‘ਦ ਖ਼ਾਲਸ ਬਿਊਰੋ : ਮੁਹਾਲੀ ਵਿੱਚ ਲੱਗੇ ਕੌਮੀ ਇਨਸਾਫ਼ ਮੋਰਚੇ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਵਾਪਰੀ ਘਟਨਾ ਬਾਰੇ ਦੱਸਿਆ। ਮੋਰਚੇ ਨੇ ਸਪੱਸ਼ਟ ਕੀਤਾ ਕਿ ਧਾਮੀ ਨੇ ਇੱਥੇ ਮੋਰਚੇ ਵਿੱਚ ਆਉਣ ਲਈ ਮੋਰਚੇ ਦੇ ਕਿਸੇ ਵੀ ਪ੍ਰਬੰਧਕ, ਸੰਚਾਲਕ ਦੇ ਨਾਲ ਗੱਲ ਨਹੀਂ ਕੀਤੀ। ਗੁਰਸੇਵਕ ਸਿੰਘ ਧੂਲਕੋਟ ਨੇ ਕੱਲ੍ਹ ਸਾਨੂੰ ਫੋਨ ਉੱਤੇ ਸਿਰਫ਼ ਦੱਸਿਆ ਕਿ ਧਾਮੀ ਅੱਜ ਮੋਰਚੇ ਵਿੱਚ ਆਉਣਗੇ।
ਉਸ ਤੋਂ ਬਾਅਦ ਮੋਰਚੇ ਦੇ ਆਗੂਆਂ ਨੇ ਮੀਟਿੰਗ ਕਰਕੇ ਚਾਰ ਮੰਗਾਂ ਰੱਖੀਆਂ, ਜਿਨ੍ਹਾਂ ਵਿੱਚੋਂ ਇੱਕ ਮੰਗ SGPC ਨਾਲ ਜੁੜੀ ਹੋਈ ਸੀ। ਅਸੀਂ SGPC ਨੂੰ 328 ਲਾਪਤਾ ਸਰੂਪਾਂ ਦੀ ਮੰਗ ਬਾਰੇ ਬੇਨਤੀ ਕੀਤੀ ਸੀ ਕਿ ਇਸ ਮਸਲੇ ਨੂੰ ਜਲਦ ਹੱਲ ਕੀਤਾ ਜਾਵੇ। 328 ਲਾਪਤਾ ਸਰੂਪਾਂ ਉੱਤੇ ਜੋ ਜਾਂਚ ਹੋਈ ਹੈ, ਉਸਨੂੰ ਜਨਤਕ ਕਰਨ ਦੀ ਅਪੀਲ ਕੀਤੀ ਗਈ। ਧੂਲਕੋਟ ਜ਼ਰੀਏ ਹੀ ਅਸੀਂ ਧਾਮੀ ਤੱਕ ਫੋਨ ਰਾਹੀਂ ਆਪਣੀ ਇਸ ਮੰਗ ਨੂੰ ਪਹੁੰਚਾਇਆ ਅਤੇ ਬਾਕੀ ਤਿੰਨ ਮੰਗਾਂ ਲਈ ਵੀ ਅਸੀਂ ਧਾਮੀ ਨੂੰ ਸਪੱਸ਼ਟ ਹੋ ਕੇ ਮੋਰਚੇ ਵਿੱਚ ਆਉਣ ਲਈ ਕਿਹਾ ਸੀ।
ਹਾਲਾਂਕਿ, ਮੋਰਚੇ ਨੇ ਇਹ ਜ਼ਰੂਰ ਮੰਨਿਆ ਹੈ ਕਿ ਜਥੇਦਾਰ ਹਵਾਰਾ ਦਾ ਸੰਦੇਸ਼ ਸੀ ਕਿ ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਇਸ ਲਈ ਅਸੀਂ ਦਸੰਬਰ ਮਹੀਨੇ ਵਿੱਚ ਧਾਮੀ ਕੋਲ 328 ਲਾਪਤਾ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਅਤੇ ਹੋਰ ਮੰਗਾਂ ਨੂੰ ਲੈ ਕੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੋਰਚੇ ਨੂੰ ਸਹਿਯੋਗ ਮੁਹੱਈਆ ਕਰਵਾਉਣ ਲਈ ਗਏ ਸੀ
ਜਦਕਿ ਇੱਥੇ ਮੋਰਚੇ ਵਿੱਚ ਆਉਣ ਬਾਰੇ ਅਸੀਂ ਧਾਮੀ ਨੂੰ ਬੇਨਤੀ ਕੀਤੀ ਸੀ ਕਿ ਮੀਟਿੰਗ ਹੋ ਚੁੱਕੀ ਹੈ, ਇਸ ਲਈ ਉਹ ਇੱਥੇ ਨਾ ਆਉਣ ਜਦੋਂ ਤੱਕ ਉਹ ਮੋਰਚੇ ਦੀਆਂ ਉਪਰੋਕਤ ਚਾਰ ਮੰਗਾਂ ਉੱਤੇ ਸਪੱਸ਼ਟ ਹੋ ਕੇ ਨਹੀਂ ਆਉਂਦੇ। ਉਨ੍ਹਾਂ ਨੂੰ ਮੋਰਚੇ ਨੇ ਆਪਣੇ ਹਿੱਸੇ ਦਾ ਕਾਰਜ ਕਰਕੇ ਆਉਣ ਲਈ ਕਿਹਾ ਸੀ। ਅਸੀਂ ਧਾਮੀ ਨੂੰ ਅੱਜ ਆਉਣ ਲਈ ਮੁਲਤਵੀ ਕਰਨ ਲਈ ਕਿਹਾ ਸੀ, ਅਸੀਂ ਪਹਿਲਾਂ ਹੀ ਕਿਹਾ ਸੀ ਕਿ ਜੇ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਲਈ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ। ਅਸੀਂ ਮੁੱਦਿਆਂ ਦਾ ਹੱਲ ਚਾਹੁੰਦੇ ਹਾਂ, ਕੋਈ ਹੁੱਲੜਬਾਜ਼ੀ ਨਹੀਂ। ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਸਾਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਗਿਆ ਸੀ।