‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਕਸਦਿਆਂ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕੀਤੀ। ਮਜੀਠੀਆ ਨੇ ਕਿਹਾ ਕਿ ਜਲੰਧਰ ਵਿੱਚ ਦੋ ਮੁੱਖ ਮੰਤਰੀ ਭੱਜੇ ਫਿਰ ਰਹੇ ਹਨ। ਉਨ੍ਹਾਂ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੋ ਵੀ ਰੋਡ ਸ਼ੋਅ ਕਰਨਾ ਹੈ ਉਹ ਪੀਏਪੀ ਗਰਾਊਂਡ ਵਿੱਚ ਕਰੋ, ਐਵੇਂ ਪੰਜਾਬ ਪੁਲਿਸ ਦੀਆਂ ਵੀ ਦੌੜਾਂ ਹੀ ਲਗਵਾ ਰਹੇ ਹਨ ਕਿਉਂਕਿ ਇਨ੍ਹਾਂ ਦੇ ਰੋਡ ਸ਼ੋਅ ਵਿੱਚ ਲੋਕ ਘੱਟ ਅਤੇ ਪੰਜਾਬ ਪੁਲਿਸ ਦੀ ਫੋਰਸ ਜ਼ਿਆਦਾ ਹੈ।
ਮਜੀਠੀਆ ਨੇ ਕਿਹਾ ਕਿ ਇਹ ਕਹਿੰਦੇ ਸਨ ਕਿ ਡਿਪਟੀ ਸੀਐੱਮ ਐੱਸਸੀ ਭਾਈਚਾਰੇ ਵਿੱਚੋਂ ਬਣੇਗਾ ਪਰ ਅੱਜ ਤੱਕ ਕੋਈ ਨਹੀਂ ਬਣਿਆ। ਪੱਗ ਵਾਲੇ ਨੂੰ ਇਹ ਜਗ੍ਹਾ ਨਹੀਂ ਦਿੰਦੇ, ਦਿੱਲੀ ਤੋਂ ਅਧਿਕਾਰੀ ਲਾਉਂਦੇ ਹਨ। ਜੇ ਕੋਈ ਨੌਕਰੀ ਮੰਗੇ ਤਾਂ ਉਸਦਾ ਸ਼ੋਸ਼ਣ ਕਰਦੇ ਹਨ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਕੱਲ੍ਹ ਜਲੰਧਰ ਵਿੱਚ ਹੋਈ ਮੁਲਾਕਾਤ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਮੂਸੇਵਾਲਾ ਦੇ ਪਿਤਾ ਇਹੀ ਮੰਗ ਕਰ ਰਹੇ ਹਨ ਕਿ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਵਾਲੀ ਖਬਰ ਨੂੰ ਲੀਕ ਕਰਨ ਵਾਲੇ ਬਲਤੇਜ ਪੰਨੂੰ ਖਿਲਾਫ਼ ਪਰਚਾ ਹੋਵੇ ਪਰ ਪਰਚਾ ਕਰਨਾ ਤਾਂ ਸਰਕਾਰ ਨੇ ਹੈ ਪਰ ਸਰਕਾਰ ਪਰਚਾ ਦਰਜ ਕਰ ਨਹੀਂ ਰਹੀ। ਮਜੀਠੀਆ ਨੇ ਕਿਹਾ ਕਿ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੇਜਰੀਵਾਲ ਪ੍ਰੋ.ਭੁੱਲਰ ਦੀ ਰਿਹਾਈ ਲਈ ਦਸਤਖ਼ਤ ਨਹੀਂ ਕਰ ਰਹੇ। ਸਿੱਖ ਨੌਜਵਾਨਾਂ ਉੱਪਰ ਐੱਨਐੱਸਏ ਲਗਾ ਕੇ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ।
ਰਾਘਵ ਚੱਢਾ ਦੇ ਵਿਆਹ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸੀਐੱਮ ਮਾਨ ਰਾਘਵ ਚੱਢਾ ਦੇ ਵਿਆਹ ਲਈ ਵੀ ਗੰਨਮੈਨ ਭੇਜਣ ਲੱਗੇ ਹਨ। ਭਗਵੰਤ ਮਾਨ ਪੈੱਗ ਲਾ ਕੇ ਪੰਜਾਬ ਚਲਾਈ ਫਿਰਦਾ ਹੈ। ਇਹ ਕਹਿੰਦੇ ਹਨ ਕਿ ਸਾਡਾ ਕਾਮ ਬੋਲਦਾ ਹੈ…(ਮੈਮ ਇੱਥੇ ਕੰਮ ਨਹੀਂ ਕਾਮ ਹੀ ਬੋਲਿਆ ਹੈ)।
ਅੰਮ੍ਰਿਤਸਰ ਹੈਰੀਟੇਜ ਧਮਾਕੇ ਬਾਰੇ ਬੋਲਦਿਆਂ ਕਿਹਾ ਕਿ ਵੈਸੇ ਤਾਂ ਮੈਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਜੇ ਇੰਟੈਲੀਜੈਂਸ ਦੇ ਦਫ਼ਤਰ ਵਿੱਚ ਰਾਕੇਟ ਲਾਂਚਰ ਹਮਲਾ ਹੋ ਸਕਦਾ ਹੈ, ਪੁਲਿਸ ਥਾਣੇ ਉੱਤੇ ਅਟੈਕ ਹੋ ਸਕਦਾ ਹੈ, ਮੂਸੇਵਾਲਾ, ਸੰਦੀਪ ਨੰਗਲ ਅੰਬੀਆ ਦਾ ਦਿਨ ਦਿਹਾੜੇ ਕਤਲ ਹੋ ਸਕਦਾ ਹੈ, ਜੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚੋਂ ਲਾਈਵ ਵੀਡੀਓ ਕਾਲ ਹੋ ਸਕਦੀ ਹੈ ਤਾਂ ਇਹ ਹਮਲਾ ਕਿੰਨੀ ਕੁ ਵੱਡੀ ਗੱਲ ਹੈ।
ਬੀਬੀ ਜਗੀਰ ਕੌਰ ਵੱਲੋਂ ਬੀਜੇਪੀ ਨੂੰ ਸਮਰਥਨ ਦੇਣ ਉੱਤੇ ਮਜੀਠੀਆ ਨੇ ਕਿਹਾ ਕਿ ਬੀਜੇਪੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਦਦ ਕੀਤੀ ਸੀ। ਪਰ ਹੁਣ ਸਮਾਂ ਪਲੇਅਬੈਕ ਹੋ ਰਿਹਾ ਹੈ। ਬੀਬੀ ਜਗੀਰ ਕੌਰ ਜੀ, ਤੁਸੀਂ ਤਾਂ ਬਿਲਕੁਲ ਹੀ ਪੰਜਾਬ ਨੂੰ ਲੈ ਕੇ Compromise ਹੋ ਗਏ ਹੋ।
ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਿੰਦੂ ਸਿੱਖ ਏਕਤਾ ਦੇ ਸਰਕਾਰ ਸਨ। ਸੁਖਬੀਰ ਬਾਦਲ ਵੱਲੋਂ ਪੰਥ ਤੋਂ ਮੰਗੀ ਗਈ ਮੁਆਫ਼ੀ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਅਸੀਂ ਤਾਂ ਹੈ ਹੀ ਭੁੱਲਣਹਾਰ, ਜਿਸ ਲਈ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ।