‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਦੋ ਥਾਂਵਾਂ ਤੋਂ ਟਿਕਟ ਦੇਣ ‘ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਭਦੌੜੀਏ ਚੰਨੀ ਨੂੰ ਬਖਸ਼ਣ ਨਹੀਂ ਲੱਗੇ। ਭਦੌੜ ਵਿਧਾਨ ਸਭਾ ਹਲਕਾ ਹਾਲੇ ਤੱਕ ਆਪ ਦੇ ਹੱਕ ਵਿੱਚ ਭੁਗਤਦਾ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਤੀਜੇ ਥਾਂ ‘ਤੇ ਰਹੀ ਸੀ ਜਦਕਿ 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਿਲ ਸਿੰਘ ਨੇ ਇਹ ਸੀਟ ਕੱਢੀ। ਸਾਲ 2019 ਦੀਆਂ ਚੋਣਾਂ ਵਿੱਚ ਵੀ ਵਿਧਾਨ ਸਭਾ ਹਲਕਾ ਆਪ ਦੇ ਹੱਕ ਵਿੱਚ ਭੁਗਤਿਆ। ਉਨ੍ਹਾਂ ਨੇ ਕਿਹਾ ਕਿ ਚੰਨੀ ਭਦੌੜ ਦੇ ਬਦਲੇ ਚਮਕੌਰ ਸਾਹਿਬ ਵੀ ਗਵਾ ਨਾ ਬੈਠਣ। ਉਹ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਆਮ ਘਰ ਦਾ ਮੁੰਡਾ ਲਾਭ ਸਿੰਘ ਉਗੋਕੇ ਤਾਂ ਚੰਨੀ ਦੇ ਪੈਰ ਨਹੀਂ ਲੱਗਣ ਦੇਵੇਗਾ ਅਤੇ ਹਲਕਾ ਨਿਵਾਸੀਆਂ ਨੇ ਘਰ ਦੇ ਜੋਗੀ ਨੂੰ ਜਿਤਾਉਣ ਦਾ ਹੁਣੇ ਤੋਂ ਹੀ ਮਨ ਬਣਾ ਲਿਆ ਹੈ। ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁੜ ਤੋਂ ਸੋਹਲੇ ਗਾਏ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਮੀਂਹਾਂ ਨਾਲ ਹਾੜੀ ਦੀ ਫਸਲ ਦੇ ਹੋਏ ਨੁਕਸਾਨ ਕਾਰਨ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਚੈੱਕ ਦੇ ਦਿੱਤੇ ਗਏ ਹਨ। ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ‘ਤੇ ਕਿਸਾਨਾਂ ਨੂੰ ਮੁਆਵਜ਼ੇ ਦੇ ਲਈ ਲੇਲੜੀਆਂ ਨਹੀਂ ਕੱਢਣੀਆਂ ਪੈਣਗੀਆਂ। ਉਨ੍ਹਾਂ ਨੇ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਲਈ ਵੋਟਿੰਗ ਕਰਵਾਉਣ ਦੇ ਫੈਸਲੇ ਦਾ ਮੌਜੂ ਉਡਾਇਆ।