੰਗਲਾਦੇਸ਼ ਵਿੱਚ 720 ਰੁਪਏ, ਚੀਨ ਵਿੱਚ 2100 ਰੁਪਏ ਅਤੇ ਅਮਰੀਕਾ ਵਿੱਚ 3000 ਰੁਪਏ ਵਿੱਚ ਮਿਲਦੀ ਹੈ।