Punjab

ਡੀਜ਼ਲ ‘ਤੇ 5 ਰੁਪਏ ਕਟੌਤੀ ਕਿਉਂ, ਕਿਸਾਨੀ ਦੇ ਖਿਲਾਫ ਹੈ ਕੀ ਮੁੱਖ ਮੰਤਰੀ ਚੰਨੀ, ਪੈਟਰੋਲ ‘ਤੇ ਵੱਧ ਕਟੌਤੀ ਕਿਉਂ – ਬਾਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਨੇ ਨਸ਼ਿਆਂ ਅਤੇ ਬੇਅਦਬੀ ਦੇ ਦੋ ਮੁੱਦਿਆਂ ‘ਤੇ ਆਪਣੀ ਸਾਰੀ ਮੁਹਿੰਮ (Campaign) ਬਣਾਈ ਹੈ। ਸਾਢੇ ਚਾਰ ਸਾਲ ਹੋ ਗਏ ਅਤੇ ਕਾਂਗਰਸ ਨੇ ਦੋਵਾਂ ਮੁੱਦਿਆਂ ‘ਤੇ ਇਕੱਲੀ ਸਿਆਸਤ ਕੀਤੀ ਹੈ, ਨਾ ਦੋਸ਼ੀ ਫੜਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਬੇਅਦਬੀ ਦੀ ਘਟਨਾ ਦਾ ਸਭ ਤੋਂ ਵੱਧ ਅਫਸੋਸ ਅਕਾਲੀ ਦਲ ਨੂੰ ਹੈ ਕਿਉਂਕਿ ਉਸ ਸਮੇਂ ਸਾਡੀ ਸਰਕਾਰ ਸੀ ਅਤੇ ਇਸ ਲਈ ਮੈਂ ਬਹੁਤ ਵਾਰ ਸੰਗਤ ਤੋਂ ਮੁਆਫੀ ਵੀ ਮੰਗ ਲਈ ਹੈ।

ਸੁਖਬੀਰ ਬਾਦਲ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਐੱਸਆਈਟੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਐੱਸਆਈਟੀ ਦਾ ਇੱਕੋ-ਇੱਕ ਕੰਮ ਹੈ ਬਾਦਲ ਪਰਿਵਾਰ ‘ਤੇ ਨਿਸ਼ਾਨਾ ਕੱਸਣਾ। ਉਦੋਂ ਕੈਪਟਨ ਅਮਰਿੰਦਰ ਸਿੰਘ, ਸੁਖਜਿੰਦਰ ਰੰਧਾਵਾ ਆਪ ਐੱਸਆਈਟੀ ਦੀ ਮੀਟਿੰਗ ਵਿੱਚ ਬੈਠਦੇ ਸਨ। ਸਾਰਿਆਂ ਨੂੰ ਪਤਾ ਹੈ ਕਿ ਹਾਈਕੋਰਟ ਨੇ ਕਿਵੇਂ ਕੁੰਵਰ ਵਿਜੇ ਪ੍ਰਤਾਪ ਵਾਲੀ ਐੱਸਆਈਟੀ ਦੀ ਰਿਪੋਰਟ ਨੂੰ ਰੱਦ ਕੀਤਾ ਸੀ ਅਤੇ ਇੱਕ ਨਵੀਂ ਐੱਸਆਈਟੀ ਬਣਾਉਣ ਦਾ ਫੈਸਲਾ ਕੀਤਾ ਸੀ। ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਹੋ ਗਈ ਤਾਂ ਉਸਨੇ ਅਸਤੀਫ਼ਾ ਦੇ ਕੇ ਰਾਜਨੀਤੀ ਲੜਨੀ ਸ਼ੁਰੂ ਕਰ ਦਿੱਤੀ।

