‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜੇਲ੍ਹ ਨੂੰ ਸੁਧਾਰ ਘਰ ਮੰਨਿਆ ਜਾਂਦਾ ਪਰ ਕਈ ਵਾਰ ਇਹੀ ਸੁਧਾਰ ਘਰ ਨਰਕ ਘਰ ਬਣ ਜਾਂਦੇ ਹਨ। ਕਿਉਂਕਿ ਜੇਲ੍ਹ ਵਿਚ ਹਰ ਤਰਾਂ ਦੇ ਕੈਦੀ ਹੁੰਦੇ ਹਨ ਤੇ ਜਿਥੋਂ ਕੁਝ ਚੰਗੇ ਵਤੀਰੇ ਵਾਲੇ ਕੈਦੀ ਵੀ ਗਲਤ ਰਸਤਾ ਫੜ ਲੈਂਦੇ ਹਨ ਅਤੇ ਸੁਧਰਨ ਦੀ ਬਜਾਏ ਹੋਰ ਵਿਗੜ ਜਾਂਦੇ ਹਨ।
ਇਸੇ ਮੁੱਦੇ ਨੂੰ ਲੈ ਕੇ ਪੰਜਾਬ ਦੀਆਂ ਜੇਲ੍ਹਾਂ ਚ ‘ਸਜਾਵਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਅੱਜ ਮੋਹਾਲੀ ਦੇ ਮੀਡੀਆ ਸੈਂਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ।ਇਸ ਦੌਰਨ ਕੈਦੀਆਂ ਦੇ ਪਰਿਵਾਰਾਂ ਨੂੰ ਆ ਰਹੀਆਂ ਆਰਥਿਕ ਅਤੇ ਸਮਾਜਿਕ ਪਰੇਸ਼ਾਨੀਆਂ ਬਾਰੇ ਬੋਲਦਿਆਂ ਕਰੀਬ 14 ਸਾਲ ਤੋਂ ਜੇਲ੍ਹ ਕੱਟ ਰਹੇ ਬਲਜੀਤ ਸਿੰਘ ਰੰਗੀ ਨੇ ਦੱਸਿਆ ਕਿ ਆਪਣੀ ਕੈਦ ਪੂਰੀ ਕਰ ਚੁੱਕੇ ਕਿਸੇ ਵੀ ਕੈਦੀ ਨੂੰ ਪਿਛਲੇ ਦੋ ਸਾਲਾਂ ਤੋਂ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਮਰ ਕੈਦ ਪੂਰੀ ਕਰ ਚੁੱਕੇ ਕੈਦੀ ਨੂੰ ਪਹਿਲਾਂ ਕੈਦ+ਹਵਾਲਾਤ+ਮੁਆਫੀ ਪੈਰੋਲ ਰਾਹੀਂ ਰਿਹਾਅ ਕੀਤਾ ਜਾਂਦਾ ਸੀ, ਪਰ ਹੁਣ ਇਸ ਤੋਂ ਉਲਟ ਕੈਦ+ਹਵਾਲਾਤ- ਪੈਰੋਲ +ਮੁਆਫੀ ਰਾਹੀਂ ਰਿਹਾਅ ਕੀਤਾ ਜਾਂਦਾ ਹੈ, ਜੋ ਕਿ ਕਿਸੇ ਵੀ ਕਾਨੂੰਨੀ ਦਾਇਰੇ ਵਿਚ ਨਹੀਂ ਆਉਂਦਾ ਹੈ।ਇਸ ਰਾਹੀਂ ਕਿਸੇ ਵੀ ਕੈਦੀ ਦਾ ਸਮਾਂ ਪੂਰਾ ਨਹੀਂ ਹੁੰਦਾ ਹੈ।ਪਹਿਲਾਂ ਉਮਰ ਕੈਦ ਦੀ ਪੈਰੋਲ ਛੁੱਟੀ ਕੈਦ ਵਿਚ ਜੁੜ ਰਹੀ ਸੀ,ਪਰ ਹੁਣ ਨਹੀਂ।
