ਮੁਹਾਲੀ : ਸ਼ਹਿਰ ਦੇ 6 ਫੇਸ ਸਿਵਲ ਹਸਪਤਾਲ ‘ਚ ਭੁੱਖ ਹੜਤਾਲ ‘ਤੇ ਬੈਠੇ 108 ਐਮਬੂਲੈਂਸ ਵਰਕਰ ਯੂਨੀਅਨ ਦੀ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਅਤੇ ਸਿਹਤ ਭਲਾਈ ਵਿਭਾਗ ਦੇ ਡਾਇਰੈਕਟਰ ਅਨਿਲ ਗੋਇਲ ਦੇ ਨਾਲ ਪੰਜਾਬ ਭਵਨ ‘ਚ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦਾ ਸੱਦਾ ਯੂਨੀਅਨ ਨੂੰ ਮਰਨ ਵਰਤ ਤੋੜਨ ਵੇਲੇ ਦਿੱਤਾ ਗਿਆ ਸੀ ਜੋ ਅੱਜ ਪੂਰਾ ਹੋਇਆ | ਪਰ ਯੂਨੀਅਨ ਦਾ ਕਹਿਣਾ ਕਿ ਧਰਨਾ ਅਤੇ ਭੁੱਖ ਹੜਤਾਲ ਅਜੇ ਵੀ ਸਿਵਲ ਹਸਪਤਾਲ ‘ਚ ਜਿਉਂ ਦਾ ਤਿਉਂ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਨੂੰ ਲਿਖਤੀ ਰੂਪ ‘ਚ ਪ੍ਰਵਾਨ ਨਹੀਂ ਕਰ ਲਿਆ ਜਾਂਦਾ | ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਨਾਲ ਮੀਟਿੰਗ ਤੋਂ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ |
ਕਿਉਂਕਿ ਸਿਹਤ ਮੰਤਰੀ ਨੇ ਦੋ ਦਿਨਾਂ ਅੰਦਰ ਤਨਖਾਹ ‘ਚ ਵਾਧਾ ਦਾ ਲਿਖਤੀ ਭਰੋਸਾ ਦੇਣ ਦੀ ਗੱਲ ਅੱਜ ਮੀਟਿੰਗ ‘ਚ ਕੀਤੀ ਤੇ ਨਾਲ ਹੀ ਬੰਬੇ ਦੀ ਕੰਪਨੀ ਖਿਲਾਫ਼ ਜਾਂਚ ਵੀ ਸ਼ੁਰੂ ਕਰਵਾ ਦਿੱਤੀ ਹੈ ਅਤੇ ਕੰਪਨੀ ਨੂੰ 2 ਦਿਨਾਂ ‘ਚ ਰਿਪੋਰਟ ਦੇ ਲਈ ਵੀ ਕਹਿ ਦਿੱਤਾ ਹੈ | ਅਮਨਦੀਪ ਨੇ ਦੱਸਿਆ ਕਿ 31 ਜਨਵਰੀ ਤੱਕ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੰਪਨੀ ਖਿਲਾਫ਼ ਪੱਕੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ | ਸਿਹਤ ਮੰਤਰੀ ਨੇ ਕੰਪਨੀ ਦੇ CEO ਅਤੇ HR ਨਾਲ ਵੀ ਵੱਖਰੀ ਮੀਟਿੰਗ ਕੀਤੀ |