ਨਵੀਂ ਸਰਕਾਰ ਨੇ ਬਹੁਤ ਦਾਅਵੇ ਕੀਤੇ ਕਿ ਉਹ ਬੇਅਦਬੀ ਦਾ ਮਸਲਾ ਹੱਲ ਕਰੇਗੀ ਪਰ ਨਵੀਂ ਸਰਕਾਰ ਵੀ ਪੁਰਾਣੀ ਸਰਕਾਰ ਵਾਂਗ ਇੱਕ ਹੀ ਮਿਸ਼ਨ ‘ਤੇ ਲੱਗੀ ਹੈ ਕਿ ਦੋਸ਼ੀ ਨਹੀਂ ਫੜਨੇ, ਰਾਜਨੀਤੀ ਕਰਨੀ ਹੈ। ਹੁਣ ਨਵੀਂ ਐੱਸਆਈਟੀ ਦੇ ਮੈਂਬਰ ਬਦਲ ਦਿੱਤੇ ਗਏ ਹਨ। ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਰੋਜ਼ ਨਵੀਂ ਐੱਸਆਈਟੀ ਨਾਲ ਮੀਟਿੰਗਾਂ ਕਰਦੇ ਹਨ ਜਦਕਿ ਹਾਈਕੋਰਟ ਨੇ ਕਿਹਾ ਸੀ ਕਿ ਇਹ ਐੱਸਆਈਟੀ ਆਜ਼ਾਦ (Independent) ਹੋਵੇਗੀ।

ਸੁਖਬੀਰ ਬਾਦਲ ਨੇ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਜਿਸਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਅਤੇ ਹੁਣ ਉਸ ‘ਤੇ ਸਿਆਸਤ ਕਰ ਰਹੇ ਹਨ, ਪਰਮਾਤਮਾ ਉਸਦਾ ਅਤੇ ਉਸਦੇ ਪਰਿਵਾਰ ਦਾ ਕੱਖ ਨਾ ਛੱਡੇ। ਇਹ ਸਾਰੇ ਪੰਜਾਬੀਆਂ ਦੀ ਅਰਦਾਸ ਹੈ। ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਨੇ ਅੱਜ ਮੁੜ 12 ਟਵੀਟ ਕਰਕੇ ਆਪਣੀ ਸਰਕਾਰ ‘ਤੇ ਨਿਸ਼ਾਨਾ ਕੱਸਿਆ ਹੈ। ਸਿੱਧੂ ਮਿਜ਼ਾਇਲ ‘ਤੇ ਮਿਜ਼ਾਇਲ ਛੱਡੀ ਜਾ ਰਿਹਾ ਹੈ। ਸਿੱਧੂ, ਚੰਨੀ ਸਭ ਬੇਅਦਬੀ ਮਾਮਲੇ ਖਿਲਾਫ ਬਾਦਲ-ਬਾਦਲ ਕਰ ਰਹੇ ਹਨ। ਕਾਂਗਰਸ ਬੇਅਦਬੀ ਦੀ ਕਿੰਗ ਹੈ। ਮੈਂ ਅੱਜ ਦੀ ਪ੍ਰੈੱਸ ਕਾਨਫਰੰਸ ਚੰਨੀ ਨੂੰ ਜਵਾਬ ਦੇਣ ਲਈ ਕਰ ਰਿਹਾ ਹਾਂ। ਮੁੱਖ ਮੰਤਰੀ ਕੋਲ ਡੀਜੀਪੀ, ਏਜੀ, ਚੀਫ਼ ਸੈਕਟਰੀ ਅਤੇ ਐੱਸਐੱਸਪੀਜ਼ ਨੂੰ ਚੁਣਨ ਦਾ ਅਧਿਕਾਰ ਹੈ ਅਤੇ ਪਾਰਟੀ ਪ੍ਰਧਾਨ ਸਰਕਾਰ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ।

ਸੁਖਬੀਰ ਬਾਦਲ ਨੇ ਚੰਨੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦਾ ਵੈਟ ਘਟਾਉਣ ‘ਤੇ ਸਵਾਲ ਪੁੱਛਦਿਆਂ ਕਿਹਾ ਕਿ ਡੀਜ਼ਲ ਤੋਂ 5 ਰੁਪਏ ਵੈਟ ਕਿਉਂ ਹਟਾਇਆ ਹੈ, ਕੀ ਉਹ ਕਿਸਾਨੀ, ਇੰਡਸਟਰੀ ਦੇ ਖਿਲਾਫ ਹੈ ਕਿਉਂਕਿ ਇੰਡਸਟਰੀ ਅਤੇ ਕਿਸਾਨੀ ਡੀਜ਼ਲ ਵਰਤਦੀ ਹੈ।