‘ਦ ਖ਼ਾਲਸ ਬਿਊਰੋ :- ਤਰਨਤਾਰਨ ਜ਼ਿਲ੍ਹੇ ਤੋਂ ਕਿਸਾਨਾਂ ਦਾ ਨੌਵਾਂ ਜਥਾ 21 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਕੁੰਡਲੀ ਬਾਰਡਰ ‘ਤੇ ਕੂਚ ਕਰੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਤੋਂ ਕਿਸਾਨਾਂ ਦਾ ਜਥਾ ਹਜ਼ਾਰਾਂ ਟਰੈਕਟਰ-ਟਰਾਲੀਆਂ ਦਾ ਜਥਾ 20 ਮਾਰਚ ਨੂੰ ਹਰੀਕੇ ਪੱਤਣ ਅਤੇ ਬਿਆਸ ਪੁਲ ਤੋਂ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਕੂਚ ਕਰੇਗਾ।
ਕਿਸਾਨ ਲੀਡਰਾਂ ਨੇ ਕਿਹਾ ਕਿ ਭਾਰਤ ਬੰਦ ਨੂੰ ਸਫਲ ਕਰਨ ਲਈ ਸਾਂਝੇ ਸੰਘਰਸ਼ ਦੇ ਰੂਪ ਵਿੱਚ ਉੱਦਮ ਕਰਕੇ ਦਿੱਲੀ ਮੋਰਚੇ ਦੀਆਂ ਮੰਗਾਂ ਲਈ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਪੂਰਨ ਰੂਪ ਵਿੱਚ ਭਾਰਤ ਬੰਦ ਹੋਵੇਗਾ, ਜਿਸ ਵਿੱਚ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਇਹ ਵੱਡਾ ਐਕਸ਼ਨ ਕੇਂਦਰ ਸਰਕਾਰ ਨੂੰ ਕਿਸਾਨ-ਮਜ਼ਦੂਰ ਲਹਿਰ ਦੀਆਂ ਮੰਗਾਂ ਮੰਨਣ ਲਈ ਦਬਾਅ ਬਣੇਗਾ।
ਕਿਸਾਨ ਲੀਡਰਾਂ ਨੇ ਦਿੱਲੀ ਦੇ ਅਲੀਪੁਰ ਥਾਣੇ ਵਿੱਚ ਦਰਜ ਕੇਸ ਵਿੱਚੋਂ ਰਣਜੀਤ ਸਿੰਘ ਦੀ ਰਿਹਾਈ ਹੋਣ ‘ਤੇ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ। ਜਥੇਬੰਦੀ ਨੇ ਕਿਹਾ ਕਿ ਬਾਕੀ ਰਹਿੰਦੇ ਕੇਸਾਂ ਵਿੱਚੋਂ ਵੀ ਜਲਦੀ ਜ਼ਮਾਨਤਾਂ ਕਰਵਾਉਣ ਦੇ ਯਤਨ ਤੇਜ ਕੀਤੇ ਜਾ ਰਹੇ ਹਨ।