‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਦੋ ਵਜ਼ੀਰਾਂ ਅਤੇ ਉੱਚ ਅਧਿਕਾਰੀਆਂ ਦੀ ਦਿੱਲੀ ਗਈ ਟੀਮ ਉੱਥੋਂ ਦੇ ਹਸਪਤਾਲ ਅਤੇ ਸਕੂਲ ਦੇਖ ਕੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਟੀਮ ਨੇ ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਦੇ ਵਿਦੇਸ਼ਾਂ ਨਾਲੋਂ ਬੇਹਤਰ ਹੋਣ ਦਾ ਦਾਅਵਾ ਕਰਦਿਆਂ ਭਲਕ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਕ ਖੋਲਣ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਮਰੁਤਬਾ ਅਰਵਿੰਦ ਕੇਜਰੀਵਾਲ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੱਗੀ ਨਜ਼ਰ ਦਿੱਲੀ ਮਾਡਲ ਦੀਆਂ ਮਿਰਚਾਂ ਨਾਲ ਉਤਾਰ ਕੇ ਇਸ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।
ਭਗਵੰਤ ਮਾਨ ਨੇ ਅੰਕੜਿਆਂ ਦੇ ਹਵਾਲੇ ਨਾਲ ਦੋਹਾਂ ਰਾਜਾਂ ਦੇ ਹਸਪਤਾਲਾਂ ਅਤੇ ਸਕੂਲਾਂ ਵਿੱਚਲੀ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਹਾਲਤ ਬੜੀ ਪਤਲੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਸਕੂਲਾਂ ਦੀ ਗਿਣਤੀ 19000 ਹਜ਼ਾਰ ਤੋਂ ਵੱਧ ਹੈ ਜਦਕਿ ਇਨ੍ਹਾਂ ਵਿੱਚ 23 ਲੱਖ ਬੱਚੇ ਪੜਦੇ ਹਨ। ਇਸ ਦੇ ਉਲਟ ਦਿੱਲੀ ਦੇ 18000 ਸਕੂਲਾਂ ਵਿੱਚ ਪੜਦੇ ਬੱਚਿਆਂ ਦਾ ਗਿਣਤੀ ਸਿਰਫ 11 ਲੱਖ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਗਵੰਤ ਮਾਨ ਦੀ ਦਿੱਲੀ ਫੇਰੀ ਦੀ ਕੀਤੀ ਜਾ ਰਹੀ ਅਲੋਚਨਾ ਦੀ ਅਸਿੱਧੇ ਤੌਰ ‘ਤੇ ਜਵਾਬ ਦਿੰਦਿਆਂ ਕਿਹਾ ਕਿ ਬਿਲਡਿੰਗ ਨੂੰ ਰੰਗ ਰੋਗਨ ਕਰਕੇ ਚਮਕਾਉਣ ਨਾਲ ਸਮਾਰਟ ਸਕੂਲ ਨਹੀਂ ਬਣ ਜਾਂਦੇ।
ਹਸਪਤਾਲਾਂ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਹਸਪਤਾਲਾਂ ਦੀਆਂ ਐਮਆਰਆਈ ਮਸ਼ੀਨਾੰ ਵਿੱਚ ਪੰਛੀਆਂ ਨੇ ਆਲਣੇ ਪਾ ਰੱਖੇ ਹਨ ਜਦਕਿ ਦਿੱਲੀ ਦੇ ਹਸਪਤਾਲਾਂ ਦੇ ਜਨਰਲ ਵਾਰਡਾਂ ਵਿੱਚ ਆਈਸੀਯੂ ਬਰਾਬਰ ਸਹੂਲਤਾਂ ਹਨ। ਉਨ੍ਹਾਂ ਨੇ ਪੰਜਾਬ ਦੀ ਤਸਵੀਰ ਬਦਲਣ ਦਾਅਵਾ ਕਰਦਿਆਂ ਕਿਹਾ ਕਿ ਵਿਦੇਸ਼ ਵੱਸਦੇ ਪੰਜਾਬੀ ਪੰਜਾਬ ਦੇ ਪਿੰਡਾਂ , ਸਕੂਲਾਂ ਅਤੇ ਹਸਪਤਾਲਾਂ ਨੂੰ ਅਡਾਪਟ ਕਰਨ ਦੀ ਪੇਸ਼ਕਸ਼ ਕਰਨ ਲੱਗੇ ਹਨ।
ਉਨ੍ਹਾਂ ਨੇ ਦਿੱਲੀ ਫੇਰੀ ਬਾਰੇ ਕਿਹਾ ਕਿ ਦੋਹਾਂ ਸੂਬਿਆਂ ਦੌਰਾਨ ਐਗਰੀਮੈਂਟ ਆਫ ਨਾਲਿਜ਼ ਹੋਇਆ ਹੈ। ਇਸ ਸਮਝੋਤੇ ਤਹਿਤ ਦੋਵੇਂ ਸੂਬੇ ਕਾਰਗੁਜਾਰੀ ਬੇਹਤਰ ਬਣਾਉਣ ਲਈ ਇੱਕ ਦੂਜੇ ਦੇ ਤਜਰਬਿਆਂ ਦਾ ਲਾਹਾ ਲੈਣਗੇ। ਉਨ੍ਹਾਂ ਨੇ ਪੁਰਾਣੀਆਂ ਸਰਕਾਰਾਂ ‘ਤੇ ਵਿਅੰਗ ਕਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦਾ ਸੁਫਨਾ ਨਹੀਂ ਦੇਖ ਰਹੀ ਹੈ। ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਜਿਹਦੇ ਵਿੱਚ ਮੁੜ ਮੇਲੇ ਲੱਗਣਗੇ ,ਢੋਲ ‘ਤੇ ਡਗੇ ਵੱਜਣਗੇ। ਉਨ੍ਹਾਂ ਨੇ ਸੰਖੇਪ ਵਿੱਚ ਪੰਜਾਬ ਦੀ ਕਿਸਾਨੀ ਅਤੇ ਧਰਤੀ ਹੇਠਲੇ ਪਾਣੀ ਦੇ ਘੱਟਣ ‘ਤੇ ਫਿਕਰਮੰਦੀ ਵੀ ਜਾਹਿਰ ਕੀਤੀ ਹੈ। ਪ੍ਰੈਸ ਕਾਨਫੰਰਸ ਦੇ ਸ਼ੁਰੂ ਵਿੱਚ ਅਰਵਿੰਦ ਕੇਜਰੀਵਾਲ ਨੇ ਐਗਰੀਮੈਂਟ ਆਫ ਨਾਲਿਜ ਬਾਰੇ ਜਾਣਕਾਰੀ ਦਿੱਤੀ।