‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਸਿੰਘੂ ਬਾਰਡਰ ‘ਤੇ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਕਰਨ ਅਤੇ ਉਸਦੀ ਲੱਤ ਤੋੜਨ ਦੇ ਮਾਮਲੇ ਵਿੱਚ ਨਿਹੰਗ ਨਵੀਨ ਸਿੰਘ ਬਾਰੇ ਨਿਹੰਗ ਬਾਬਾ ਰਾਜਾ ਰਾਜ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਨਵੀਨ ਸਿੰਘ ਸੱਚਾ ਸਿੱਖ ਹੈ, ਉਸਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਿਆ ਸੀ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇੱਹ ਗੱਲ ਉਡਾਈ ਜਾ ਰਹੀ ਸੀ ਕਿ ਨਵੀਨ ਸਿੰਘ ਨਕਲੀ ਬਾਣਾ ਪਾ ਕੇ ਨਿਹੰਗਾਂ ਵਿੱਚ ਆ ਕੇ ਰਲਿਆ ਹੈ। ਨਿਹੰਗ ਸਿੰਘਾਂ ਨੇ ਕਿਹਾ ਕਿ ਨਵੀਨ ਸਿੰਘ ਨੇ ਪਤਾ ਨਹੀਂ ਕਿਉਂ ਲੜਾਈ ਕੀਤੀ ਹੈ ਕਿਉਂਕਿ ਨਵੀਨ ਸਿੰਘ ਕਹਿ ਰਿਹਾ ਹੈ ਕਿ ਉਸਨੇ (ਜਿਸ ਨਾਲ ਨਵੀਨ ਸਿੰਘ ਦੀ ਲੜਾਈ ਹੋਈ ਹੈ) ਪੀਤੀ ਹੈ ਅਤੇ ਦੂਸਰਾ ਕਹਿ ਰਿਹਾ ਹੈ ਕਿ ਉਸਨੇ (ਨਵੀਨ ਸਿੰਘ) ਮੇਰੇ ਤੋਂ ਮੁਰਗਾ ਮੰਗਿਆ ਹੈ। ਉਸ ਸਮੇਂ ਉੱਥੇ ਬਹੁਤ ਵੱਡਾ ਇਕੱਠ ਹੋਇਆ ਪਿਆ ਸੀ। ਰਾਜਾ ਰਾਜ ਸਿੰਘ ਨੇ ਕਿਹਾ ਕਿ ਮੇਰੇ ‘ਤੇ ਦੋਸ਼ ਲਾਏ ਜਾ ਰਹੇ ਹਨ ਕਿ ਮੈਂ ਉਸਦਾ ਬਾਣਾ ਉਤਾਰਿਆ ਹੈ ਬਲਕਿ ਮੈਂ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਸੀ ਕਿ ਇਸਦਾ ਬਾਣਾ ਨਹੀਂ ਉਤਾਰਨਾ ਹੈ ਅਤੇ ਨਾ ਹੀ ਇਸਦੇ ਕਕਾਰ ਉਤਾਰਨੇ ਹਨ। ਮੈਂ ਇੰਨਾ ਕਹਿ ਕੇ ਕਿਤੇ ਹੋਰ ਚਲਾ ਗਿਆ ਸੀ ਅਤੇ ਮੇਰੀ ਗੈਰ-ਹਾਜ਼ਰੀ ਵਿੱਚ ਉਸਦਾ ਬਾਣਾ ਉਤਾਰਿਆ ਗਿਆ। ਜਦੋਂ ਉਨ੍ਹਾਂ ਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਨਵੀਨ ਸਿੰਘ ਦਾ ਬਾਣਾ ਉਤਾਰਨ ਲਈ ਲੱਖਾ ਸਿਧਾਣਾ ਦਾ ਨਾਂ ਸਾਹਮਣੇ ਆ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਲੱਖਾ ਸਿਧਾਣਾ ਨੇ ਉਸਦਾ ਬਾਣਾ ਨਹੀਂ ਉਤਾਰਿਆ ਬਲਕਿ ਸਾਡੇ ਸਿੰਘਾਂ ਨੇ ਮੇਰੀ ਗੈਰ-ਹਾਜ਼ਰੀ ਵਿੱਚ ਉਸਦਾ ਬਾਣਾ ਉਤਾਰਿਆ ਸੀ। ਇਹ ਜੋ ਕੁੱਝ ਹੋਇਆ, ਬਹੁਤ ਗਲਤ ਹੋਇਆ ਹੈ, ਇਸ ਲਈ ਮੈਂ ਸਾਰੇ ਪੰਥ ਤੋਂ ਮੁਆਫੀ ਮੰਗਦਾ ਹਾਂ। ਜੇ ਪੰਥ ਦੀਆਂ ਨਜ਼ਰਾਂ ਵਿੱਚ ਮੈਂ ਦੋਸ਼ੀ ਹਾਂ ਤਾਂ ਉਹ ਮੈਨੂੰ ਜੋ ਸਜ਼ਾ ਦੇਣ, ਉਸ ਲਈ ਮੈਂ ਤਿਆਰ ਹਾਂ।
ਨਵੀਨ ਸਿੰਘ ਬਿਲਕੁਲ ਸਹੀ ਸੀ – ਨਿਹੰਗ
ਰਾਜਾ ਰਾਜ ਸਿੰਘ ਨੇ ਕਿਹਾ ਕਿ ਮੈਂ ਰਾਤ ਨੂੰ ਐੱਸਐੱਚਓ ਰਵੀ ਕੁਮਾਰ ਦੇ ਨਾਲ ਥਾਣੇ ਵਿੱਚ ਗੱਲਬਾਤ ਕੀਤੀ ਕਿ ਇਹ ਬੰਦਾ (ਨਵੀਨ ਸਿੰਘ) ਬਿਲਕੁਲ ਸਹੀ ਹੈ। ਜਦੋਂ ਹਾਲਾਤ ਇਹੋ ਜਿਹੇ ਹੋ ਜਾਂਦੇ ਹਨ ਤਾਂ ਇਵੇਂ ਦੀ ਘਟਨਾ ਵਾਪਰ ਜਾਂਦੀ ਹੈ। ਸਾਡੇ ਤੋਂ ਗਲਤੀ ਹੋ ਗਈ ਸੀ। ਇਸ ਲਈ ਅਸੀਂ ਰਾਤ ਨੂੰ ਥਾਣੇ ਵਿੱਚ ਉਸਦੇ ਕੱਪੜੇ ਅਤੇ ਕਕਾਰ ਉਸਨੂੰ ਦੇ ਕੇ ਆਏ ਸੀ, ਹਾਲਾਂਕਿ ਸਾਨੂੰ ਉਸਦੇ ਨਾਲ ਮਿਲਣ ਨਹੀਂ ਦਿੱਤਾ ਗਿਆ। ਉਸ ਬੰਦੇ ਦਾ ਬਸ ਇਹੀ ਕਸੂਰ ਸੀ ਕਿ ਉਸਨੇ ਮਾਰ-ਕੁੱਟ ਕੀਤੀ ਸੀ, ਹੋਰ ਕੁੱਝ ਨਹੀਂ ਕੀਤਾ ਸੀ, ਉਹ ਠੀਕ ਸੀ। ਦਰਅਸਲ, ਸਾਡੇ ਉੱਤੇ ਪਿਛਲੇ ਦਿਨੀਂ ਹੋਈ ਬੇਅਦਬੀ ਦਾ ਅਸਰ ਸੀ ਕਿ ਅਸੀਂ ਉਸਨੂੰ ਵੀ ਗਲਤ ਸਮਝ ਬੈਠੇ। ਉਸਦੇ ਕੇਸ ਛੋਟੇ ਸਨ, ਇਸ ਲਈ ਉਸਦੇ ਕੇਸਾਂ ਤੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ। ਮੈਂ ਉਸ ਮੌਕੇ ਪੁਲਿਸ ਨਹੀਂ ਬੁਲਾਈ ਸੀ ਬਲਕਿ ਮੈਂ ਤਾਂ ਪੁਲਿਸ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਜੋ ਕੁੱਝ ਹੋਇਆ, ਹਾਲਾਤਾਂ ਨੂੰ ਵੇਖ ਕੇ ਹੋਇਆ ਸੀ। ਇਸ ਲਈ ਮੈਂ ਪੰਥ ਤੋਂ ਇੱਕ ਵਾਰ ਫਿਰ ਮੁਆਫੀ ਮੰਗਦਾ ਹਾਂ।
