ਅੰਮ੍ਰਿਤਸਰ : SGPC ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਖ਼ਤਮ ਹੋ ਚੁੱਕੀ ਹੈ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਗਰੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੀਟਿੰਗ ਵਿੱਚ ਬੇਅਦਬੀ ਦੇ ਮੁੱਦੇ ਦੇ ਨਾਲ ਨਾਲ ਹੋਰ ਕਈ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ ਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 5 ਮੂਲ ਮੰਤਰ ਦੇ ਪਾਠ ਕਰ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਐਡਵੋਕੇਟ ਧਾਮੀ ਨੇ ਦੱਸਿਆ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਬੇਅਦਬੀ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਇਹਨਾਂ ਮਾੜੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ।ਇਸ ਤੋਂ ਇਲਾਵਾ ਦਿੱਲੀ ਜੰਤਰ ਮੰਤਰ ਧਰਨੇ ‘ਤੇ ਬੈਠੀਆਂ ਪਹਿਲਵਾਨ ਕੁੜੀਆਂ ਨੂੰ ਵੀ ਸਮਰਥਨ ਦੇਣ ਦਾ ਐਲਾਨ ਉਹਨਾਂ ਕੀਤਾ ਹੈ ਤੇ ਕਿਹਾ ਹੈ ਕਿ ਐਸਜਾਪੀਸੀ ਦਾ ਵਫ਼ਦ ਉਹਨਾਂ ਕੋਲ ਜਾਵੇਗਾ।
ਧਾਮੀ ਨੇ ਸੋਸ਼ਲ ਮੀਡੀਆ ‘ਤੇ ਸਿੱਖੀ ਇਤਿਹਾਸ ਤੇ ਸਰੂਪ ਨੂੰ ਢਾਹ ਲਾਉਣ ਵਾਲਿਆਂ ਪ੍ਰਤੀ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਨਾ ਹੋਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਸਖ਼ਤ ਨਿੰਦਾ ਕੀਤੀ ਹੈ।
ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਸ਼ੂਕਾ ਸਥਿਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰੂਘਰਾਂ ਵਿੱਚ ਮੌਜੂਦਾ ਸਰਕਾਰ ਵੱਲੋਂ ਕੀਤੇ ਕਬਜਿਆਂ ਸੰਬੰਧੀ ਬਣਾਈ ਗਈ ਕਮੇਟੀ ਨੇ ਆਪਣੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਡਾਂਗਮਾਰ ਵਿਖੇ ਸਥਿਤ ਗੁਰੂਘਰ ਸੰਬੰਧੀ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਤੇ ਨਿਰਦੇਸ਼ ਜਾਰੀ ਕੀਤੇ ਹਨ ਕਿ ਦੋਨੋਂ ਧਿਰਾਂ ਬੈਠ ਕੇ ਆਪਣਾ ਮਸਲਾ ਨਬੇੜ ਲੈਣ। ਇਸ ਤੋਂ ਇਲਾਵਾ ਧਾਮੀ ਨੇ ਇਹ ਵੀ ਕਿਹਾ ਹੈ ਕਿ ਇਸ ਸੰਬੰਦੀ ਬੋਧ ਗੁਰੂ ਦਲਾਈਲਾਮਾ ਨਾਲ ਵੀ ਸੰਪਰਕ ਕੀਤਾ ਜਾਵੇਗਾ।
ਦਰਬਾਰ ਸਾਹਿਬ ਤੇ ਹੋਰ ਗੁਰੂਘਰਾਂ ਵਿੱਚ ਸਕੱਤਰਾਂ ਦੀਆਂ ਖਾਸ ਤੌਰ ‘ਤੇ ਡਿਊਟੀਆਂ ਲਾਏ ਜਾਣ ਦੀ ਉਹਨਾਂ ਗੱਲ ਕੀਤੀ ਹੈ ਤ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਸਰਕਾਰਾਂ ਦੀ ਅਸਫ਼ਲਤਾ ਹੈ ਤੇ ਇਸ ਸੰਬੰਧੀ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ।
ਸਵਾਲਾਂ ਦੇ ਜਵਾਬ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸੰਬੰਧੀ ਵਿਵਾਦ ਬਾਰੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਇਸ ਤਰਾਂ ਦਾ ਕੋਈ ਰੌਲਾ ਨਹੀਂ ਹੈ।
ਬੰਦੀ ਸਿੰਘਾਂ ਸੰਬੰਧੀ ਰਾਜਪਾਲ ਨੂੰ ਦਿੱਤੇ ਜਾਣ ਵਾਲੇ ਪ੍ਰੋਫੋਰਮੇ ਸੰਬੰਧੀ ਉਹਨਾਂ ਦੱਸਿਆ ਕਿ ਕੁਝ ਕਾਰਨਾਂ ਕਰਕੇ ਇਹ ਪ੍ਰੋਗਰਾਮ 2 ਵਾਰ ਰੱਦ ਹੋਇਆ ਹੈ ਪਰ ਹੁਣ ਨਵੀਂ ਤਰੀਕ ਦੀ ਉਡੀਕ ਕੀਤੀ ਜਾ ਰਹੀ ਹੈ ਤੇ ਐਸਜੀਪੀਸੀ ਹੁਣ ਇਸ ਮਾਮਲੇ ਵਿੱਚ ਰਾਸ਼ਟਰਪਤੀ ਤੱਕ ਵੀ ਪਹੁੰਚ ਕਰੇਗੀ।
ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਬਾਰੇ ਵੀ ਧਾਮੀ ਨੇ ਕਿਹਾ ਹੈ ਕਿ ਪੁਲਿਸ ਕੋਲ ਜਾ ਕੇ ਹੁਣ ਤੱਕ ਦੀ ਕੀਤੀ ਗਈ ਤਫ਼ਤੀਸ਼ ਬਾਰੇ ਜਾਣਕਾਰੀ ਲਈ ਜਾਵੇਗੀ।
ਗੁਰੂਘਰਾਂ ਵਿੱਚ ਸੁਰੱਖਿਆ ਸੰਬੰਧੀ ਸਕੈਨਰ ਤੇ ਹੋਰ ਯੰਤਰ ਵੀ ਉਹਨਾਂ ਲਾਏ ਜਾਣ ਦੀ ਗੱਲ ਕੀਤੀ ਹੈ ਤੇ ਕਿਹਾ ਹੈ ਕਿ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇਗਾ ਕਿ ਮਰਿਆਦਾ ਦੀ ਉਲੰਘਣਾ ਨਾ ਹੋਵੇ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੰਗਣੀ ਵਿੱਚ ਜਾਣ ਸੰਬੰਧੀ ਉਠੇ ਵਿਵਾਦ ਸੰਬੰਧੀ ਪ੍ਰਧਾਨ ਧਾਮੀ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਇੱਹ ਗੱਲ ਜ਼ਰੂਰ ਕਹੀ ਕਿ ਇੱਕ ਕਮੇਟੀ ਜ਼ਰੂਰ ਬਣਾਈ ਜਾਵੇਗੀ,ਜੋ ਕਿ ਇਹ ਨਿਰਧਾਰਤ ਕਰੇਗੀ ਕਿ ਸਮਾਜ ਵਿੱਚ ਵਿਚਰਦੇ ਹੋਏ ਸਿੰਘ ਸਾਹਿਬ ਦੀ ਕੀ ਮਰਿਆਦਾ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਨਿਯੁਕਤੀ ਤੇ ਸੇਵਾ ਮੁਕਤੀ ਸੰਬੰਧੀ ਵੀ ਪ੍ਰੌਫੋਰਮਾ ਤਿਆਰ ਕਰੇਗੀ,ਜਿਸ ਤੇ ਐਕਟ ਦੇ ਅਨੁਸਾਰ ਅਮਲ ਕੀਤਾ ਜਾਵੇਗਾ।