ਪਹਿਲਾਂ ਛੁੱਟੀ 28 ਦਿਨ ਦੀ ਹੁੰਦੀ ਸੀ ਫੇਰ 42 ਦਿਨ ਫੇਰ 56 ਦਿਨ ਦੀ ਹੋਈ, ਪਰ ਹੁਣ ਛੁੱਟੀ ਦਾ ਸਮਾਂ ਫਾਲਤੂ ਕੱਟਣ ਲਈ ਕਿਹਾ ਜਾਂਦਾ ਹੈ।ਸਰਕਾਰ ਇੱਕ ਪਾਸੇ ਤਾਂ ਛੁੱਟੀ ਦਾ ਸਮਾਂ ਵਾਧਾ ਰਹੀ ਹੈ ਦੂਜੇ ਪਾਸੇ ਸਮਾਂ ਕੱਟਣ ਲਈ ਕਹਿ ਰਹੀ ਹੈ।ਕੋਰੋਨਾ ਮਹਾਂਮਾਰੀ ਕਾਰਨ ਸੁਪਰੀਮ ਕੋਰਟ ਨੇ ਕਰੋਨਾ ਦੀ ਛੁੱਟੀ ਦਿੱਤੀ ਸੀ, ਪਰ ਹੁਣ ਉਹੀ ਛੁੱਟੀ ਫਾਲਤੂ ਕੱਟਣ ਲਈ ਕਿਹਾ ਜਾਂਦਾ ਹੈ। ਇਹ ਹਰ ਕੈਦੀ ਲਈ ਨੁਕਸਾਨਦਾਇਕ ਹੈ।
ਉਨ੍ਹਾਂ ਕਿਹਾ ਕਿ ਛੁੱਟੀ ਦੇ ਵਕਤ ਵੀ ਕੈਦੀ ਆਪਣੇ ਘਰ ਵਿੱਚ ਕੈਦ ਹੁੰਦਾ ਹੈ।ਕੈਦੀ ਨੂੰ ਹਰ ਦਿਨ ਥਾਣੇ ਜਾਂ ਪੁਲਿਸ ਚੌਂਕੀ ਵਿਚ ਦਿਨ ਵਿਚ ਦੋ ਵਾਰ ਹਾਜਰੀ ਭਰਨੀ ਪੈਂਦੀ ਹੈ।ਆਪਣੇ ਜਿਲ੍ਹੇ ਵਿਚੋਂ ਵੀ ਦੂਸਰੇ ਜਿਲ੍ਹੇ ਵਿੱਚ ਜਾਣ ਲਈ ਪੁਲਿਸ ਦੀ ਇਜਾਜਤ ਲੈਣੀ ਪੈਂਦੀ ਹੈ।ਇਸ ਕਾਰਨ ਕੈਦੀ ਛੁੱਟੀ ਤੇ ਹੁੰਦੇ ਹੋਏ ਵੀ ਘਰ ‘ਚ ਕੈਦ ਹੀ ਕੱਟ ਰਿਹਾ ਹੁੰਦਾ ਹੈ।ਬਲਜੀਤ ਸਿੰਘ ਰੰਗੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਹਨਾਂ ਦੀ ਪਹਿਲੀ ਕਰਜਗੁਜਾਰੀ ਨੂੰ ਵੇਖਦੇ ਹੋਏ ਕੈਦੀਆਂ ਦੇ ਪਰਿਵਾਰਾਂ ਵੱਲੋਂ ਇਸ ਵਾਰ ਵੀ ਉਹਨਾ ਦੀ ਸਰਕਾਰ ਬਣਾਉਣ ਚ ਵੱਡਾ ਯੋਗਦਾਨ ਪਾਇਆ ਗਿਆ।ਪਰ ਹੁਣ ਕੈਦੀਆਂ ਦੇ ਪਰਿਵਾਰ ਮੁੱਖ ਮੰਤਰੀ ਸਾਹਿਬ ਤੋਂ ਨਿਰਾਸ਼ ਨਜ਼ਰ ਆ ਰਹੇ ਹਨ।
ਕੈਦੀਆਂ ਦੇ ਪਰਿਵਾਰਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਜੇਲ੍ਹ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਮਰ ਕੈਦ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਜਲਦੀ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਜੋ ਆਰਥਿਕ ਅਤੇ ਸਮਾਜਿਕ ਤੌਰ ਤੇ ਟੁੱਟ ਰਹੇ ਹਨ ਫੇਰ ਤੋਂ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ, ਜੇਕਰ ਉਹਨਾ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।