Punjab

ਪਿੰਡ ਖਟਕੜ ਕਲਾਂ ਵਿੱਖੇ ਸਹੁੰ-ਚੁੱਕ ਸਮਾਗਮ ਦੀਆਂ ਤਿਆਰੀਆਂ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮਾ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਭਗਵੰਤ ਸਿੰਘ ਮਾਨ ਅੱਜ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ “ਸੂਰਜ ਦੀ ਸੁਨਿਹਰੀ ਕਿਰਨ ਅੱਜ ਇੱਕ ਨਵੀਂ ਸਵੇਰ ਲੈ ਕੇ ਆਈ ਹੈ। ਅੱਜ ਪੂਰਾ ਪੰਜਾਬ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸਹੁੰ ਚੁੱਕੇਗਾ। ਸ਼ਹੀਦ ਭਗਤ ਸਿੰਘ ਜੀ ਦੀ ਸੋਚ ‘ਤੇ ਪਹਿਰਾ ਦੇਣ ਲਈ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋ ਰਿਹਾ ਹਾਂ” । ਭਗਵੰਤ ਮਾਨ ਕਰੀਬ ਕਰੀਬ 12:30 ਵਜੇ ਮੁੱਖ ਮੰਤਰੀ ਵੱਜੋਂ ਹਲਫ਼ ਲੈਣਗੇ। ਇਸ ਪ੍ਰੋਗਰਾਮ ਵਿੱਚ ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣਗੇ। ਭਗਵੰਤ ਮਾਨ, ਕੇਜਰੀਵਾਲ ਦੇ ਨਾਲ ਹੀ ਮੁਹਾਲੀ ਤੋਂ ਕਰੀਬ 10 ਵਜੇ ਰਵਾਨਾ ਹੋਣਗੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਹੁੰ ਚੁਕਾਉਣ ਲਈ ਪਿੰਡ ਖਟਕੜ ਕਲਾਂ ਪਹੁੰਚਣਗੇ।

ਇਸ ਮੌਕੇ ਭਗਤ ਸਿੰਘ ਦਾ ਜੱਦੀ ਪਿੰਡ ਬਸੰਤੀ ਰੰਗ ਚ ਰੰਗਿਆ ਗਿਆ ਹੈ। ਸਹੁੰ ਚੁੱਕ ਸਮਾਗਮ ਲਈ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। 6 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਹੁੰ ਚੁੱਕ ਸਮਾਗਮ ਕਾਰਨ ਭਾਰੀ ਇਕੱਠ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ 16 ਮਾਰਚ ਨੂੰ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।

ਆਪ  ਵੱਲੋਂ ਪੰਜਾਬ ਵਿੱਚ ਹੂੰਝਾ ਫ਼ੇਰ ਜਿੱਤ ਪ੍ਰਾਪਤ ਕਰਨ ਮਗਰੋਂ ਸ਼ਹੀਦੇ-ਆਜ਼ਮ ਸ.ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਖੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਬੜੇ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ।ਇਸ ਦੌਰਾਨ ਸੁਰੱਖਿਆ ਲਈ ਜਿਥੇ ਪੰਜਾਬ ਪੁਲਿਸ ਪੱਬਾਂ ਭਾਰ ਹੈ,ਉਥੇ ਹੋਰ ਸੁਰੱਖਿਆ ਬਲਾਂ ਦੀ ਵੀ ਮਦਦ ਲਈ ਜਾ ਰਹੀ ਹੈ। ਸਹੁੰ ਚੁੱਕ ਸਮਾਗਮ ਦੌਰਾਨ ਆਉਣ ਵਾਲੇ ਲੋਕਾਂ ਦੇ ਬੈਠਣ ਲਈ ਵੱਡੇ ਪੰਡਾਲ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ।