ਬਿਊਰੋ ਰਿਪੋਰਟ (ਤਰਨ ਤਾਰਨ, 6 ਨਵੰਬਰ 2025): ਤਰਨ ਤਾਰਨ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖ਼ਿਲਾਫ਼ ਗਲਤ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਤੋਂ ਹੀ ਰਾਜਾ ਵੜਿੰਗ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਹਨ। ਇਸ ਦੌਰਾਨ ਕਾਂਗਰਸ ਨੇ ਵੀ ਹੁਣ ਰਾਜਾ ਵੜਿੰਗ ਦੇ ਬਚਾਅ ਲਈ ਆਪਣੀ ਪੂਰੀ ਫੌਜ ਮੈਦਾਨ ਵਿੱਚ ਉਤਾਰ ਦਿੱਤੀ ਹੈ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਵਿਧਾਇਕ ਤੱਕ, ਸਾਰੇ ਵੜਿੰਗ ਦਾ ਬਚਾਅ ਕਰਨ ਵਿੱਚ ਲੱਗੇ ਹੋਏ ਹਨ। ਪ੍ਰਤਾਪ ਸਿੰਘ ਬਾਜਵਾ ਵੀਰਵਾਰ ਨੂੰ ਸਾਹਮਣੇ ਆਏ ਅਤੇ ਉਨ੍ਹਾਂ ਕਿਹਾ ਕਿ “ਪ੍ਰਧਾਨ ਜੀ ਨੂੰ ਹੁਣ ਮੁਆਫ਼ ਕਰ ਦਿਓ।” ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਕੋਈ ਅਜਿਹੀ-ਵੈਸੀ ਗੱਲ ਕਹੀ ਹੈ ਤਾਂ ਇਸ ਲਈ ਮਾਫ਼ੀ ਮੰਗ ਲਈ ਹੈ। ਇਸ ਮੁੱਦੇ ਨੂੰ ਲੰਮਾ ਨਹੀਂ ਖਿੱਚਣਾ ਚਾਹੀਦਾ।
ਤਰਨ ਤਾਰਨ ਚੋਣਾਂ ਵਿੱਚ ਵਿਰੋਧੀਆਂ ਨੇ ਬਣਾਇਆ ਮੁੱਦਾ
ਆਮ ਆਦਮੀ ਪਾਰਟੀ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਸ ਮੁੱਦੇ ’ਤੇ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਰਾਜਾ ਵੜਿੰਗ ਨੂੰ ਘੇਰਨ ਵਿੱਚ ਜੁਟੇ ਹੋਏ ਹਨ। ਉਨ੍ਹਾਂ ਇਸ ਮੁੱਦੇ ਨੂੰ ਪੂਰਾ ਸਿਆਸੀ ਮੁੱਦਾ ਬਣਾ ਦਿੱਤਾ ਹੈ। ਪਹਿਲਾਂ ਕਾਂਗਰਸ ਦੇ ਕੁਝ ਚੁਣੇ ਹੋਏ ਨੇਤਾ ਹੀ ਇਸ ਮੁੱਦੇ ’ਤੇ ਸਫ਼ਾਈ ਦੇਣ ਆ ਰਹੇ ਸਨ, ਪਰ ਵੀਰਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਵੀ ਸਾਹਮਣੇ ਆ ਗਏ।
ਪ੍ਰਤਾਪ ਸਿੰਘ ਬਾਜਵਾ ਨੇ ਤਰਨਤਾਰਨ ਵਿੱਚ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਸਪੱਸ਼ਟ ਕਰ ਦਵਾਂ ਕਿ ਕਾਂਗਰਸ ਘੱਟ ਗਿਣਤੀ, ਦਲਿਤ ਭਾਈਚਾਰੇ, ਪੱਛੜੀਆਂ ਸ਼੍ਰੇਣੀਆਂ, ਨੈਸ਼ਨਲਿਸਟ ਤੇ ਸੈਕੂਲਰ ਲੋਕਾਂ ਦੀ ਪਾਰਟੀ ਹੈ। ਇਹ ਸਾਰਿਆਂ ਦੀ ਪਾਰਟੀ ਹੈ।
ਉਨ੍ਹਾਂ ਅੱਗੇ ਕਿਹਾ, “ਜੇਕਰ ਪ੍ਰਧਾਨ ਜੀ ਤੋਂ ਬਾਈ ਚਾਂਸ ਕੋਈ ਗੱਲ ਨਿਕਲ ਗਈ ਹੈ, ਤਾਂ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਹੈ। ਸਾਨੂੰ ਸਾਰਿਆਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ। ਪੰਜਾਬੀ ਤਾਂ ਅਜਿਹੇ ਹਨ ਜਦੋਂ ਕੋਈ ਮੁਆਫ਼ੀ ਮੰਗਦਾ ਹੈ ਜਾਂ ਗ਼ਲਤੀ ਕਬੂਲ ਕਰਦਾ ਹੈ ਤਾਂ ਉਸ ਗ਼ਲਤੀ ਨੂੰ ਕਬੂਲ ਕਰ ਲੈਂਦੇ ਹਨ। ਉਸ ਗੱਲ ਨੂੰ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਸ਼ਬਦਾਂ ਵਿੱਚ ਜੋ ਕਮੀ ਪੇਸ਼ੀ ਹੈ, ਉਨ੍ਹਾਂ ਨੇ ਮੰਨਿਆ ਹੈ ਕਿ ਗ਼ਲਤੀ ਹੋਈ ਹੈ। ਮੁਆਫ਼ੀ ਮੰਗ ਲਈ ਹੈ। ਇਸ ਗੱਲ ਨੂੰ ਲੰਮਾ ਨਹੀਂ ਖਿੱਚਣਾ ਚਾਹੀਦਾ।”
ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਬਿਆਨ
ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜਾਣੇ-ਅਣਜਾਣੇ ਵਿੱਚ ਜੋ ਸ਼ਬਦ ਕਹੇ ਗਏ, ਉਸ ਨਾਲ ਸਮਾਜ ਵਿੱਚ ਰੋਸ ਫੈਲਿਆ। ਇਸ ਸਬੰਧ ਵਿੱਚ ਰਾਜਾ ਵੜਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਰਾਜਾ ਵੜਿੰਗ ਨੇ ਇਸ ਬਿਆਨ ’ਤੇ ਮੁਆਫ਼ੀ ਮੰਗ ਲਈ ਹੈ ਤਾਂ ਸਮਾਜ ਦੇ ਲੋਕਾਂ ਨੂੰ ਇਸ ਮਾਮਲੇ ਨੂੰ ਵਿਰਾਮ ਦੇ ਦੇਣਾ ਚਾਹੀਦਾ ਹੈ ਤਾਂ ਕਿ ਸਮਾਜ ਵਿੱਚ ਆਪਸੀ ਸਦਭਾਵਨਾ ਖ਼ਰਾਬ ਨਾ ਹੋਵੇ।
ਰਾਜਾ ਵੜਿੰਗ ਦੇ ਬਿਆਨ ’ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਤੇ ਐੱਸ.ਸੀ. ਵਿੰਗ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ ਤੇ ਹੋਰ ਨੇਤਾ ਰਾਜਾ ਵੜਿੰਗ ਦੇ ਸ਼ਬਦਾਂ ’ਤੇ ਉਨ੍ਹਾਂ ਨੂੰ ਮਾਫ਼ੀ ਦੇਣ ਦੀ ਵਕਾਲਤ ਕਰ ਚੁੱਕੇ ਹਨ।

