Punjab

ਪ੍ਰਾਇਮਰੀ ਅਧਿਆਪਕ ਸਿਖਲਾਈ ਲਈ ਜਾਣਗੇ ਫਿਨਲੈਂਡ, ਹਰਜੋਤ ਬੈਂਸ ਨੇ ਰਾਜਦੂਤ ਨਾਲ ਕੀਤਾ ਸਮਝੌਤਾ

ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁੱਹਈਆ ਕਰਵਾਉਣ ਦੇ ਮਕਸਦ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਖੇ ਭੇਜਣ ਦਾ ਫ਼ੈਸਲਾ ਕੀਤਾ ਸੀ। ਇਸ ਦੇ ਨਾਲ ਅੱਜ ਹਰਜੋਤ ਸਿੰਘ ਬੈਂਸ ਨੇ ਪ੍ਰਾਇਮਰੀ ਅਧਿਆਪਕਾਂ ਦੀ ਸਿਖਲਾਈ ਸਬੰਧੀ ਫਿਨਲੈਂਡ ਦੇ ਰਾਜਦੂਤ ਨਾਲ ਸਮਝੌਤਾ ਕੀਤਾ।

ਇਸ ਮੌਕੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਾਜ਼ਰ ਸਨ। ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਹਿਮਤੀ ਪੱਤਰ ‘ਤੇ ਦਸਤਖਤ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਪਹਿਲਾਂ, ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਗਾਪੁਰ ਦੀਆਂ ਦੋ ਸੰਸਥਾਵਾਂ – ਪ੍ਰਿੰਸੀਪਲ ਅਕੈਡਮੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਸਿੰਗਾਪੁਰ ਇੰਟਰਨੈਸ਼ਨਲ ਵਿੱਚ ਲੀਡਰਸ਼ਿਪ ਵਿਕਾਸ ਪ੍ਰੋਗਰਾਮਾਂ ਵਿੱਚ ਸਿਖਲਾਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਈ.ਆਈ.ਐਮ. ਵਿਚ ਲੀਡਰਸ਼ਿਪ ਅਤੇ ਸਕੂਲ ਪ੍ਰਬੰਧਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।

ਗੌੌਰਤਲਬ ਹੈ ਕਿ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਣ ਦਾ ਫ਼ੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਸੀ। ਪ੍ਰਾਇਮਰੀ ਅਧਿਆਪਕਾਂ ਦੀ ਇਹ ਟ੍ਰੇਨਿੰਗ ਤਿੰਨ ਹਫ਼ਤਿਆਂ ਦੀ ਹੋਵੇਗੀ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਫਰਵਰੀ 2023 ਤੋਂ ਕੁੱਲ 198 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਗਾਪੁਰ ਦੀਆਂ ਦੋ ਸੰਸਥਾਵਾਂ- ਪ੍ਰਿੰਸੀਪਲ ਅਕੈਡਮੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸਿੰਗਾਪੁਰ ਇੰਟਰਨੈਸ਼ਨਲ ਵਿੱਚ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵਿੱਚ ਆਪਣੀ ਸਿਖਲਾਈ ਦਿਵਾਈ ਜਾ ਚੁੱਕੀ ਹੈ।