Punjab

ਪ੍ਰਤਾਪ ਬਾਜਵਾ ਨੇ ਹਰਪਾਲ ਸਿੰਘ ਚੀਮਾ ਦਾ ਨਾਂ ਬਦਲਿਆ ! ਵਿੱਤ ਮੰਤਰੀ ਨੇ ਕਿਹਾ ‘ਬਾਜਵਾ ਬੀਜੇਪੀ ਦੇ ਏਜੰਟ!

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਸੋਸ਼ਲ ਮੀਡੀਆ ‘ਤੇ ਵਾਰ ਸ਼ੁਰੂ ਹੋ ਗਈ ਹੈ । ਬਾਜਵਾ ਨੇ ਚੀਮਾ ‘ਤੇ ਤੰਜ ਕੱਸ ਦੇ ਹੋਏ ਕਿਹਾ ਪੰਜਾਬ ਦੇ ਵਿੱਤ ਮੰਤਰਾਲੇ ਦਾ ਨਾਂ ਬਦਲ ਕੇ ਕਰਜ਼ਾ ਚੁੱਕਣ ਵਾਲਾ ਮੰਤਰਾਲਾ ਰੱਖਿਆ ਜਾਵੇ। ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਹਰਪਾਲ ਸਿੰਘ ਚੀਮਾ ਨੂੰ ਵਿੱਤ ਵਿਭਾਗ ਮਿਲਿਆ ਹੈ, ਉਦੋਂ ਤੋਂ ਸੂਬੇ ‘ਤੇ ਕਰਜ਼ੇ ਦਾ ਬੋਝ ਨਾਟਕੀ ਢੰਗ ਨਾਲ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੱਤਾ ‘ਚ ਆਉਣ ਤੋਂ ਪਹਿਲਾਂ ਵਿੱਤੀ ਸਾਲ 2021-22 ਦੇ ਅੰਤ ‘ਚ ਪੰਜਾਬ ‘ਤੇ 2.82 ਲੱਖ ਕਰੋੜ ਰੁਪਏ ਦਾ ਬਕਾਇਆ ਕਰਜ਼ਾ ਸੀ। ਇਸ ਦੌਰਾਨ ਇਸ ਵਿੱਤੀ ਸਾਲ (2024-25) ਦੇ ਅੰਤ ਤੱਕ ਬਕਾਇਆ ਕਰਜ਼ਾ 3.74 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਬਾਜਵਾ ਬੀਜੇਪੀ ਦੇ ਏਜੰਟ

ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ‘ਆਪ’ ਪੰਜਾਬ ਦੇ 45 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ। ਚੀਮਾ ਨੇ ਪ੍ਰਤਾਪ ਬਾਜਵਾ ਨੂੰ ਬੀਜੇਪੀ ਦਾ ਦਾ ਏਜੰਟ ਕਰਾਰ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਬਾਜਵਾ ਕਾਂਗਰਸ ਵਿੱਚ ਰਹਿੰਦਿਆਂ ਭਾਜਪਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਖੁਦ ਆਪਣੇ ਘਰ ਦੀਆਂ 12 ਪੌੜੀਆਂ ਚੜ੍ਹ ਕੇ ਕਿਸੇ ਵੀ ਸਮੇਂ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੇ ਘਰ ‘ਤੇ ਭਾਜਪਾ ਦਾ ਝੰਡਾ ਪਹਿਲਾਂ ਹੀ ਮੌਜੂਦ ਹੈ। ਚੀਮਾ ਨੇ ਕਿਹਾ ਕਿ ਬਾਜਵਾ ਦੇ ਬਿਆਨ ਤੋਂ ਲੱਗਦਾ ਹੈ ਕਿ ਉਨ੍ਹਾਂ ਦਾ ਸਰੀਰ ਕਾਂਗਰਸ ‘ਚ ਹੈ, ਪਰ ਉਨ੍ਹਾਂ ਦਾ ਦਿਲ ਭਾਜਪਾ ਲਈ ਧੜਕਦਾ ਹੈ। ਉਹ ਕਾਂਗਰਸ ਵਿੱਚ ਭਾਜਪਾ ਦੇ ਇੰਪੈਕਟ ਪਲੇਅਰ ਵਾਂਗ ਹਨ।

ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਅਸੀਂ ਬਾਜਵਾ ਦੇ ਇਸ ਬਿਆਨ ਤੋਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਵਾਵਾਂਗੇ ਅਤੇ ਉਨ੍ਹਾਂ ਨੂੰ ਪ੍ਰਤਾਪ ਸਿੰਘ ਬਾਜਵਾ ਵਰਗੇ ਆਗੂਆਂ ਤੋਂ ਸੁਚੇਤ ਰਹਿਣ ਦੀ ਬੇਨਤੀ ਵੀ ਕਰਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਬੀਜੇਪੀ ਤੋਂ ਘੱਟ ਪ੍ਰਤਾਪ ਬਾਜਵਾ ਵਰਗੇ ਬੀਜੇਪੀ ਦੇ ਏਜੰਟਾਂ ਤੋਂ ਜਿਆਦਾ ਖਤਰਾ ਹੈ, ਜੋ ਕਾਂਗਰਸ ਵਿੱਚ ਰਹਿ ਕੇ ਪਾਰਟੀ ਨੂੰ ਡੁਬੋਣ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ –  ਜੇਪੀ ਨੱਡਾ ਦਾ ਕੱਦ ਹੋਰ ਵਧਿਆ, ਪਾਰਟੀ ਨੇ ਦਿੱਤੀ ਅਹਿਮ ਜ਼ਿੰਮੇਵਾਰੀ