‘ਦ ਖ਼ਾਲਸ ਬਿਊਰੋ:- ਅਫ਼ਗਾਨਿਸਤਾਨ ਵਿੱਚ ਪਿਛਲੇ ਕੁੱਝ ਸਮੇਂ ਦੌਰਾਨ ਸਿੱਖ ਗੁਰਧਾਮਾਂ ਤੇ ਸਿੱਖ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਨ ਉੱਥੇ ਰਹਿ ਰਹੇ ਸਿੱਖ ਪਰਿਵਾਰ ਡਰੇ ਹੋਏ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਫ਼ਗਾਨਿਸਤਾਨ ‘ਚ ਸੰਕਟ ਵਿੱਚ ਘਿਰੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ 12 ਤੇ 17 ਅਗਸਤ ਨੂੰ ਦੋ ਵਿਸ਼ੇਸ਼ ਹਵਾਈ ਉਡਾਣਾਂ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕੁੱਝ ਸਿੱਖਾਂ ਨੂੰ ਭਾਰਤ ਲਿਆਂਦਾ ਗਿਆ ਸੀ। ਜਾਣਕਾਰੀ ਮੁਤਾਬਿਕ ਇਹ ਸਿੱਖ ਅੱਤਵਾਦੀ ਗਤੀਵਿਧੀਆਂ ਕਾਰਨ ਅਫ਼ਗਾਨਿਸਤਾਨ ਨੂੰ ਛੱਡਣਾ ਚਾਹੁੰਦੇ ਹਨ।
ਭਾਰਤ ਸਰਕਾਰ ਦੀ ਪ੍ਰਵਾਨਗੀ ਨਾਲ ਦੋ ਵਿਸ਼ੇਸ਼ ਭਾਰਤੀ ਹਵਾਈ ਜਹਾਜ਼ ਉੱਥੋਂ ਅਫਗਾਨੀ ਸਿੱਖਾਂ ਨੂੰ ਦਿੱਲੀ ਲੈ ਕੇ ਆਉਣਗੇ। 12 ਅਗਸਤ ਨੂੰ ਪਹਿਲੀ ਵਿਸ਼ੇਸ਼ ਉਡਾਣ ਰਾਹੀਂ ਕਾਬੁਲ ਤੋਂ 165 ਸਿੱਖ ਵਿਅਕਤੀ ਦਿੱਲੀ ਪੁੱਜਣਗੇ। 17 ਅਗਸਤ ਨੂੰ ਇੱਕ ਹੋਰ ਵਿਸ਼ੇਸ਼ ਉਡਾਣ ਰਾਹੀਂ ਹੋਰ ਅਫ਼ਗਾਨੀ ਸਿੱਖਾਂ ਨੂੰ ਵੀ ਦਿੱਲੀ ਲਿਆਂਦਾ ਜਾਵੇਗਾ।
ਕੁੱਝ ਦਿਨ ਪਹਿਲਾਂ 12 ਸਿੱਖ ਪਰਿਵਾਰ ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਸਨ। ਇਨ੍ਹਾਂ ਦੀ ਸਾਂਭ-ਸੰਭਾਲ ਦਾ ਪ੍ਰਬੰਧ ਦਿੱਲੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਅਫ਼ਗਾਨਿਸਤਾਨ ਤੋਂ ਸਿੱਖਾਂ ਨੂੰ ਲਿਆਉਣ ਦਾ ਬਾਕੀ ਪ੍ਰਬੰਧ ਵੀ ਦਿੱਲੀ ਕਮੇਟੀ ਕਰ ਰਹੀ ਹੈ। ਦਿੱਲੀ ਵਿੱਚ 30 ਤੋਂ 40 ਹਜ਼ਾਰ ਦੀ ਗਿਣਤੀ ਵਿੱਚ ਪਹਿਲਾਂ ਹੀ ਅਫਗਾਨੀ ਸਿੱਖ ਕਈ ਵਰ੍ਹਿਆਂ ਤੋਂ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਵਧੇਰੇ ਸਿੱਖ ਭਾਰਤੀ ਨਾਗਰਿਕਤਾ ਪ੍ਰਾਪਤ ਕਰ ਚੁੱਕੇ ਹਨ।