ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਫਲ ਅਤੇ ਸਬਜ਼ੀਆਂ ਦੀ ਕੀਮਤਾਂ ਵਿੱਚ ਡੇਢ ਗੁਣਾਂ ਵਾਧਾ ਹੋਇਆ ਹੈ। ਰੇਟਾਂ ਵਿੱਚ ਇੱਕ ਦਮ ਵਾਧੇ ਹੋਣ ਦੀ ਵਜ੍ਹਾ ਕਿਸਾਨ ਅੰਦੋਲਨ ਨੂੰ ਮੰਨਿਆ ਜਾ ਰਿਹਾ ਹੈ। ਦਰਅਸਲ ਹਰਿਆਣਾ ਦੀਆਂ ਸਰਹੱਦਾਂ ਬੰਦ ਹੋਣ ਅਤੇ ਬਰਵਾਲਾ ਮਾਰਗ ’ਤੇ ਜਾਮ ਲੱਗਣ ਕਾਰਨ ਖਾਸ ਰੋਜਾਨਾ ਸਪਲਾਈ ਹੋਣ ਵਾਲੀਆਂ ਵਸਤਾਂ ਉੱਤੇ ਅਸਰ ਪਿਆ ਹੈ। ਜਿਸ ਕਾਰਨ ਫਲਾਂ ਤੇ ਸਬਜ਼ੀਆਂ ਦੀ ਸਪਲਾਈ ਨਾਂਹ ਦੇ ਬਰਾਬਰ ਹੋ ਗਈ ਹੈ। ਹੁਣ ਹਾਲਤ ਇਹ ਹੈ ਕਿ ਇਨ੍ਹਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਜੇ ਇਹੀ ਹਾਲਤਾ ਰਹੇ ਤਾਂ ਆਉਣ ਵਾਲੇ ਦਿਨਾਂ ਸਥਿਤੀ ਹੋਰ ਵੀ ਮਾੜੀ ਹੋ ਸਕਦੀ ਹੈ।
ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਰੋਜ਼ਾਨਾ ਕਰੀਬ 80 ਟਰੱਕ ਸਬਜ਼ੀਆਂ ਪੁੱਜਦੀਆਂ ਸਨ। ਪਰ ਕਿਸਾਨਾਂ ਦੇ ਅੰਦੋਲਨ ਕਾਰਨ ਇਨ੍ਹਾਂ ਦੀ ਗਿਣਤੀ 15 ਤੋਂ 20 ਰਹਿ ਗਈ ਹੈ। ਤਿੰਨ ਦਿਨ ਪਹਿਲਾਂ 30 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ 40 ਰੁਪਏ ਕਿਲੋ ਵਿਕ ਰਿਹਾ ਹੈ। ਇਸੇ ਤਰ੍ਹਾਂ 80 ਰੁਪਏ ਕਿਲੋ ਨੂੰ ਵਿਕਣ ਵਾਲਾ ਨਿੰਬੂ ਹੁਣ 190 ਰੁਪਏ, 70 ਰੁਪੁਏ ਕਿੱਲੋ ਵਾਲੀ ਸ਼ਿਮਲਾ ਮਿਰਚ 120 ਰੁਪਏ ਕਿਲੋ,50 ਰੁਪਏ ਕਿੱਲੋ ਵਾਲੀ ਹਰੀ ਮਿਰਚ ਹੁਣ 80 ਰੁਪਏ, 35 ਰੁਪਏ ਕਿਲੋ ਵਿਕ ਵਾਲਾ ਬੈਂਗਣ 50 ਰੁਪਏ। 70 ਰੁਪਏ ਕਿਲੋ ਨੂੰ ਵਿਕਣ ਵਾਲੀ ਭਿੰਡੀ ਹੁਣ 120 ਰੁਪਏ, 110 ਰੁਪਏ ਪ੍ਰਤੀ ਕਿਲੋ ਵਾਲਾ ਅਦਰਕ ਹੁਣ 150 ਰੁਪਏ ਕਿੱਲੋ ਨੂੰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਆਲੂ ਦੀ ਕੀਮਤ 8 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 15 ਰੁਪਏ ਪ੍ਰਤੀ ਕਿਲੋ ਅਤੇ ਪਿਆਜ਼ ਦੀ ਕੀਮਤ 20 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 30 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਟਿਕਟਾਂ ਦੀਆਂ ਕੀਮਤਾਂ ਵਧਣ ਕਾਰਨ ਨਵੀਆਂ ਉਡਾਣਾਂ ਸ਼ੁਰੂ ਹੋਈਆਂ