ਕਿਸਾਨਾਂ ਦਾ ਹਰ ਫੈਸਲਾ ਹੋਵੇਗਾ ਮਨਜ਼ੂਰ – ਨਿਹੰਗ
ਉਨ੍ਹਾਂ ਨੇ ਕਿਸਾਨੀ ਅੰਦੋਲਨ ਬਾਰੇ ਵੀ ਬੋਲਦਿਆਂ ਕਿਹਾ ਕਿ ਅਸੀਂ ਇਹ ਮੋਰਚਾ ਜਿੱਤਣਾ ਹੈ, ਇਸਨੂੰ ਢਾਹ ਨਹੀਂ ਲਾਉਣੀ। ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਹੁਣ ਸਾਨੂੰ ਸਬਕ ਮਿਲ ਗਿਆ ਹੈ ਕਿ ਸਾਡੇ ਉੱਤੇ (ਨਿਹੰਗਾਂ ਉੱਤੇ) ਇਸ ਮੋਰਚੇ ਨੂੰ ਖਰਾਬ ਕਰਨ ਵਾਸਤੇ ਡੂੰਘੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਮੋਰਚੇ ਨੂੰ ਖਰਾਬ ਕਰਨ ਵਾਸਤੇ ਸਰਕਾਰਾਂ ਵੱਲੋਂ ਸਾਡੇ ‘ਤੇ ਦੋਸ਼ ਮੜਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਕਿਸਾਨ ਲੀਡਰ ਸਾਨੂੰ ਜੋ ਵੀ ਫੈਸਲਾ ਦੇਣਗੇ, ਅਸੀਂ ਉਸ ‘ਤੇ ਫੁੱਲ ਚੜਾਵਾਂਗੇ।
ਨਿਹੰਗ ਜਥੇਬੰਦੀਆਂ ਨੇ ਲੋਕਾਂ ਸਾਹਮਣੇ ਰੱਖਿਆ “ਹਾਂ ਜਾਂ ਨਾਂਹ” ਵਾਲਾ ਕਿਹੜਾ ਸਵਾਲ
ਅਸੀਂ ਨਿਹੰਗ ਜਥੇਬੰਦੀਆਂ ਕਿਸਾਨਾਂ ਦੀ ਢਾਲ ਬਣ ਕੇ ਮੋਰਚੇ ‘ਤੇ ਬੈਠੇ ਹੋਏ ਹਾਂ। ਅਸੀਂ 27 ਅਕਤੂਬਰ ਨੂੰ ਸੰਗਤ ਨੇ, ਕਿਸਾਨਾਂ ਨੇ ਅਤੇ ਹੋਰ ਕਈਆਂ ਨੇ ਜੋ ਜਵਾਬ ਮੰਗੇ ਹਨ, ਉਸ ਲਈ ਮੀਟਿੰਗ ਸੱਦੀ ਹੈ ਅਤੇ ਇਸ ਮੀਟਿੰਗ ਵਿੱਚ ਕਿਸਾਨ ਲੀਡਰਾਂ ਨੂੰ ਵੀ ਸੱਦਾ ਦਿੱਤਾ ਹੈ। ਜੋ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਉਹ ਸਾਨੂੰ ਈਮੇਲ, ਵਟਸਐਪ ਰਾਹੀਂ ਆਪਣੀ ਰਾਏ ਭੇਜਣ। ਸਾਨੂੰ ਵਾਰ-ਵਾਰ ਇੱਥੋਂ (ਕਿਸਾਨ ਮੋਰਚੇ) ਤੋਂ ਜਾਣ ਲਈ ਕਹਿ ਕੇ ਜਲੀਲ ਕੀਤਾ ਜਾ ਰਿਹਾ ਹੈ ਪਰ ਅਸੀਂ ਨਾ ਤਾਂ ਇੱਥੇ ਕਿਸੇ ਦੇ ਕਹਿਣ ‘ਤੇ ਆਏ ਹਾਂ ਅਤੇ ਨਾ ਹੀ ਕਿਸੇ ਦੇ ਕਹਿਣ ‘ਤੇ ਜਾਣਾ ਹੈ। 27 ਅਕਤੂਬਰ ਨੂੰ ਕਿਸਾਨ ਸਾਨੂੰ ਜੋ ਵੀ ਫੈਸਲਾ ਦੇਣਗੇ, ਉਹ ਸਾਨੂੰ ਮਨਜ਼ੂਰ ਹੋਵੇਗਾ। ਮੀਟਿੰਗ ਵਿੱਚ ਆ ਕੇ ਸਾਰੇ ਸਾਨੂੰ ਸਿਰਫ ਹਾਂ ਜਾਂ ਨਾਂਹ ਦਾ ਜਵਾਬ ਦੇਣ ਕਿ ਅਸੀਂ ਮੋਰਚੇ ਵਿੱਚੋਂ ਚਲੇ ਜਾਈਏ ਜਾਂ ਫਿਰ ਨਹੀਂ। ਉਨ੍ਹਾਂ ਕਿਹਾ ਕਿ ਨਿਹੰਗ ਜਥੇਬੰਦੀਆਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਅਤੇ ਨਾ ਹੀ ਦੇਣਾ ਹੈ ਕਿਉਂਕਿ ਇਹ ਹੱਕ ਸਿਰਫ ਕਿਸਾਨ ਜਥੇਬੰਦੀਆਂ ਦਾ ਹੈ। 27 ਅਕਤੂਬਰ ਵਾਲੀ ਮੀਟਿੰਗ ਅਸੀਂ ਸਿਰਫ ਜਵਾਬ ਦੇਣ ਲਈ ਸੱਦੀ ਹੈ ਕਿਉਂਕਿ ਸਾਨੂੰ ਵਾਰ-ਵਾਰ ਮੋਰਚੇ ਵਿੱਚੋਂ ਜਾਣ ਲਈ ਕਹਿ ਕੇ ਜਲੀਲ ਕੀਤਾ ਜਾਂਦਾ ਹੈ। ਸਾਡੀ ਲੜਾਈ ਆਪਸ ਵਿੱਚ ਨਹੀਂ ਹੈ, ਸਰਕਾਰ ਦੇ ਨਾਲ ਹੈ। ਬਸ ਸਾਡੇ ਵਿੱਚ ਕੁੱਝ ਲੀਡਰ ਹੀ ਇਸ ਤਰ੍ਹਾਂ ਦੇ ਵੜ ਗਏ ਹਨ ਜੋ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਢੱਡਰੀਆਂਵਾਲੇ ਨੂੰ ਨਿਹੰਗ ਸਿੰਘਾਂ ਦਾ ਜਵਾਬ
ਉਨ੍ਹਾਂ ਨੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਵੀ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਕੋਈ ਨਹੀਂ ਜਰਦਾ ਅਤੇ ਜਿਹੜੇ ਕੰਮ ਸਿੰਘੂ ਬਾਰਡਰ ‘ਤੇ ਰਹਿੰਦੇ ਨਿਹੰਗ ਸਿੰਘਾਂ ਨੇ ਕਰਕੇ ਵਿਖਾ ਦਿੱਤਾ ਹੈ, ਉਹ ਨਹੀਂ ਕੋਈ ਕਰ ਸਕਦਾ। ਢੱਡਰੀਆਂਵਾਲੇ ਵਰਗੇ ਲੋਕ ਜ਼ੈੱਡ ਸਿਕਓਰਿਟੀਆਂ ਲੈ ਕੇ ਅੰਦਰ ਲੁਕ ਕੇ ਬੈਠ ਕੇ ਬੋਲਦੇ ਹਨ ਅਤੇ ਫਿਰ ਪਿੰਡਾਂ ਵਾਲੇ ਉਸਨੂੰ ਛਿੱਤਰ ਮਾਰਦੇ ਹਨ। ਢੱਡਰੀਆਂਵਾਲੇ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਰਹਿੰਦਾ ਹੈ ਅਤੇ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਮਾ ਹੈ। ਹਰ ਬੰਦਾਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਚੱਲ ਰਿਹਾ ਹੈ।