India Punjab

ਦੇਸ਼ ਦੇ ਵੱਡੇ ਚੋਣ ਰਣਨੀਤੀ ਘਾੜੇ ਦੀ ਬਿਹਾਰ ਤੋਂ ਹੋਵੇਗੀ ਸ਼ੁਰੂਆਤ

ਦ ਖ਼ਾਲਸ ਬਿਊਰੋ : ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਦੇਸ਼ ਦੇ ਵੱਡੇ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰ ਦੱਤਾ ਹੈ। ਪਾਰਟੀ ਦੀ ਸ਼ੁਰੂਆਤ ਬਿਹਾਰ ਤੋਂ ਹੋਵੇਗੀ। ਹਾਲਾਂਕਿ, ਨਵੀਂ ਪਾਰਟੀ ਦੇ ਨਾਮ ਦੀ ਹਾਲੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪ੍ਰਸ਼ਾਂਤ ਕਿਸ਼ੋਰ ਨੇ ਇਸ ਸਬੰਧੀ ਇੱਕ ਟਵੀਟ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਸਾਰਥਿਕ ਭਾਗੀਦਾਰ ਬਣਨ ਅਤੇ ਜਨ ਸਮਰਥਕ ਨੀਤੀ ਨੂੰ ਆਕਾਰ ਦੇਣ ਦੀ ਖੋਜ ਦੀ 10 ਸਾਲ ਦੀ ਯਾਤਰਾ ਹੋ ਗਈ ਹੈ। ਹੁਣ ਮੈਂ ਨਵੀਂ ਸ਼ੁਰੂਆਤ ਕਰਾਂਗਾ। ਇਹ ਅਸਲ ਕੰਮ ਕਰਨ, ਲੋਕਾਂ ਤੱਕ ਜਾਣ, ਮੁੱਦਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਜਨ ਸੁਰਾਜ ਦੀ ਰਾਹ ਉੱਤੇ ਜਾਣ ਦਾ ਸਮਾਂ ਹੈ। ਉਨ੍ਹਾਂ ਨੇ ਟਵੀਟ ਦੇ ਅੰਤ ਵਿੱਚ ਲਿਖਿਆ, ‘ਸ਼ੁਰੂਆਤ ਬਿਹਾਰ ਸੇ।’

ਇਸੇ ਦਰਮਿਆਨ ਨਵਜੋਤ ਸਿੰਘ ਸਿੱਧੂ ਦੇ ਟਵੀਟ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਛੇੜ ਦਿੱਤੀ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਪ੍ਰਸ਼ਾਂਤ ਕਿਸ਼ੋਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਹਿਲਾ ਝਟਕਾ ਅੱਧੀ ਲੜਾਈ ਹੈ। ਇੱਕ ਚੰਗੀ ਸ਼ੁਰੂਆਤ ਹਮੇਸ਼ਾ ਇੱਕ ਚੰਗਾ ਅੰਤ ਕਰਦੀ ਹੈ। ਸੰਵਿਧਾਨ ਦੀ ਭਾਵਨਾ ਦਾ ਸਨਮਾਨ ਕਰਨ ਲਈ ਤੁਹਾਡੀਆਂ ਸੁਹਿਰਦ ਕੋਸ਼ਿਸ਼ਾਂ ਹਮੇਸ਼ਾ ਸਭ ਤੋਂ ਉੱਤਮ ਰਹੀਆਂ ਹਨ। ਲੋਕਾਂ ਦੀ ਸ਼ਕਤੀ ਲੋਕਾਂ ਕੋਲ ਕਈ ਗੁਣਾ ਵਾਪਸ ਆਉਣੀ ਚਾਹੀਦੀ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਸਿੱਧੂ ਨੇ ਪੀਕੇ ਨਾਲ ਸੈਲਫ਼ੀ ਸਾਂਝੀ ਕਰਦਿਆਂ ਲਿਖਿਆ ਸੀ ਕਿ ਮੇਰੇ ਪੁਰਾਣੇ ਦੋਸਤ ਪੀਕੇ ਨਾਲ ਇੱਕ ਸ਼ਾਨਦਾਰ ਮੁਲਾਕਾਤ ਹੋਈ ਹੈ। ਪੁਰਾਣੀ ਵਾਈਨ, ਪੁਰਾਣਾ ਸੋਨਾ ਅਤੇ ਪੁਰਾਣੇ ਦੋਸਤ ਅਜੇ ਵੀ ਸਭ ਤੋਂ ਵਧੀਆ ਹਨ।

ਚਰਚਾ ਇਸ ਕਰਕੇ ਵੀ ਛਿੜਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿੱਚ ਰਹਿੰਦੇ ਹੋਏ ਵੀ ਕਾਂਗਰਸੀਆਂ ਤੋਂ ਵੱਖ-ਵੱਖ ਹੀ ਰਹਿੰਦੇ ਹਨ। ਤੇ ਉਸ ਤੋਂ ਵੀ ਵਿਚਾਰਨਯੋਗ ਇਹ ਵੀ ਹੈ ਕਿ ਸਿੱਧੂ ਬਾਗੀ ਜਾਂ ਕੱਢੇ ਹੋਏ ਕਾਂਗਰਸੀਆਂ ਨੂੰ ਲਗਾਤਾਰ ਮਿਲ ਰਹੇ ਹਨ।

ਪ੍ਰਸ਼ਾਂਤ ਕਿਸ਼ੋਰ ਭਾਜਪਾ, ਟੀਐੱਮਸੀ, ਕਾਂਗਰਸ ਸਮੇਤ ਕਈ ਪਾਰਟੀਆਂ ਦੇ ਲਈ ਚੋਣ ਰਣਨੀਤੀਕਾਰ ਦੇ ਤੌਰ ਉੱਤੇ ਕੰਮ ਕਰ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਕਿਸ਼ੋਰ ਵੱਲੋਂ ਇਹ ਐਲਾਨ ਕਾਂਗਰਸ ਦਾ ਆਫ਼ਰ ਮਨ੍ਹਾ ਕਰਨ ਦੇ ਇੱਕ ਹਫ਼ਤੇ ਤੋਂ ਬਾਅਦ ਹੀ ਆਇਆ ਹੈ। ਕਿਆਸਰਾਈਆਂ ਤਾਂ ਇਹ ਚੱਲ ਰਹੀਆਂ ਸਨ ਕਿ ਇਸ ਵਾਰ ਕਾਂਗਰਸ ਅਤੇ ਕਿਸ਼ੋਰ ਸਾਥ ਆਉਣਗੇ। ਪ੍ਰਸ਼ਾਂਤ ਕਿਸ਼ੋਰ ਦੇ ਲਈ ਬਿਹਾਰ ਦੀ ਰਾਜਨੀਤੀ ਦਾ ਅਖਾੜਾ ਵੀ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਉਹ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ ਯੂਨਾਈਟਿਡ ਦੇ ਉਪ ਪ੍ਰਧਾਨ ਰਹਿ ਚੁੱਕੇ ਹਨ।