ਕਿਸਾਨਾਂ ਦੇ ਅੰਦੋਲਨ ਕਾਰਨ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦਾ ਸਿੱਧਾ ਅਸਰ ਰੇਲਵੇ ਅਤੇ ਹਵਾਈ ਆਵਾਜਾਈ ‘ਤੇ ਦਿਖਾਈ ਦੇ ਰਿਹਾ ਹੈ। ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦਿੱਲੀ ਜਾਣ ਵਾਲੀਆਂ ਉਡਾਣਾਂ ਦੀ ਟਿਕਟ ਦੀ ਕੀਮਤ 4 ਤੋਂ 5 ਗੁਣਾ ਵਧ ਗਈ ਹੈ।
ਚੰਡੀਗੜ੍ਹ ਤੋਂ ਦਿੱਲੀ ਦੀ ਟਿਕਟ ਹੁਣ 20000 ਤੋਂ 25000 ਰੁਪਏ ਤੱਕ ਉਪਲਬਧ ਹੈ। ਟਿਕਟਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਏਅਰਲਾਈਨ ਏਅਰ ਨੇ ਵਾਧੂ ATR 42 ਉਡਾਣਾਂ ਸ਼ੁਰੂ ਕੀਤੀਆਂ ਹਨ। 75 ਯਾਤਰੀਆਂ ਦੀ ਸਮਰੱਥਾ ਵਾਲੀ ਇਹ ਉਡਾਣ ਰਾਤ 9:15 ‘ਤੇ ਦਿੱਲੀ ਤੋਂ ਚੰਡੀਗੜ੍ਹ ਲਈ ਅਤੇ ਰਾਤ 9:45 ‘ਤੇ ਚੰਡੀਗੜ੍ਹ ਤੋਂ ਦਿੱਲੀ ਲਈ ਉਡਾਣ ਭਰੇਗੀ।
ਪੰਜ ਟਰੇਨਾਂ ਚੰਡੀਗੜ੍ਹ ਵਾਇਆ ਚੱਲਣਗੀਆਂ
ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਾਰਨ ਰੇਲਵੇ ਬੋਰਡ ਨੇ ਚੰਡੀਗੜ੍ਹ ਤੋਂ 15 ਤੋਂ 17 ਫਰਵਰੀ ਤੱਕ ਚੱਲਣ ਵਾਲੀ ਅੰਮ੍ਰਿਤਸਰ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਹੈ। ਜਦਕਿ 5 ਰੇਲ ਗੱਡੀਆਂ ਸਰਹਿੰਦ, ਖੰਨਾ ਅਤੇ ਰਾਜਪੁਰਾ ਦੀ ਬਜਾਏ ਚੰਡੀਗੜ੍ਹ ਰਾਹੀਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ-ਕਟਿਹਾਰ ਐਕਸਪ੍ਰੈਸ, ਮਾਤਾ ਵੈਸ਼ਨੋ ਦੇਵੀ ਕਟੜਾ-ਗਾਜ਼ੀਪੁਰ ਟਰੇਨ, ਤਿਰੂਪਤੀ-ਜੰਮੂ ਤਵੀ ਐਕਸਪ੍ਰੈਸ, ਕੋਲਕਾਤਾ-ਜੰਮੂ ਤਵੀ ਸੁਪਰਫਾਸਟ ਅਤੇ ਅਸਾਮ-ਅੰਮ੍ਰਿਤਸਰ ਐਕਸਪ੍ਰੈਸ ਸ਼ਾਮਲ ਹਨ।