ਬਿਊਰੋ ਰਿਪੋਰਟ : ਦੇਸ਼ ਦੇ ਸਭ ਤੋਂ ਮੁਸ਼ਕਿਲ ਇਮਤਿਹਾਨ ਵਿੱਚ ਮੁਲਕ ਦੇ ਸਭ ਤੋਂ ਨਾਜ਼ੁਕ ਜ਼ਿਲ੍ਹੇ ਪੁੰਛ ਦੀ ਰਹਿਣ ਵਾਲੀ ਪੰਜਾਬੀ ਕੁੜੀ ਨੇ ਕਮਾਲ ਕਰ ਵਿਖਾਇਆ ਹੈ । ਪ੍ਰਸੰਨਜੀਤ ਕੌਰ ਨੇ UPSC ਦੀ ਪ੍ਰੀਖਿਆ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ। ਇਹ ਰੈਂਕ ਹਾਸਲ ਕਰਕੇ ਉਸ ਨੇ ਸਾਬਿਤ ਕਰ ਦਿੱਤਾ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਜਿੰਨੀ ਮਰਜ਼ੀ ਮੁਸ਼ਕਿਲਾਂ ਆ ਜਾਣ ਮੰਜ਼ਿਲ ਮਿਲ ਹੀ ਜਾਂਦੀ ਹੈ। ਉਸ ਨੇ ਦੱਸਿਆ ਕਿ ਜਦੋਂ ਉਹ UPSC ਦੀ ਤਿਆਰੀ ਕਰ ਰਹੀ ਸੀ ਤਾਂ ਪੁੰਛ ਵਿੱਚ ਇੰਟਰਨੈੱਟ ਵੀ ਨਹੀਂ ਚੱਲ ਦਾ ਸੀ ਅਤੇ ਨਾ ਹੀ ਕੋਚਿੰਗ ਸੈਂਟਰ ਜਿਸ ਨਾਲ ਉਸ ਨੂੰ ਨੋਟਸ ਬਣਾਉਣ ਵਿੱਚ ਕੋਈ ਮਦਦ ਮਿਲਦੀ । ਹਰ ਵੇਲੇ ਦਹਿਸ਼ਤਗਰਦਾਂ ਅਤੇ ਫੌਜ ਦੇ ਸਾਹੇ ਹੇਠ ਪੜਾਈ ਕਰਨੀ ਪੈਂਦੀ ਸੀ। ਘਰ ਦੇ ਬਾਹਰ ਗੋਲੀਆਂ ਦੀਆਂ ਆਵਾਜ਼ਾਂ ਪਰ ਉਸ ਨੇ ਕਦੇ ਹੌਸਲਾ ਨਹੀਂ ਹਾਰਿਆ, ਉਸ ਦੀ ਜ਼ਿੰਦਗੀ ਦਾ ਇੱਕ ਹੀ ਨਿਸ਼ਾਨਾ ਸੀ UPSC ਦੀ ਪ੍ਰੀਖਿਆ ਨੂੰ ਪਾਸ ਕਰਨਾ ਜੋ ਉਸ ਨੇ ਕਰ ਵਿਖਾਈ ਹੈ । ਬਿਨਾਂ ਕੋਚਿੰਗ ਜਿਸ ਤਰ੍ਹਾਂ ਪ੍ਰਸੰਨਜੀਤ ਨੇ 11ਵੀਂ ਰੈਂਕ ਹਾਸਲ ਕੀਤੀ ਹੈ ਉਹ ਕਿਸੇ ਵੱਡੀ ਕਾਮਯਾਬੀ ਤੋਂ ਘੱਟ ਨਹੀਂ ਹੈ।
ਪਰਿਵਾਰ ਨੇ ਮਦਦ ਕੀਤੀ
ਪ੍ਰਸੰਨਜੀਤ ਨੇ ਕਿਹਾ ਇਸ ਮੁਸ਼ਕਿਲ ਸਫਰ ਵਿੱਚ ਜੇਕਰ ਉਹ ਅੱਜ ਕਾਮਯਾਬੀ ਹੋ ਸਕੀ ਹੈ ਤਾਂ ਉਸ ਦੇ ਪਿੱਛੇ ਪਰਿਵਾਰ,ਦੋਸਤਾਂ ਦਾ ਵਿਸ਼ਵਾਸ਼ ਅਤੇ ਸਕੂਲ,ਕਾਲਜ ਦੇ ਅਧਿਆਪਕਾਂ ਅਤੇ ਪ੍ਰੋਫੈਸਰਾਂ ਦੀ ਮਿਹਨਤ ਹੈ । ਪ੍ਰਸੰਨਜੀਤ ਨੇ ਕਿਹਾ ਹਰ ਕਦਮ ‘ਤੇ ਉਨ੍ਹਾਂ ਨੇ ਸਾਥ ਦਿੱਤੀ ਜਿਸ ਦੀ ਵਜ੍ਹਾ ਕਰਕੇ ਉਸ ਨੇ ਆਪਣਾ ਸੁਪਣਾ ਸਕਾਰ ਹੁੰਦੇ ਵੇਖਿਆ ਹੈ। UPSC ਤੋਂ ਪਹਿਲਾਂ ਪ੍ਰਸੰਨਪਜੀਤ ਨੇ JKAS (Jammu and Kashmir Administrative Service) ਦੀ ਪ੍ਰੀਖਿਆ ਵੀ ਪਾਸ ਕੀਤੀ ਸੀ ਪਰ ਉਹ ਸੰਤੁਸ਼ਟ ਨਹੀਂ ਸੀ ।
ਆਪਣੀ ਹਰ ਖੁਸ਼ੀ ਨੂੰ ਭੁੱਲ ਗਈ
ਪ੍ਰਸੰਨਜੀਤ ਨੇ ਦੱਸਿਆ ਕਿ ਉਹ IAS ਅਧਿਕਾਰੀ ਬਣ ਦੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ, ਜਿਸ ਦੇ ਲਈ ਉਸ ਨੇ ਆਪਣੀ ਹਰ ਖੁਸ਼ੀ ਨੂੰ ਭੁੱਲ ਗਈ,ਸਾਰਾ ਫੋਕਸ ਸਿਰਫ ਪੜਾਈ ‘ਤੇ ਹੀ ਲਗਾਇਆ,ਸਿਰਫ਼ ਇਨ੍ਹਾਂ ਹੀ ਨਹੀਂ ਪ੍ਰਸੰਨਜੀਤ ਨੇ ਦੱਸਿਆ ਕਿ ਉਸ ਨੇ ਪਰਿਵਾਰਕ ਸਮਾਗਮਾਂ ਤੋਂ ਵੀ ਦੂਰੀ ਬਣਾ ਲਈ। ਪ੍ਰਸੰਨਜੀਤ ਦੇ ਪਿਤਾ ਨਿਰਮਲ ਸਿੰਘ ਜੰਮੂ-ਕਸ਼ਮੀਰ ਦੇ ਸਿਹਤ ਵਿਭਾਗ ਵਿੱਚ ਫਾਰਮਾਸਿਸਟ ਹਨ। ਪਿਤਾ ਨੇ ਕਿਹਾ ਸਹੂਲਤਾਂ ਦੀ ਅਣਹੋਂਦ ਦੇ ਬਾਵਜ਼ੂਦ ਮੇਰੀ ਧੀ ਨੇ ਨਾ ਸਿਰਫ਼ UPSC ਦਾ ਇਮਤਿਹਾਨ ਕਲੀਅਰ ਕੀਤਾ ਬਲਕਿ 11 ਵੀਂ ਰੈਂਕ ਹਾਸਲ ਕਰਕੇ ਪੂਰੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ।