India Punjab

ਮੋਦੀ ਦੀ ਪੰਜਾਬ ਫੇਰੀ ‘ਤੇ ਕਿਸਾਨਾਂ ਦੇ ਵੱਡੇ ਐਕਸ਼ਨ ਦੀ ਤਿਆਰੀ

‘ਦ ਖ਼ਾਲਸ ਬਿਊਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਗਠਜੋੜ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ 14 ਫਰਵਰੀ ਨੂੰ ਪੰਜਾਬ ਆ ਰਹੇ ਹਨ। ਪ੍ਰਧਾਨ ਮੰਤਰੀ ਜਲੰਧਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪਰ ਕਿਸਾਨਾਂ ਵੱਲੋਂ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ 14 ਫਰਵਰੀ ਪਿੰਡ ਪੱਧਰ ‘ਤੇ ਮੋਦੀ ਦੇ ਪੁਤਲੇ ਫੂਕਣ ਅਤੇ 16 ਫਰਵਰੀ ਨੂੰ ਜਿਲ੍ਹਾ ਪੱਧਰ ‘ਤੇ ਡੀ.ਸੀ. ਦਫਤਰ ਅੱਗੇ ਪੁਤਲੇ ਫੂ ਕਣ ਦਾ ਐਲਾਨ ਕੀਤਾ ਹੈ।

ਕਿਸਾਨਾਂ ਨੇ ਸਰਕਾਰ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ਦਿੱਲੀਉਂ ਉੱਠ ਕੇ ਆਉਣ ਦਾ ਮਤਲਬ ਇਹ ਨਹੀਂ ਕਿ ਕਿਸਾਨ ਮੋਰਚਾ ਖ਼ਤਮ ਹੋ ਗਿਆ। ਕਿਸਾਨ ਮੋਰਚੇ ਨੇ ਇੱਕ ਪੜਾਅ ਪੂਰਾ ਕੀਤਾ। ਸਰਕਾਰ ਦੀ ਨੀਤ ਬਦਨੀਤ ਹੈ ਅਤੇ ਉਹ ਆਪਣੇ ਵਾਅਦੇ ਪੂਰੇ ਨਹੀਂ ਕਰ ਰਹੀ।

ਪਿਛਲੀ ਵਾਰ ਮੋਦੀ ਬਹਾਨਾ ਬਣਾ ਕੇ ਪੰਜਾਬ ਤੋਂ ਵਾਪਸ ਮੁੜ ਗਿਆ ਸੀ ਜਦਕਿ ਉਦੋਂ ਇੱਦਾਂ ਦੀ ਕੋਈ ਗੱਲ ਨਹੀਂ ਸੀ। ਹੁਣ ਵਿਧਾਨ ਸਭਾ ਚੋਣਾਂ ਵਿੱਚ ਉਹ ਦੁਬਾਰਾ ਆ ਰਿਹਾ ਹੈ। ਉਹ ਦੁਬਾਰਾ ਭਾਜਪਾ ਨੂੰ ਖੜਾ ਕਰਨ ਦੇ ਜੁਗਾੜ ਵਿੱਚ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆ ਮੰਗਾਂ ਨੂੰ ਦਰਕਿਨਾਰ ਕਰਕੇ ਝੂਠ ਬੋਲ ਕਿ ਮੋਰਚਾ ਚੁਕਵਾਇਆ ਗਿਆ ਸੀ ਅਤੇ ਲਾਖੀਮਪੁਰ ਖੀਰੀ ਦੇ ਦੋਸ਼ੀ ਮੰਤਰੀ ਦੇ ਮੁੰਡੇ ਨੂੰ ਜਮਾਨਤ ਦੇਣ ਵਿੱਚ ਸਹਿਯੋਗ ਦਿੱਤਾ ਗਿਆ ਅਤੇ ਕਿਸਾਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਦੀ ਇਸ ਤੋਂ ਪਹਿਲਾਂ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿੱਚ ਰੈਲੀ ਰੱਖੀ ਗਈ ਸੀ ਜਿਹੜੀ ਕਿ ਸੁਰੱਖਿਆ ਕਾਰਨਾਂ ਕਰਕੇ ਰੱਦ ਕਰਨੀ ਪੈ ਗਈ ਸੀ ਅਤੇ ਉਹ ਬਠਿੰਡਾ ਤੋਂ ਮੋਗਾ ਦੇ ਰਸਤੇ ਵਿੱਚੋਂ ਵਾਪਸ ਪਰਤ ਆਏ ਸਨ। ਉਨ੍ਹਾਂ ਨੇ ਬਠਿੰਡਾ ਹਵਾਈ ਅੱਡੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਲਾਇਆ ਸੁਨੇਹਾ ਕਿ ਆਪਣੇ ਸੀਐੱਮ ਨੂੰ ਕਹਿ ਦਿਉ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ, ਹਾਲੇ ਵੀ ਕਾਫ਼ੀ ਚਰਚਾ ਵਿੱਚ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਤਾਹੀ ਆਪਣੇ ਸਿਰ ਲੈਣ ਦੇ ਦੋਸ਼ਾਂ ਸਾਹਮਣੇ ਹਿੱਕ ਡਾਹ ਕੇ ਖੜ ਗਏ ਹਨ। ਸੁਰੱਖਿਆ ਵਿੱਚ ਉਕਾਈ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੈ ਅਤੇ ਉੱਚ ਅਦਾਲਤ ਵੱਲੋਂ ਇੱਕ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ।